
ਕਿਹਾ - ਤੀਹ ਹਜ਼ਾਰ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਰਕਾਰ ਦੀ ਗੋਲੀ ਨਾਲ ਮਾਰੇ ਗਏ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਭਰਵੀਂ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਾਕਾ ਨੀਲਾ ਤਾਰਾ ਬਾਅਦ ਮਾਰੇ ਗਏ ਬੇਗੁਨਾਹ ਸਿੱਖ ਪਰਵਾਰਾਂ ਦੀ ਮਦਦ ਕਰੇ । ਬਾਬਾ ਬੰਡਾਲਾ ਮੁਤਾਬਕ ਬਲੂ ਸਟਾਰ ਤੋਂ ਬਾਅਦ ਪੰਜਾਬ ਵਿਚ ਗਵਰਨਰੀ ਰਾਜ ਸੀ। ਉਸ ਵੇਲੇ ਤੀਹ ਹਜ਼ਾਰ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਰਕਾਰ ਦੀ ਗੋਲੀ ਨਾਲ ਮਾਰੇ ਗਏ। ਹਜ਼ਾਰਾਂ ਪਰਵਾਰਾਂ 'ਤੇ ਪੁਲਿਸ ਨੇ ਬੇਹਦ ਅਣ-ਮਨੁੱਖੀ ਤਸ਼ਦੱਦ ਕੀਤਾ।
Gurnam Singh Bandala
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਨੇ ਕੀਤੇ ਵਾਅਦੇ ਮੁਤਾਬਕ ਬੇਗੁਨਾਹ ਸਿੱਖ ਪਰਵਾਰਾਂ ਦੀ ਸਾਰ ਨਹੀਂ ਲਈ। ਜ਼ਿੰਮੇਵਾਰ ਪਾਰਟੀ ਅਕਾਲੀ ਦਲ ਦੀ ਅਗਵਾਈ ਹੇਠ ਲੱਗੇ ਧਰਮ-ਯੁੱਧ ਮੋਰਚੇ ਦੌਰਾਨ ਉਸ ਸਮੇਂ ਦੀ ਲੀਡਰਸ਼ੀਪ ਨੇ ਸਿੱਖ ਕੌਮ ਨਾਲ ਕਈ ਵਾਅਦੇ ਕੀਤੇ ਪਰ ਉਹ ਖਰੇ ਨਹੀਂ ਉਤਰੇ ਸਗੋਂ ਸਿੱਖ ਕੌਮ ਨਾਲ ਧੋਖਾ ਕੀਤਾ ਗਿਆ। ਬਿਨਾਂ ਹੱਕ ਲਿਆ ਮੋਰਚਾ ਸਮਾਪਤ ਕਰ ਦਿਤਾ ਗਿਆ। ਮੋਰਚੇ ਵਿਚ ਕਦੇ ਅਕਾਲੀ ਦਲ ਦੇ ਸਹੁੰ ਚੁਕ ਪੱਤਰ ਅਜੇ ਵੀ ਸਿੱਖਾਂ ਦੇ ਘਰਾਂ ਵਿਚ ਰੁਲ ਰਹੇ ਹਨ। ਬਿਨਾਂ ਕਿਸੇ ਹੱਕ ਲਏ ਤੋਂ ਚੁੱਪ ਕਰ ਕੇ ਕੁਰਸੀ ਦੀ ਖ਼ਾਤਰ ਰਸਗੁਲਿਆਂ ਰਾਹੀਂ ਅਕਾਲੀ ਦਲ ਨੇ ਦਿੱਲੀ ਸਰਕਾਰ ਨਾਲ ਸਮਝੌਤਾ ਕਰ ਲਿਆ।
Operation Blue Star
ਉਨ੍ਹਾਂ ਨੇ ਪੰਜਾਬ ਭਵਨ ਜਦੋਂ ਮਰਿਆਦਾ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤਾਂ ਉਸ ਵਕਤ ਮਂੈ ਕਿਹਾ,''ਤੁਸੀਂ ਹੁਣ ਕੁਰਸੀਆਂ ਪ੍ਰਾਪਤ ਕਰ ਲਈਆਂ ਪਰ ਜਿਹੜੇ ਨੌਜਵਾਨ ਪਰਵਾਰ, ਮਰਜੀਵੜਿਆਂ ਨੂੰ ਸਹੁੰਆਂ ਖੁਵਾ ਕੇ ਸ਼ਹੀਦ ਕਰਵਾ ਦਿਤਾ, ਉਨ੍ਹਾਂ ਪਰਵਾਰ ਨੂੰ ਪੰਜ-ਪੰਜ ਲੱਖ ਰੁਪਏ ਦੇ ਦਿਉ, ਉਸ ਵਕਤ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿਤਾ ਕਿ ਇਹ ਮਸਲਾ ਨਾ ਛੇੜੋ, ਇਹ ਕੰਮ ਅਸੀ ਨਹੀਂ ਕਰ ਸਕਦੇ।''
Operation Blue Star
ਬਾਬਾ ਬੰਡਾਲਾ ਨੇ ਦਸਿਆ ਕਿ ਇਨ੍ਹਾਂ ਸ਼ਹੀਦ ਪਰਵਾਰਾਂ ਨੂੰ ਨਾ ਸ਼੍ਰੋਮਣੀ ਕਮੇਟੀ ਨੇੜੇ ਲਾਉਂਦੀ ਹੈ ਅਤੇ ਨਾ ਹੀ ਸਰਕਾਰ ਮੁੜ ਵਸੇਬੇ ਲਈ ਮਦਦ ਕਰਦੀ ਹੈ ਸਗੋਂ ਅਤਿਵਾਦੀ ਕਹਿ ਕੇ ਪਰਵਾਰਾਂ ਨੂੰ ਜ਼ਲੀਲ ਕਰਦੇ ਹਨ, ਕੀ ਇਹ ਪਰਵਾਰ ਅਪਣੇ ਨਿਜੀ ਮੁਫ਼ਾਦਾਂ ਲਈ ਲੜੇ ਸਨ? ਪੰਥ ਦੀ ਸੇਵਾ ਨਹੀਂ ਕੀਤੀ, ਕੌਮ ਦੇ ਹੱਕਾਂ ਵਾਸਤੇ ਜਵਾਨੀਆਂ ਵਾਰੀਆਂ, ਜੇਕਰ ਅਕਾਲੀਆਂ ਨੇ ਇਨ੍ਹਾਂ ਲਈ ਕੁੱਝ ਨਾ ਕੀਤਾ ਤਾਂ ਕੈਪਟਨ ਸਰਕਾਰ ਨੂੰ ਉਕਤ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਿੱਖ ਸੰਘਰਸ਼ ਨੂੰ ਬੜਾ ਨੇੜੇ ਹੋ ਕੇ ਦੇਖਿਆ ਹੈ।