
ਅਜਿਹੀ ਹੀ ਇਕ ਕੋਸ਼ਿਸ਼ ਟੀ.ਵੀ.ਰਾਜੇਸ਼ਵਰ ਨੇ ਅਪਣੀ ਕਿਤਾਬ 'ਦ ਕਿਰਿਟੀਕਲ ਯੀਅਰਜ਼' ਵਿਚ ਕੀਤੀ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ 'ਤੇ ਜੂਨ 1984 ਵਿਚ ਹੋਏ ਫ਼ੌਜੀ ਹਮਲੇ ਦੇ 35 ਸਾਲ ਬਾਅਦ ਵੀ ਭਾਰਤੀ ਬਾਬੂਸ਼ਾਹ ਵੱਖ-ਵੱਖ ਭਾਸ਼ਾਵਾਂ ਵਿਚ 20ਵੀਂ ਸਦੀ ਦੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਇਹ ਬਾਬੂਸ਼ਾਹ ਦਰਬਾਰੀ ਲੇਖਕ ਬਣ ਕੇ ਗ਼ੈਰ ਪੰਜਾਬੀਆਂ ਨੂੰ ਸਿੱਖਾਂ ਦਾ ਅਕਸ ਵਿਗਾੜ ਕੇ ਦਿਖਾਉਣ ਵਿਚ ਲੱਗੇ ਹੋਏ ਹਨ। ਸਿੱਖ ਦੁਨੀਆਂ ਭਰ ਵਿਚ ਜਿਥੇ ਕਿਧਰੇ ਵੀ ਮੁਸ਼ਕਲ ਭਰੇ ਹਾਲਾਤ ਪੈਦਾ ਹੋਏ ਤਾਂ ਗੁਰੂ ਦੇ ਦਿਤੇ ਸਿਧਾਂਤ ਸੇਵਾ 'ਤੇ ਪਹਿਰਾ ਦੇ ਕੇ ਲੰਗਰ ਲਗਾ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ ਉਥੇ ਇਹ ਬਾਬੂਸ਼ਾਹ ਹਜ਼ੂਰੀ ਲੇਖਕ ਬਣ ਕੇ ਸਰਕਾਰ ਦੀਆਂ ਨਜ਼ਰਾਂ ਵਿਚ ਖ਼ੁਦ ਨੂੰ ਬੀਬਾ ਦਿਖਾਉਣ ਲਈ ਹਰ ਤਰ੍ਹਾਂ ਦਾ ਯਤਨ ਕਰ ਕੇ ਸਿੱਖ ਅਕਸ ਨੂੰ ਖੋਰਾ ਲਗਾਉਂਦੇ ਹਨ।
1984
ਅਜਿਹੀ ਹੀ ਇਕ ਕੋਸ਼ਿਸ਼ ਆਈ ਬੀ ਦੇ ਸਾਬਕਾ ਡਾਇਰੈਕਟਰ ਟੀ.ਵੀ.ਰਾਜੇਸ਼ਵਰ ਨੇ ਵੀ ਅਪਣੀ ਕਿਤਾਬ 'ਦ ਕਿਰਿਟੀਕਲ ਯੀਅਰਜ਼' ਵਿਚ ਕੀਤੀ ਹੈ। ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ 35 ਸਾਲ ਬੀਤ ਜਾਣ ਦੇ ਬਾਅਦ ਕਈ ਨਵੀਆਂ ਪਰਤਾਂ ਖੁਲ੍ਹ ਕੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਭਾਰਤੀ ਹਕੂਮਤ ਅਤੇ ਭਾਰਤੀ ਲਾਲ ਫ਼ੀਤਾ ਸ਼ਾਹੀ ਵਿਚ ਅਜਿਹੇ ਕੌਣ-ਕੌਣ ਲੋਕ ਸਨ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਲਈ ਅਪਣਾ ਅਪਣਾ ਯੋਗਦਾਨ ਪਾਇਆ। ਸਾਬਕਾ ਅਧਿਕਾਰੀ ਟੀ ਵੀ ਰਾਜੇਸ਼ਵਰ ਦੀ ''ਦ ਕਿਰਿਟੀਕਲ ਯੀਅਰਜ਼'' ਨਾਮਕ ਕਿਤਾਬ ਵਿਚ ਬਾਬੂਸ਼ਾਹ ਨੇ ਦਸਿਆ ਹੈ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੂੰ ਸੁਝਾਅ ਦਿਤਾ ਸੀ ਕਿ ਉਹ ਪੰਜਾਬ ਮਸਲੇ ਦੇ ਹੱਲ ਲਈ ਕੀਤੀ ਜਾ ਰਹੀ ਗੱਲਬਾਤ ਕੇਵਲ ਰਵਾਇਤੀ ਅਕਾਲੀ ਲੀਡਰਸ਼ਿਪ ਨਾਲ ਹੀ ਕਰੇ ਤੇ ਪੰਜਾਬ ਵਿਚ ਚਲ ਰਹੇ ਧਰਮਯੁੱਧ ਮੋਰਚੇ ਦੀ ਅਹਿਮ ਧਿਰ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਨਾਲ ਕਿਸੇ ਕਿਸਮ ਦੀ ਗੱਲਬਾਤ ਨਾ ਕਰੇ।
1984 Darbar Sahib
ਅਪਣੀ ਕਿਤਾਬ ਵਿਚ ਬਾਬੂਸ਼ਾਹ ਟੀ ਵੀ ਰਾਜੇਸ਼ਵਰ ਜੋ ਕਿ 1980 ਤੋਂ 1983 ਤਕ ਆਈ ਬੀ ਦਾ ਡਾਇਰੈਕਟਰ ਰਿਹਾ ਸੀ, ਨੇ ਲਿਖਿਆ ਹੈ ਕਿ ਉਹ ਗਾਂਧੀ ਪ੍ਰਵਾਰ ਤਕ ਸਿੱਧੀ ਪਹੁੰਚ ਰਖਦਾ ਸੀ ਤੇ ਕਈ ਮਹੱਤਵਪੂਰਨ ਮਾਮਲਿਆਂ ਵਿਚ ਉਸ ਦੀ ਸਲਾਹ ਨੂੰ ਵਿਸ਼ੇਸ਼ ਮਹੱਤਵ ਦਿਤਾ ਜਾਂਦਾ ਸੀ। ਜਦ 1982 ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਦੀ ਗ੍ਰਿਫ਼ਤਾਰੀ ਹੋਈ ਤਾਂ ਉਹ ਆਈ ਬੀ ਦਾ ਡਾਇਰੈਕਟਰ ਸੀ। ''ਦ ਕਿਰਿਟੀਕਲ ਯੀਅਰਜ਼'' ਮੁਤਾਬਕ ਦਖਣ ਭਾਰਤ ਦਾ ਇਹ ਅਧਿਕਾਰੀ ਮਹਿਸੂਸ ਕਰਦਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਸੰਤਾਂ ਦੀ ਆਪਸ ਵਿਚ ਨੇੜਤਾ ਹੈ। ਗਿਆਨੀ ਜ਼ੈਲ ਸਿੰਘ ਉਸ ਵੇਲੇ ਤਕ ਭਾਰਤ ਦੇ ਗ੍ਰਹਿ ਮੰਤਰੀ ਬਣ ਚੁੱਕੇ ਸਨ। ਗਿਆਨੀ ਜ਼ੈਲ ਸਿੰਘ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਵਿਚਾਲੇ ਤਕਰਾਰ ਅਤੇ ਰਾਜਨੀਤੀ ਵਿਚ ਇਕ ਦੂਜੇ ਨੂੰ ਠਿੱਬੀ ਲਗਾਉਣ ਦੀ ਕੋਸ਼ਿਸ਼ ਨੇ ਪੰਜਾਬ ਦੇ ਹਾਲਾਤ ਨੂੰ ਵਿਗਾੜਿਆ। ਬਾਬੂਸ਼ਾਹ ਦੀ ਪੰਜਾਬ ਪ੍ਰਤੀ ਨਾਸਮਝੀ ਹੀ ਪੰਜਾਬ ਦੀ ਸਮੱਸਿਆ ਦਾ ਮੁੱਖ ਕਾਰਨ ਬਣੀ।
