
ਪ੍ਰਕਰਮਾ ਵਿਚ ਲੱਗੇ ਸੰਗਮਰਮਰ ਦੀ ਧੁੱਪ ਵਿਚ ਪੈਂਦੀ ਲਿਸ਼ਕੋਰ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ : ਡਾ. ਰੂਪ ਸਿੰਘ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਦਿਖ ਨੂੰ ਹੋਰ ਵੀ ਕੁਦਰਤ ਦੇ ਨੇੜੇ ਦਿਖਾਉਣ ਲਈ ਪ੍ਰਕਰਮਾ ਵਿਚ ਲਟਕਦੀਆਂ ਵੇਲਾਂ ਲਗਾਈਆਂ ਜਾ ਰਹੀਆਂ ਹਨ। ਇਹ ਸਾਰਾ ਕੰਮ ਜੁਲਾਈ ਦੇ ਅੰਤ ਤਕ ਖ਼ਤਮ ਕਰ ਲਿਆ ਜਾਵੇਗਾ। ਅੱਜ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾਕਟਰ ਰੂਪ ਸਿੰਘ ਨੇ ਦਸਿਆ ਕਿ ਪ੍ਰਕਰਮਾ ਵਿਚ ਲੱਗੇ ਸੰਗਮਰਮਰ ਦੀ ਧੁੱਪ ਵਿਚ ਪੈਂਦੀ ਲਿਸ਼ਕੋਰ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
Dr. Roop Singh
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਛੱਤਾਂ ਤੇ ਬੂਟੇ ਲਗਾਏ ਗਏ ਸਨ, ਫਿਰ ਪ੍ਰਕਰਮਾ ਵਿਚ ਵੀ ਵੱਡੇ ਗਮਲਿਆਂ ਵਿਚ ਬੂਟੇ ਲਗਾਏ ਗਏ। ਹੁਣ ਫ਼ੈਸਲਾ ਲਿਆ ਗਿਆ ਹੈ ਕਿ ਛੱਤਾਂ ਤੋਂ ਲਟਕਦੀਆਂ ਵੇਲਾਂ ਲਗਾ ਕੇ ਵਾਤਾਵਰਣ ਵਿਚ ਹੋਰ ਵੀ ਹਰਿਆਲੀ ਲਿਆਂਦੀ ਜਾਵੇ। ਉਨ੍ਹਾਂ ਦਸਿਆ ਕਿ ਇਸ ਲਈ ਸਹਾਰਨਪੁਰ ਅਤੇ ਕਲਕੱਤਾ ਤੋਂ ਵੇਲਾਂ ਲਿਆਂਦੀਆਂ ਜਾਣਗੀਆਂ ਜਿਨ੍ਹਾਂ ਦੀ ਮਹਿਕ ਨਾਲ ਵਾਤਾਵਰਣ ਬੇਹਦ ਖ਼ੁਸ਼ਗਵਾਰ ਅਤੇ ਖ਼ੁਸ਼ਬੂਦਾਰ ਹੋਵੇਗਾ। ਇਨ੍ਹਾਂ ਨੂੰ ਦੇਖਣ ਨਾਲ ਇਕ ਸੁਖਦ ਅਹਿਸਾਸ ਹੋਵੇਗਾ। ਇਹ ਸਾਰਾ ਕੁੱਝ ਸੇਵਾ ਵਿਚ ਹੋਵੇਗਾ।
SRI DARBAR SAHIB
ਦਰਬਾਰ ਸਾਹਿਬ ਸਮੇਤ ਬਾਕੀ ਗੁਰਦਵਾਰਾ ਸਾਹਿਬ ਵਿਚ ਵਰਤੇ ਗਏ ਪਾਣੀ ਨੂੰ ਮੁੜ ਧਰਤੀ ਵਿਚ ਭੇਜ ਕੇ ਵਰਤੋਂ ਯੋਗ ਬਣਾਉਣ ਲਈ ਕੀਤੇ ਯਤਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਗੁਰੂ ਕੇ ਬਾਗ਼ ਵਿਚ ਛੇ ਬੋਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਗਿਆਨਕਾਂ ਦੀ ਮੰਨੀ ਜਾਵੇ ਤਾਂ ਅਗਲੇ 30 ਸਾਲ ਤਕ ਪੰਜਾਬ ਰੇਗੀਸਤਾਨ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮੁੜ ਵਰਤੋਂ ਕਰਨ ਨਾਲ ਪੰਜਾਬ ਦੇ ਸਾਰੇ ਲੋਕ ਅੱਗੇ ਆਉਣਗੇ। ਘਰਾਂ ਵਿਚ ਪਾਣੀ ਦੀ ਦੁਰਵਰਤੋਂ ਰੋਕੀ ਜਾਣੀ ਚਾਹੀਦੀ ਹੈ। ਅਜਿਹੇ ਪ੍ਰਾਜੈਕਟ ਪੰਜਾਬ ਦੇ ਸਾਰੇ ਵੱਡੇ ਗੁਰਦਵਾਰਾ ਸਾਹਿਬ ਵਿਚ ਲਗਾਏ ਜਾਣਗੇ। ਉਨ੍ਹਾਂ ਦਸਿਆ ਕਿ ਇਸ ਲਈ ਸ. ਕਾਹਨ ਸਿੰਘ ਪਨੂੰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।