ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਇਕ ਦਰਜਨ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਤੋਂ ਪ੍ਰਵਾਰਕ ਕਬਜ਼ੇ ਦੀ ਮੁਕਤੀ ਲਈ ਕੀਤਾ ਸਾਂਝਾ ਐਲਾਨ
ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁਧ ਮੁੜ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿਤਾ ਹੈ। ਅੱਜ ਇਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸਾ ਨੇ ਇਕ ਦਰਜਨ ਦੇ ਕਰੀਬ ਹੋਰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਵਿਚ ਐਲਾਨ ਕੀਤਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਨੇ ਲਾਪਤਾ 328 ਪਾਵਨ ਸਰੂਪਾਂ ਦਾ ਮਾਮਲਾ ਕੁੱਝ ਵਿਅਕਤੀਆਂ ’ਤੇ ਮਹਿਜ ਦਿਖਾਵੇ ਲਈ ਕਾਰਵਾਈ ਕਰ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਲਈ ਇਹ ਮਾਮਲਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਇਨ੍ਹਾਂ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਅਸਲੀਅਤ ਦਾ ਪਤਾ ਲਾ ਕੇ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤਕ ਸੰਘਰਸ਼ ਜਾਰੀ ਰਹੇਗਾ।
ਕਮੇਟੀ ਨੇ ਭਾਵੇਂ ਅਪਣੇ ਲੱਠਮਾਰਾਂ ਨਾਲ ਅੰਮ੍ਰਿਤਸਰ ਵਿਖੇ ਸੰਘਰਸ਼ ਕਰ ਰਹੇ ਸਿੰਘਾਂ ਦੀ ਕੁੱਟਮਾਰ ਕਰ ਕੇ ਮਾਮਲਾ ਕੁੱਝ ਸਮੇਂ ਲਈ ਦਬਾਅ ਦਿਤਾ ਸੀ ਪਰ ਹੁਣ ਮੁੜ ਪੂਰੀ ਸ਼ਕਤੀ ਨਾਲ ਮੁੜ ਸੰਘਰਸ਼ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਖੋਸਾ ਨਾਲ ਪ੍ਰੀਤ ਸਿੰਘ ਸੈਣੀ ਨਾਂ ਦਾ ਅਪਣੀ ਵੈਬ ਪੋਰਟਲ ਚਲਾਉਣ ਵਾਲਾ ਪੱਤਰਕਾਰ ਵੀ ਮੌਜੂਦ ਸੀ ਜਿਸ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਨਾਕਾਮੀਆਂ ਦਾ ਪਰਦਾਫ਼ਾਸ਼ ਕਰਨ ਕਾਰਨ ਉਸ ਨੂੰ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿਤੀ ਹੈ। ਪ੍ਰਦੀਪ ਸਿੰਘ ਵਿਰਕ ਐਡਵੋਕੇਟ ਉਸ ਲਈ ਮੁਫ਼ਤ ਕਾਨੂੰਨੀ ਲੜਾਈ ਲੜ ਰਹੇ ਹਨ।
ਪ੍ਰੀਤ ਸੈਣੀ ਨੇ ਕਿਹਾ ਕਿ ਉਸ ਕੋਲ ਸ਼੍ਰੋਮਣੀ ਕਮੇਟੀ ਦੇ ਘਪਲਿਆਂ ਦੇ ਪੂਰੇ ਸਬੂਤ ਮੌਜੂਦ ਹਨ ਅਤੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਹੁਣ ਜਾਂਚ ਵਿਚ ਸ਼ਾਮਲ ਹੋ ਕੇ ਸਾਰੇ ਪ੍ਰਗਟਾਵੇ ਕਰੇਗਾ। ਸਿੱਖ ਜਥੇਬੰਦੀਆਂ ਵੀ ਉਸ ਦਾ ਸਾਥ ਦੇ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਖੋਸਾ ਨੇ ਦਸਿਆ ਕਿ ਸਿਰਫ਼ 328 ਪਾਵਨ ਸਰੂਪਾਂ ਦਾ ਹੀ ਮੁੱਦਾ ਨਹੀਂਬਲਕਿ ਸ਼੍ਰੋਮਣੀ ਕਮੇਟੀ ਦੀਆਂ ਹੋਰ ਨਾਕਾਮੀਆਂ ਅਤੇ ਘਪਲਿਆਂ ਨੂੰ ਬੇਨਕਾਬ ਕਰ ਕੇ ਕਮੇਟੀ ਨੂੰ ਬਾਦਲਾਂ ਦੇ ਪ੍ਰਵਾਰ ਦੇ ਕਬਜ਼ੇ ਵਿਚੋਂ ਮੁਕਤ ਕਰਵਾਉਣ ਦੀ ਲੜਾਈ ਲੜੀ ਜਾਵੇਗੀ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਉਸ ਨੇ 2015 ਵਿਚ ਹੋਏ ਬਰਗਾੜੀ ਬੇਅਦਬੀ ਦੇ ਵਿਰੁਧ ਅੱਜ ਤਕ ਵੀ ਨਿੰਦਾ ਮਤਾ ਕਿਉਂ ਪਾਸ ਨਹੀਂ ਕੀਤਾ? ਪ੍ਰੈਸ ਕਾਨਫ਼ਰੰਸ ਵਿਚ ਸਤਿਕਾਰ ਕਮੇਟੀ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ, ਸਿੱਖ ਸਦਭਾਵਨਾ ਦਲ, ਕਲਗੀਧਰ ਅੰਮ੍ਰਿਤ ਸੰਚਾਰ ਜਥਾ, ਸਿੱਖ ਪ੍ਰਚਾਰ ਮਿਸ਼ਨ, ਬਾਬਾ ਅਜੀਤ ਸਿੰਘ ਖ਼ਾਲਸਾ ਫ਼ੋਰਸ, ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਅਤੇ ਸਿੱਖ ਜਾਗ੍ਰਿਤੀ ਲਹਿਰ ਦੇ ਪ੍ਰਤੀਨਿਧ ਵੀ ਮੌਜੂਦ ਸਨ।