1984 anti-Sikh riots
''ਦ ਕਿਰਿਟੀਕਲ ਯੀਅਰਜ਼'' ਵਿਚ ਟੀ ਵੀ ਰਾਜੇਸ਼ਵਰ ਲਿਖਦਾ ਹੈ ਕਿ ਉਸ ਨੂੰ ਉਸ ਸਮੇਂ ਦੇ ਸੱਭ ਤੋਂ ਵੱਧ ਪਾਵਰਫੁੱਲ ਵਿਅਕਤੀ ਰਾਜੀਵ ਗਾਂਧੀ ਨੇ ਅਪ੍ਰੈਲ 1984 ਵਿਚ ਪੁਛਿਆ ਸੀ ਕਿ ਪੰਜਾਬ ਮਾਮਲੇ ਦੇ ਹੱਲ ਲਈ ਕੀ ਸਰਕਾਰ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਉਸ ਨੇ ਕਿਹਾ ਕਿ ਸਰਕਾਰ ਨੂੰ ਗੱਲਬਾਤ ਸਿਰਫ਼ ਅਕਾਲੀ ਦਲ ਦੇ ਆਗੂਆਂ ਨਾਲ ਹੀ ਕਰਨੀ ਚਾਹੀਦੀ ਹੈ। ਪੰਜਾਬ ਦੀ ਸਮੱਸਿਆ ਦਾ ਹੱਲ ਸਿਰਫ਼ ਫ਼ੌਜੀ ਕਾਰਵਾਈ ਹੈ ਤੇ ਇਸ ਲਈ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਭਰੋਸੇ ਵਿਚ ਲੈ ਕੇ ਹੀ ਸਰਕਾਰ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ।
1984 anti-Sikh riots
ਆਕਾਦਮਿਕ ਪੱਖੋ ਤਾਂ ''ਦ ਕਿਰਿਟੀਕਲ ਯੀਅਰਜ਼'' ਦਾ ਲੇਖਕ ਬਹੁਤ ਹੀ ਕਾਬਲ ਅਧਿਕਾਰੀ ਕਿਹਾ ਜਾ ਸਕਦਾ ਹੈ ਪਰ ਇਹ ਦਖਣ ਭਾਰਤੀ ਅਧਿਕਾਰੀ ਸਲਾਹ ਦੇਣ ਦੇ ਮਾਮਲੇ ਵਿਚ ਹਮੇਸ਼ਾ ਹੀ ਟਪਲਾ ਖਾ ਜਾਂਦਾ ਰਿਹਾ ਜਿਸ ਪਿੱਛੇ ਮੂਲ ਕਾਰਨ ਮੰਨਿਆ ਜਾਂਦਾ ਹੈ ਕਿ ਉਤਰ ਭਾਰਤੀ ਅਧਿਕਾਰੀਆਂ ਤੇ ਦਖਣ ਭਾਰਤੀ ਅਧਿਕਾਰੀਆਂ ਦੀ ਸੋਚ ਵਿਚ ਭਾਰੀ ਅੰਤਰ ਰਿਹਾ ਹੈ। ਉਸ ਵੇਲੇ ਬਾਬੂਸ਼ਾਹ ਜ਼ਿਆਦਾਤਰ ਦਖਣ ਦੇ ਸਨ ਤੇ ਉਨ੍ਹਾਂ ਦੀ ਕਰੀਬ ਕਰੀਬ ਇਕ ਤਰ੍ਹਾਂ ਦੀ ਹੀ ਰਾਏ ਸੀ। ਇਨ੍ਹਾਂ ਵਿਚ ਮੁੱਖ ਤੌਰ 'ਤੇ ਸਾਬਕਾ ਰਖਿਆ ਮੰਤਰੀ ਆਰ ਵੈਕਟਰਮਨ, ਪ੍ਰਿੰਸੀਪਲ ਸੈਕਟਰੀ ਪੀ ਸੀ ਐਲਗਜ਼ੈਂਡਰ, ਕੈਬਨਿਟ ਸੈਕਟਰੀ ਸੀ ਆਰ ਕਿਸ਼ਨਾ ਮੂਰਤੀ ਆਦਿ ਸਨ ਜੋ ਕਿ ਉਤਰੀ ਖ਼ਿਤੇ ਦੀ ਸੋਚ ਨੂੰ ਸਮਝ ਹੀ ਨਹੀਂ ਸਕੇ।