
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਤਰਾਖੰਡ ਵਿਖੇ ਉਥੋਂ ਦੀ ਪੁਲਿਸ ਵਲੋਂ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਜਾ .....
ਅੰਮ੍ਰਿਤਸਰ : ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਤਰਾਖੰਡ ਵਿਖੇ ਉਥੋਂ ਦੀ ਪੁਲਿਸ ਵਲੋਂ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੇ ਵਾਹਨਾਂ ਤੋਂ ਝੰਡੇ ਉਤਰਵਾਉਣੇ ਸ਼ੋਭਾ ਨਹੀਂ ਦਿੰਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖ ਸੰਗਤ ਵੀ ਅਪਣੇ ਝੰਡੇ ਅਪਣੇ ਵਾਹਨਾਂ ਅਨੁਸਾਰ ਹੀ ਲਗਾਵੇ ਅਤੇ ਸ਼ਰਧਾ ਨਾਲ ਯਾਤਰਾ ਵਿਚ ਸ਼ਾਮਲ ਹੋਣ ਤਾਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਸੰਗਤ ਸੋਸ਼ਲ ਮੀਡੀਆ ਤੋਂ ਵੀ ਸਾਵਧਾਨ ਰਹੇ ਕਿਉਂਕਿ ਕਈ ਵਾਰ ਕੁੱਝ ਲੋਕ ਭੜਕਾਊ ਖ਼ਬਰਾਂ ਪਾ ਕੇ ਸੰਗਤ ਨੂੰ ਭੁਲੇਖੇ ਵਿਚ ਪਾ ਦਿੰਦੇ ਹਨ ਜਿਵੇਂ ਸੋਸ਼ਲ ਮੀਡੀਆ 'ਤੇ 'ਬੋਲੇ ਸੋ ਨਿਹਾਲ' ਅਤੇ 'ਰਾਜ ਕਰੇਗਾ ਖ਼ਾਲਸਾ' ਸਬੰਧੀ ਕੋਰਟ ਵਲੋਂ ਪਾਬੰਧੀ ਲਗਾਉਣ ਦਾ ਸੁਨੇਹਾ ਪਾਇਆ ਗਿਆ ਜਿਸ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਡਿਊਟੀ ਇਸ ਸਾਰੇ ਘਟਨਾ ਕਰਮ ਸਬੰਧੀ ਘੋਖ ਪੜਤਾਲ ਕਰਨ ਲਈ ਲਗਾਈ ਗਈ ਸੀ। ਉਨਾਂ ਵਲੋਂ ਸਾਰੀ ਘੋਖ ਪੜਤਾਲ ਕਰ ਕੇ ਦਸਿਆ ਗਿਆ ਕੇ ਇਸ ਪੁਰ ਕੋਈ ਪਾਬੰਦੀ ਨਹੀਂ ਲਗੀ ਹੈ।
ਜਥੇਦਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਜੋਧਪੁਰ ਜੇਲ ਦੇ ਕੈਦੀਆਂ ਅਤੇ 1984 ਦੇ ਉਜੜੇ ਲੋਕਾਂ ਨੂੰ ਮੁੜ ਵਸੇਬਾ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਖ਼ਬਰ ਸੋਸ਼ਲ ਮੀਡੀਆ ਪੁਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਸਮੇਂ ਜਾਤੀ ਵਿਤਕਰਾ ਕਰਨ ਦੀ ਪਾਈ ਗਈ ਹੈ, ਗ਼ਲਤ ਹੈ।