
ਅਸੀਂ ਨਿਆਂ ਯਕੀਨੀ ਕਰਨ ਲਈ ਬਰਤਾਨੀਆਂ ਸਰਕਾਰ ਦੇ ਸੰਪਰਕ ’ਚ ਹਾਂ : ਤਨਮਨਜੀਤ ਸਿੰਘ ਢੇਸੀ
ਮੈਂ ਅਤੇ ਮੇਰੇ ਸਹਿਯੋਗੀ ਅਪਣੀਆਂ ਚਿੰਤਾਵਾਂ ਨੂੰ ਮੰਤਰੀਆਂ ਸਾਹਮਣੇ ਚੁਕ ਰਹੇ ਹਨ : ਪ੍ਰੀਤ ਕੌਰ ਗਿੱਲ
ਲੰਡਨ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਕ ਗਰਮਖ਼ਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਭਾਰਤ ’ਤੇ ਲਾਏ ਦੋਸ਼ਾਂ ਨੂੰ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ - ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ‘ਚਿੰਤਾਜਨਕ’ ਕਰਾਰ ਦਿਤਾ ਹੈ।
ਇੰਗਲੈਂਡ ’ਚ ਸਿੱਖ ਬਹੁਗਿਣਤੀ ਚੋਣ ਖੇਤਰਾਂ ਦੀ ਪ੍ਰਤੀਨਿਧਗੀ ਕਰਨ ਵਾਲੀਆਂ ਵਿਰੋਧੀ ਪਾਰਟੀਆਂ ‘ਲੇਬਰ ਪਾਰਟੀ’ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਟਰੂਡੋ ਦੇ ਦੋਸ਼ਾਂ ਬਾਰੇ ਉਨ੍ਹਾਂ ਦੇ ਚੋਣ ਖੇਤਰਾਂ ਦੇ ਲੋਕਾਂ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ। ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਅਪਣੀਆਂ ਚਿੰਤਾਵਾਂ ਨੂੰ ਸਿੱਧਾ ਸਰਕਾਰ ਦੇ ਮੰਤਰੀਆਂ ਸਾਹਮਣੇ ਚੁਕ ਰਹੇ ਹਨ।
ਸਲੋਘ ਸੀਟ ਤੋਂ ਸੰਸਦ ਮੈਂਬਰ ਢੇਸੀ ਨੇ ਵੀ ਦਾਅਵਾ ਕੀਤਾ ਕਿ ਕਈ ਬ੍ਰਿਟਿਸ਼ ਸਿੱਖ ਇਸ ਮੁੱਦੇ ’ਤੇ ਉਨ੍ਹਾਂ ਨਾਲ ਸੰਪਰਕ ’ਚ ਹਨ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਕੈਨੈਡਾ ਤੋਂ ਚਿੰਤਾਜਨਕ ਰੀਪੋਰਟ ਆ ਰਹੀ ਹੈ। ਸਲੋਘ ਅਤੇ ਕਈ ਹੋਰ ਖੇਤਰਾਂ ਦੇ ਸਿੱਖਾਂ ਨੇ ਮੈਨੂੰ ਸੰਪਰਕ ਕੀਤਾ ਹੈ, ਉਹ ਚਿੰਤਤ, ਗੁੱਸੇ ’ਚ ਜਾਂ ਡਰੇ ਹੋਏ ਹਨ। ਇਹ ਵੇਖਦਿਆਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਉਹ ਕਰੀਬੀ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਅਸੀਂ ਨਿਆਂ ਯਕੀਨੀ ਕਰਨ ਲਈ ਬਰਤਾਨੀਆਂ ਸਰਕਾਰ ਦੇ ਸੰਪਰਕ ’ਚ ਹਾਂ।’’
ਬਰਮਿੰਘਮ ਐਜਬੇਸਟਨ ਤੋਂ ਸੰਸਦ ਮੈਂਬਰ ਗਿੱਲ ਨੇ ‘ਐਕਸ’ ’ਤੇ ਕਿਹਾ, ‘‘ਹਰਦੀਪ ਸਿੰਘ ਨਿੱਝਰ ਦੇ ਕਤਲ ’ਤੇ ਪ੍ਰਧਾਨ ਮੰਤਰੀ ਟਰੂਡੋ ਦਾ ਬਿਆਨ ਬਹੁਤ ਚਿੰਤਾਜਨਕ ਹੈ। ਇਹ ਮਹੱਤਵਪੂਰਨ ਹੈ ਕਿ ਕੈਨੇਡਾ ਅਪਣੀ ਜਾਂਚ ਕਰੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇ। ਮੈਂ ਅਪਣੇ ਚੋਣ ਖੇਤਰ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਅਤੇ ਮੇਰੇ ਸਹਿਯੋਗੀ ਅਪਣੀਆਂ ਚਿੰਤਾਵਾਂ ਨੂੰ ਮੰਤਰੀਆਂ ਸਾਹਮਣੇ ਚੁਕ ਰਹੇ ਹਨ।’’