
ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਇਆ ਹਰਿਆਣਾ ਦੇ ਅੰਬਾਲਾ ਦਾ ਇਕ ਸਿੱਖ ਨੌਜਵਾਨ ਕੁੱਝ ਸਮਾਂ ਹਿਰਾਸਤ ਵਿਚ ਰਿਹਾ ਅਤੇ ਬਾਅਦ ਵਿਚ ਉਸ ਨੂੰ ਅਮਰੀਕਾ ...
ਸਲੇਮ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਇਆ ਹਰਿਆਣਾ ਦੇ ਅੰਬਾਲਾ ਦਾ ਇਕ ਸਿੱਖ ਨੌਜਵਾਨ ਕੁੱਝ ਸਮਾਂ ਹਿਰਾਸਤ ਵਿਚ ਰਿਹਾ ਅਤੇ ਬਾਅਦ ਵਿਚ ਉਸ ਨੂੰ ਅਮਰੀਕਾ ਵਿਚ ਸਿਆਸੀ ਪਨਾਹ ਮਿਲ ਗਈ ਤੇ ਹੁਣ ਉਸ ਨੂੰ 10 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਅਮਰੀਕਾ ਵਿਚ ਹੀ ਨੌਕਰੀ ਮਿਲ ਗਈ ਹੈ। ਅਦਾਲਤ ਵਿਚ ਹੋਈ ਪੇਸ਼ੀ ਦੌਰਾਨ ਇਸ ਸਿੱਖ ਨੇ ਜੱਜ ਨੂੰ ਕਿਹਾ ਕਿ ਭਾਰਤ ਵਿਚ ਉਸ ਦੀ ਜਾਨ ਨੂੰ ਖ਼ਤਰਾ ਹੈ।
ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਲਈ ਉਸ ਨੂੰ ਲਗਭਗ 60 ਦਿਨ ਤਕ ਸੰਘਰਸ਼ ਕਰਨਾ ਪਿਆ ਅਤੇ ਏਜੰਟ ਨੂੰ 40 ਲੱਖ ਰੁਪਏ ਦੇਣੇ ਪਏ। ਇਸ ਸਿੱਖ ਨੌਜਵਾਨ ਦੇ ਮਾਪਿਆਂ ਜਿਨ੍ਹਾਂ ਕੋਲ ਪੰਜ ਏਕੜ ਖੇਤੀਬਾੜੀ ਲਈ ਜ਼ਮੀਨ ਹੈ, ਨੇ ਅਪਣੇ ਪੁੱਤਰ ਨੂੰ ਦਖਣੀ ਮੈਕਸਿਕੋ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਕਰਨ ਲਈ ਇਸ ਸਾਲ ਮਈ ਮਹੀਨੇ ਵਿਚ ਹਰਿਆਣਾ ਦੇ ਇਕ ਏਜੰਟ ਨੂੰ 17 ਲੱਖ ਰੁਪਏ ਦਿਤੇ ਸਨ। ਇੰਨੀ ਵੱਡੀ ਰਕਮ ਲਈ ਉਨ੍ਹਾਂ ਅਪਣੀ ਜਾਇਦਾਦ ਅਤੇ ਖੇਤੀਬਾੜੀ ਲਈ ਜ਼ਮੀਨ 'ਤੇ ਲੋਨ ਲਿਆ ਸੀ।
ਇਸ ਹਫ਼ਤੇ ਹੀ ਭਾਂਡਿਆਂ ਵਾਲੀ ਦੁਕਾਨ 'ਤੇ ਕੰਮ ਮਿਲਣ ਤੋਂ ਬਾਅਦ ਇਸ ਸਿੱਖ ਨੌਜਵਾਨ ਨੇ ਕਿਹਾ ਕਿ ਉਹ ਭਾਰਤ ਤੋਂ ਮੈਕਸਿਕੋ ਆਏ। ਸਿੱਖ ਨੇ ਕਿਹਾ ਕਿ ਉਸ ਦੇ ਸਮੂਹ ਵਿਚ ਹਰਿਆਣਾ ਅਤੇ ਪੰਜਾਬ ਦੇ ਲਗਭਗ ਸੱਤ ਹੋਰ ਮੁੰਡੇ ਸਨ ਅਤੇ ਉਨ੍ਹਾਂ ਨੂੰ ਸਥਾਨਕ ਏਜੰਟਾਂ ਨੇ ਵੱਖ-ਵੱਖ ਰਾਹਾਂ ਰਾਹੀਂ ਟੈਕਸਾਸ ਵਿਚ ਅਮਰੀਕੀ ਸਰਹੱਦ 'ਤੇ ਲਿਆ ਕੇ ਛੱਡ ਦਿਤਾ। ਉਸ ਨੇ ਕਿਹਾ ਕਿ ਮੁੰਡਿਆਂ ਨੇ ਅਪਣੇ ਪਾਸਪੋਰਟ ਅਤੇ ਮੋਬਾਈਲ ਫ਼ੋਨ ਸੁੱਟ ਦਿਤੇ ਤੇ ਪੰਜ ਫ਼ੁੱਟ ਉੱਚੀ ਕੱਧ ਤੋਂ ਛਾਲ ਮਾਰ ਕੇ ਅਪਣੇ ਸੁਪਨਿਆਂ ਦੀ ਧਰਤੀ ਅਮਰੀਕਾ ਵਿਚ ਦਾਖ਼ਲ ਹੋ ਗਏ।
ਇਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ। ਕੁੱਝ ਦਿਨਾਂ ਬਾਅਦ ਇਸ ਸਿੱਖ ਨੂੰ ਅਮਰੀਕੀ ਇੰਮੀਗ੍ਰੇਸ਼ਨ ਅਤੇ ਕਸਟਮ ਇਨਫ਼ੋਰਸਮੈਂਟ ਵਲੋਂ ਚਲਾਏ ਜਾ ਰਹੇ ਹਿਰਾਸਤੀ ਕੇਂਦਰ ਵਿਚ ਭੇਜ ਦਿਤਾ ਗਿਆ ਜਿਥੇ ਉਹ ਲਗਭਗ 22 ਦਿਨ ਜੇਲ ਵਿਚ ਰਿਹਾ। ਉਸ ਨੇ ਕਿਹਾ ਕਿ ਉਸ ਦੇ ਏਜੰਟ ਨੇ ਵਕੀਲ ਕਰਨ ਵਿਚ ਉਸ ਦੀ ਮਦਦ ਕੀਤੀ ਜਿਸ ਨੇ ਉਸ ਤੋਂ ਢਾਈ ਲੱਖ ਰੁਪਏ ਲਏ।
ਸਿੱਖ ਨੇ ਕਿਹਾ ਕਿ ਜੱਜ ਨੇ ਉਸ ਦੀ ਕਹਾਣੀ ਸੁਣਨ ਤੋਂ ਬਾਅਦ ਉਸ ਨੂੰ ਰਿਹਾਅ ਕਰਨ ਲਈ 15 ਲੱਖ ਰੁਪਏ ਦਾ ਬਾਂਡ ਭਰਨ ਲਈ ਕਿਹਾ। ਇਸ ਤੋਂ ਬਾਅਦ ਉਸ ਨੂੰ ਇਕ ਗਰੰਟਰ ਦੀ ਲੋੜ ਸੀ ਜਿਸ ਦਾ ਪ੍ਰਬੰਧ ਵੀ ਉਸ ਦੇ ਏਜੰਟ ਨੇ ਹੀ ਕੀਤਾ ਅਤੇ ਉਸ ਨੇ ਗਰੰਟਰ ਨੂੰ ਪੰਜ ਲੱਖ ਰੁਪਏ ਦਿਤੇ। ਬਾਅਦ ਵਿਚ ਉਸ ਨੂੰ ਸਿਆਨਲ ਜੇਲ 'ਚੋਂ 28 ਜੂਨ ਨੂੰ ਰਿਹਾਅ ਕਰ ਦਿਤਾ ਗਿਆ।
ਹਾਲੇ ਤਕ ਉਸ ਦੀ ਸਿਆਸੀ ਪਨਾਹ ਲੈਣ ਦੀ ਪਟੀਸ਼ਨ ਪ੍ਰਵਾਨ ਨਹੀਂ ਸੀ ਹੋਈ। ਇਸ ਪ੍ਰਕਿਰਿਆ ਵਿਚ ਕਈ ਸਾਲਾਂ ਦਾ ਸਮਾਂ ਲੱਗ ਸਕਦਾ ਹੈ ਅਤੇ ਜੇ ਉਸ ਦੀ ਇਹ ਪਟੀਸ਼ਨ ਰੱਦ ਹੋ ਜਾਂਦੀ ਹੈ ਤਾਂ ਉਸ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਇਸ ਦੌਰਾਨ ਉਸ ਨੂੰ ਅਮਰੀਕਾ ਵਿਚ ਨੌਕਰੀ ਕਰਨ ਦਾ ਕਾਰਡ ਮਿਲ ਗਿਆ ਜੋ ਹਰ ਸਾਲ ਰੀਨਿਊ ਹੋਵੇਗਾ। ਇਸ ਕਾਰਡ ਦੇ ਆਧਾਰ 'ਤੇ ਉਹ ਅਮਰੀਕਾ ਵਿਚ ਨੌਕਰੀ ਕਰ ਸਕਦਾ ਸੀ।
ਸਿਆਟਲ ਵਿਚ ਲਗਭਗ ਦੋ ਹਫ਼ਤੇ ਰਹਿਣ ਤੋਂ ਬਾਅਦ ਇਹ ਸਿੱਖ ਉਰੇਗਨ ਇਕਾਲੇ ਵਿਚ ਆ ਗਿਆ ਜਿਥੇ ਪਿਛਲੇ ਹਫ਼ਤੇ ਉਸ ਨੂੰ ਨੌਕਰੀ ਮਿਲ ਗਈ ਅਤੇ ਉਸ ਨੂੰ ਉਸ ਸਮੇਂ ਤਕ ਤਨਖ਼ਾਹ ਨਕਦ ਹੀ ਦਿਤੀ ਜਾਵੇਗੀ ਜਦ ਤਕ ਉਸ ਕੋਲ ਅਮਰੀਕਾ ਵਿਚ ਕੰਮ ਕਰਨ ਲਈ ਪਰਮਿਟ ਨਹੀਂ ਹੁੰਦਾ।
d(ਪੀ.ਟੀ.ਆਈ.)