
5000 ਸੁਰੱਖਿਆ ਮੁਲਾਜ਼ਮਾਂ ਸਮੇਤ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਰਖਣਗੇ ਨਜ਼ਰ
ਅੰਮ੍ਰਿਤਸਰ : ਜੂਨ 1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਜਿਸ ਨੂੰ ਬਲੂ ਸਟਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ 35ਵੀਂ ਬਰਸੀ ਆਉਣ ਵਾਲੀ ਹੈ। ਇਸ ਸਬੰਧ 'ਚ ਕੁੱਝ ਗਰਮ ਖ਼ਿਆਲੀ ਜੱਥੇਬੰਦੀਆਂ ਸਮੇਤ ਬਹੁਤ ਸਾਰੇ ਸਿੱਖ ਸੰਗਠਨਾਂ ਨੇ ਆਉਂਦੀ 6 ਜੂਨ ਨੂੰ ਅਪਰੇਸ਼ਨ ਬਲੂ-ਸਟਾਰ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਮੌਕੇ ਸਰਕਾਰ ਨੇ ਅਹਿਤਿਆਤ ਵਜੋਂ ਅੰਮ੍ਰਿਤਸਰ ਨੂੰ ਨੀਮ ਫ਼ੌਜੀ ਤੇ ਪੁਲਿਸ ਬਲਾਂ ਦੀ ਛਾਉਣੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
Operation Blue Star
ਜਿਥੇ ਪੰਜਾਬ ਪੁਲਿਸ, ਅਰਧ ਸੈਨਿਕ ਬਲ ਸ਼ਹਿਰ ਅਤੇ ਆਲੇ ਦੁਆਲੇ ਦੀ ਸਥਿਤੀ 'ਤੇ ਨਜ਼ਰ ਰਖਣਗੇ ਉਥੇ ਹੀ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਵੀ ਪੂਰੀ ਤਰ੍ਹਾਂ ਚੌਕਸ ਰਹਿਣਗੇ ਤਾਕਿ ਸ਼ਰਾਰਤੀ ਅਨਸਰ ਕਾਨੂੰਨ ਵਿਵਸਥਾ ਨਾ ਵਿਗਾੜ ਦੇਣ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਕਾਨੂੰਨ ਤੇ ਵਿਵਸਥਾ ਦੀ ਹਾਲਤ ਨੂੰ ਕਾਇਮ ਰੱਖਣ ਲਈ ਨੀਮ-ਫ਼ੌਜੀ ਬਲਾਂ ਦੀਆਂ ਛੇ ਕੰਪਨੀਆਂ ਸੱਦੀਆਂ ਹਨ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਨਾਲ-ਨਾਲ ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਵੀ 5,000 ਤੋਂ ਵੱਧ ਪੁਲਿਸ ਅਧਿਕਾਰੀ ਤੇ ਹੋਰ ਮੁਲਾਜ਼ਮ ਵੀ ਸ਼ਹਿਰ 'ਚ ਮੌਜੂਦ ਰਹਿਣਗੇ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਤੇ ਉਸ ਪਾਸੇ ਦੇ ਸਾਰੇ ਬਾਜ਼ਾਰਾਂ ਵਿਚ ਪੁਲਿਸ ਨੇ ਗਸ਼ਤ ਬਹੁਤ ਜ਼ਿਆਦਾ ਵਧਾ ਦਿਤੀ ਗਈ ਹੈ।
Operation Blue Star 1984
ਪੁਲਿਸ ਦੇ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੈਪਿਡ ਐਕਸ਼ਨ ਫ਼ੋਰਸ ਦੀਆਂ ਤਿੰਨ ਤੇ ਤਿੰਨ ਹੀ ਇੰਡੋ-ਤਿੱਬਤਨ ਬਾਰਡਰ ਪੁਲਿਸ ਦੀਆਂ ਕੰਪਨੀਆਂ ਸ਼ਹਿਰ ਦੀ ਸੁਰੱਖਿਆ ਲਈ ਸੱਦੀਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੰਗਾ ਜਾਂ ਕਿਸੇ ਵੀ ਕਿਸਮ ਦੀ ਗੜਬੜ ਰੋਕਣ ਵਾਲੀਆਂ ਪੁਲਿਸ ਦੀਆਂ ਛੇ ਕੰਪਨੀਆਂ, ਹਥਿਆਰਬੰਦ ਸਪੈਸ਼ਲ ਪੁਲਿਸ ਦੀਆਂ ਛੇ ਕੰਪਨੀਆਂ ਤੇ ਪੰਜਾਬ ਕਮਾਂਡੋਜ਼ ਪੁਲਿਸ ਦੀਆਂ ਚਾਰ ਕੰਪਨੀਆਂ ਵਖਰੇ ਤੌਰ ਉੱਤੇ ਸੱਦੀਆਂ ਗਈਆਂ ਹਨ। ਇਨ੍ਹਾਂ ਦੇ ਨਾਲ ਪੰਜਾਬ ਕਮਾਂਡੋਜ਼ ਪੁਲਿਸ ਦੀਆਂ ਚਾਰ ਕੰਪਨੀਆਂ ਨੇ ਵੀ ਪਹਿਲਾਂ ਹੀ ਸ਼ਹਿਰ ਵਿਚ ਗਸ਼ਤ ਸ਼ੁਰੂ ਕਰ ਦਿਤੀ ਹੈ।
Operation Blue Star
ਬਲੂ-ਸਟਾਰ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਤੇ ਕੁੱਝ ਗਰਮ ਖ਼ਿਆਲੀ ਸਿੱਖ ਕਾਰਕੁੰਨਾਂ ਵਿਚਾਲੇ ਤਕਰਾਰਬਾਜ਼ੀ, ਝਗੜਾ ਤੇ ਕੁਝ ਹਿੰਸਕ ਵਾਪਰਨ ਦੀ ਸੰਭਾਵਨਾ ਹਰ ਵਾਰ ਬਣੀ ਰਹਿੰਦੀ ਹੈ। ਪਹਿਲਾਂ ਬਹੁਤ ਵਾਰ ਕਈ ਲੋਕ ਸੰਘਰਸ਼ਾਂ ਦੌਰਾਨ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਦਿਨਾਂ ਦੌਰਾਨ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਹੇ ਖ਼ਾਲਿਸਤਾਨ-ਪੱਖੀ ਸਮੂਹ ਸਮੁੱਚੇ ਸ਼ਹਿਰ ਅੰਮ੍ਰਿਤਸਰ 'ਚ ਕਈ ਜਗ੍ਹਾ ਉੱਤੇ ਮਾਰਚ ਵੀ ਕਰਦੇ ਹਨ। ਦਲ ਖ਼ਾਲਸਾ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿਤਾ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਂਦੀ 4 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਵੇਗਾ ਅਤੇ ਭੋਗ 6 ਜੂਨ ਨੂੰ ਪਵੇਗਾ। ਇਸ ਤਰ੍ਹਾਂ 6 ਜੂਨ ਤਕ ਗੁਰੂ ਕੀ ਨਗਰੀ ਸਖ਼ਤ ਪੁਲਿਸ ਪਹਿਰੇ ਹੇਠ ਰਹੇਗੀ।