
ਕੈਲੰਡਰ ਦੇ ਵਿਵਾਦ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦੀ ਤਾਰੀਖ਼ ਦਾ ਭੰਬਲਭੂਸਾ
SGPC News: ਜਨਵਰੀ 1994 ਵਿਚ ਮਾਸਿਕ ਸਪੋਕਸਮੈਨ ਰਸਾਲੇ ਅਤੇ 1 ਦਸੰਬਰ 2005 ਤੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੀ ਸ਼ੁਰੂਆਤ ਤੋਂ ਅੱਜ ਤਕ ਇਤਿਹਾਸ ਨੂੰ ਅਪਣਿਆਂ ਵਲੋਂ ਹੀ ਵਿਗਾੜਨ ਦੀਆਂ ਕੋਸ਼ਿਸ਼ਾਂ ਅਤੇ ਸਾਜਿਸ਼ਾਂ ਵੱਲ ਧਿਆਨ ਦਿਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਸਿੱਖ ਵਿਦਵਾਨ, ਚਿੰਤਕ, ਪ੍ਰਚਾਰਕ ਅਤੇ ਪੰਥਦਰਦੀ ਵੀ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਨਾਲ ਕੀਤੇ ਜਾ ਰਹੇ ਖਿਲਵਾੜ ਜਾਂ ਮਤਰੇਈ ਮਾਂ ਵਾਲੇ ਸਲੂਕ ਦਾ ਵਿਰੋਧ ਕਰਦੇ ਆ ਰਹੇ ਹਨ।
ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਵਧੀਆ ਦਲੀਲਾਂ ਦੇਣ ਅਤੇ ਇਤਿਹਾਸ ਦੇ ਅਸਲ ਫਲਸਫੇ ਉੱਪਰ ਚੰਗੀ ਪਕੜ ਰੱਖਣ ਵਾਲੇ ਪ੍ਰਵਾਸੀ ਭਾਰਤੀ, ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਲੇਖਕ ਭਾਈ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਬੰਧੀ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਸਵਾਲ ਪੁਛਿਆ ਹੈ ਕਿ ਆਖ਼ਰ ਇਤਿਹਾਸ ਨੂੰ ਕੌਣ ਵਿਗਾੜ ਰਿਹਾ ਹੈ? ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਕਈ ਤਾਰੀਖ਼ਾਂ ਬਾਰੇ ਵਿਦਵਾਨਾਂ ਵਿਚ ਮੱਤ-ਭੇਦ ਹਨ ਪਰ ਗੁਰੂ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੀਆਂ ਤਾਰੀਖ਼ਾਂ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਤਾਰੀਖ਼ਾਂ ਬਾਰੇ ਕੋਈ ਮੱਤ-ਭੇਦ ਨਹੀਂ ਹੈ।
ਅਪਣੇ ਖਿੱਤੇ ਵਿਚ ਪ੍ਰਚੱਲਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ, ਸਾਲ ਦੀ ਲੰਬਾਈ 365.2587 ਦਿਨ) ਮੁਤਾਬਕ ਗੁਰੂ ਗੋਬਿੰਦ ਸਿੰਘ ਜੀ 7 ਕੱਤਕ, ਕੱਤਕ ਸੁਦੀ 5 ਸੰਮਤ 1765 ਬਿਕ੍ਰਮੀ, ਦਿਨ ਵੀਰਵਾਰ ਨੂੰ ਜੋਤੀ ਜੋਤਿ ਸਮਾਏ ਸਨ। ਅੰਗਰੇਜਾਂ ਦੇ ਆਉਣ ਤੋਂ ਪਿੱਛੋਂ ਜਦੋਂ ਅੰਗਰੇਜੀ ਤਾਰੀਖ਼ਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ਼ 7 ਅਕਤੂਬਰ 1708 ਈ: (ਜੂਲੀਅਨ) ਲਿਖੀ ਗਈ। “ਅਗਲੇ ਦਿਨ ਕੱਤਕ ਸੁਦੀ 5 (7 ਕੱਤਕ) ਸੰਮਤ 1765 ਮੁਤਾਬਕ 7 ਅਕਤੂਬਰ ਸੰਨ 1708 ਨੂੰ ਆਪ ਜੀ ਜੋਤੀ ਜੋਤਿ ਸਮਾ ਗਏ”। (ਪ੍ਰੋ. ਕਰਤਾਰ ਸਿੰਘ ਸਿੱਖ ਇਤਿਹਾਸ ਭਾਗ-1, ਪੰਨਾ 456, ਪ੍ਰਕਾਸ਼ਕ, ਸਕੱਤਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ), ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ 10 ਸਾਲਾਂ ਦੇ ਛਾਪੇ ਗਏ, ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰਾਂ ਦੇ ਨਾਂ ਨਾਲ ਜਾਣੇ ਜਾਂਦੇ ‘ਧੁਮੱਕੜਸ਼ਾਹੀ ਕੈਲੰਡਰ’ ਦੀ ਜਦੋਂ ਪੜਤਾਲ ਕੀਤੀ ਤਾਂ ਬੜੀ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਨੱਥੀ ਕੀਤੀ ਫ਼ੋਟੋ ਨੂੰ ਧਿਆਨ ਨਾਲ ਵੇਖੋ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ ਦਿਹਾੜੇ ਦਾ ਪ੍ਰਵਿਸ਼ਟਾ ਹਰ ਸਾਲ ਬਦਲ ਜਾਂਦਾ ਹੈ। ਇਹ 9 ਕੱਤਕ (25 ਅਕਤੂਬਰ) ਤੋਂ 5 ਮੱਘਰ (19 ਨਵੰਬਰ) ਦੇ ਦਰਮਿਆਨ ਘੁੰਮ ਰਿਹਾ ਹੈ। ਜਦੋਂ ਕਿ ਸਾਰੇ ਪੁਰਾਤਨ ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਹਾੜਾ 7 ਕੱਤਕ, ਸੰਮਤ 1765 ਬਿਕ੍ਰਮੀ ਹੈ।
ਸ਼੍ਰੋਮਣੀ ਕਮੇਟੀ ਹਰ ਸਾਲ ਸੂਰਜੀ ਬਿਕ੍ਰਮੀ ਕੈਲੰਡਰ (ਚੇਤ ਤੋਂ ਫੱਗਣ) ਛਾਪਦੀ ਹੈ। ਸੂਰਜੀ ਕੈਲੰਡਰ ’ਚ ਹਰ ਸਾਲ, ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ। ਭਾਈ ਸੈਕਰਾਮੈਂਟੋ ਮੁਤਾਬਿਕ ਜਿਵੇਂ ਇਸ ਕੈਲੰਡਰ ’ਚ ਵੈਸਾਖੀ ਹਰ ਸਾਲ 1 ਵੈਸਾਖ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਦਾ ਹੀ ਦਰਜ ਹੁੰਦਾ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਦਾ ਪ੍ਰਵਿਸ਼ਟਾ ਹਰ ਸਾਲ ਬਦਲ ਕਿਉ ਜਾਂਦਾ ਹੈ? ਸ਼੍ਰੋਮਣੀ ਕਮੇਟੀ ਇਹ ਦਿਹਾੜਾ ਹਰ ਸਾਲ ਅਸਲ ਪ੍ਰਵਿਸ਼ਟੇ, 7 ਕੱਤਕ ਨੂੰ ਕਿਉ ਨਹੀਂ ਦਰਜ ਕਰਦੀ? ਭਾਈ ਸੈਕਰਾਮੈਂਟੋ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸ ਨੂੰ ਵਿਗਾੜਨ ਦੀ ਇਹ ਬੜੀ ਉਘੜਵੀਂ ਮਿਸਾਲ ਹੈ।
(For more news apart from Why are accusations of distorting Sikh history on SGPC: Sacramento, stay tuned to Rozana Spokesman