
ਕੇਰਲ ਦੇ ਸਬਰੀਮਾਲਾ ਮੰਦਰ ਵਿਖੇ ਔਰਤਾਂ ਦੇ ਦਾਖ਼ਲੇ ਦੇ ਵਿਰੋਧ ਨੂੰ ਲੈ ਕੇ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ.......
ਕੋਚੀ : ਕੇਰਲ ਦੇ ਸਬਰੀਮਾਲਾ ਮੰਦਰ ਵਿਖੇ ਔਰਤਾਂ ਦੇ ਦਾਖ਼ਲੇ ਦੇ ਵਿਰੋਧ ਨੂੰ ਲੈ ਕੇ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਹੈ। ਪੁਲਿਸ ਨੇ ਕਲ ਇਥੇ ਧਾਰਾ 144 ਲਾ ਦਿਤੀ ਸੀ ਜਿਸ ਤੋਂ ਬਾਅਦ ਨਿਯਮਾਂ ਦਾ ਪਾਲਨ ਨਾ ਕਰਨ ਤੇ 72 ਭਗਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਬਰੀਮਾਲਾ ਮੰਦਰ 'ਚ ਪੁਲਿਸ ਦੀ ਇਸ ਕਾਰਵਾਈ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। ਕਾਂਗਰਸ ਨੇ ਸ਼ਰਧਾਲੂਆਂ ਵਿਰੁਧ ਪੁਲਿਸ ਕਾਰਵਾਈ ਦੀ ਤੁਲਨਾ 'ਆਪਰੇਸ਼ਨ ਬਲੂ ਸਟਾਰ' ਨਾਲ ਕਰਦਿਆਂ ਮੁੱਖ ਮੰਤਰੀ ਪਿਨਰਾਈ ਵਿਜਯਨ 'ਤੇ ਨਿਸ਼ਾਨਾ ਲਾਇਆ ਅਤੇ ਪੁਛਿਆ ਕਿ ਕੀ ਸੂਬੇ 'ਚ ਹਿਟਲਰ ਦਾ ਰਾਜ ਹੈ?
ਜੂਨ 1984 'ਚ ਅੰਮ੍ਰਿਤਸਰ ਵਿਖੇ ਹਰਿਮਦਰ ਸਾਹਿਬ 'ਚ ਸਿੱਖਾਂ ਨੂੰ ਬਾਹਰ ਕੱਢਣ ਲਈ ਫ਼ੌਜ ਨੇ ਆਪਰੇਸ਼ਨ ਬਲੂ ਸਟਾਰ ਚਲਾਇਆ ਸੀ। ਕੇਂਦਰੀ ਮੰਤਰੀ ਕੇ.ਜੇ. ਅਲਫ਼ੋਂਜ਼ ਨੇ ਵੀ ਸਬਰੀਮਾਲਾ ਮੰਦਰ ਨੂੰ 'ਜੰਗ ਦਾ ਮੈਦਾਨ' ਬਣਾਉਣ ਅਤੇ ਮੰਦਰ 'ਚ ਸਹੂਲਤਾਂ ਦੀ ਕਮੀ ਲਈ ਕੇਰਲ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ 68 ਲੋਕਾਂ ਨੂੰ ਤੜਕੇ ਮੰਦਰ ਅੰਦਰ ਜਾ ਕੇ ਹਿਰਾਸਤ 'ਚ ਲੈ ਲਿਆ। ਲੋਕਾਂ ਨੂੰ ਹਿਰਾਸਤ 'ਚ ਲੈਣ ਵਿਰੁਧ ਪੂਰੇ ਕੇਰਲ 'ਚ ਪ੍ਰਦਰਸ਼ਨ ਹੋ ਰਹੇ ਹਨ। ਜਦਕਿ ਭਾਜਪਾ ਨੇ ਪੁਲਿਸ ਦੀ ਇਸ ਕਾਰਵਾਈ ਦੀ ਕਾਨੂੰਨੀ ਜਾਂਚ ਦੀ ਮੰਗ ਵੀ ਕੀਤੀ ਹੈ।
ਸਬਰੀਮਾਲਾ ਸਨੀਧਾਨਮ ਦੇ ਨਾਦਪੰਡਾਲ ਇਲਾਕੇ 'ਚ ਨਵੇਂ ਸਿਰੇ ਤੋਂ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਐਤਵਾਰ ਰਾਤ ਨੂੰ 30 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਅਹਿਤਿਆਤੀ ਹਿਰਾਸਤ 'ਚ ਲੈ ਲਿਆ ਗਿਆ ਸੀ। ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਪੁਲਿਸ ਪਾਬੰਦੀਆਂ ਵਿਰੁਧ ਅੰਦੋਲਨ ਕੀਤਾ। ਐਤਵਾਰ ਦੇਰ ਰਾਤ ਨੂੰ ਮੰਦਰ 'ਚ ਇਕੱਠੇ ਲਗਭਗ 200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪੁਲਿਸ ਦੀਆਂ ਪਾਬੰਦੀਆਂ ਵਿਰੁਧ 'ਨਾਮ ਜਪਮ' ਕਰ ਰਹੇ ਸਨ।
ਸੂਬਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਚੇਨੀਥਲਾ ਨੇ ਸੱਤਾਧਾਰੀ ਸੀ.ਪੀ.ਐਮ. ਦੀ ਅਗਵਾਈ ਵਾਲੇ ਐਲ.ਡੀ.ਐਫ਼. ਗਠਜੋੜ 'ਤੇ ਸਬਰੀਮਾਲਾ 'ਚ ਪੂਜਾ ਦੀ ਆਜ਼ਾਦ 'ਤੇ ਰੋਕ ਲਾਉਣ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਸਰਕਾਰ ਧਾਰਾ 144 ਹਟਾਏ। ਕੇਰਲ ਹਾਈ ਕੋਰਟ ਨੇ ਵੀ ਸਬਰੀਮਾਲਾ ਮੰਦਰ ਦੇ 'ਸਾਨਿਧਅਮ' 'ਚ ਜਿਸ ਤਰ੍ਹਾਂ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨਾਲ ਪੁਲਿਸ ਨੇ ਬਦਸਲੂਕੀ ਕੀਤੀ ਉਸ ਲਈ ਸਖ਼ਤ ਝਾੜਝੰਬ ਕੀਤੀ। ਸੈਂਕੜੇ ਪ੍ਰਦਰਸ਼ਨਕਾਰੀ ਪੁਲਿਸ ਪਾਬੰੀਦਆਂ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ।
ਅਦਾਲਤ ਨੇ ਕਿਹਾ ਕਿ ਪੁਲਿਸ ਨੇ ਕਿਸ ਅਧਿਕਾਰ ਹੇਠ ਸ਼ਰਧਾਲੂਆਂ ਨੂੰ ਸਬਰੀਮਾਲਾ 'ਦੇ ਸਨਿਧਅਮ 'ਚ ਦਾਖ਼ਲ ਹੋਣ ਤੋਂ ਰੋਕਿਆ। ਅਦਾਲਤ ਨੇ ਚੌਕਸ ਕੀਤਾ ਕਿ ਜੇਕਰ ਇਹ ਘਟਨਾਵਾਂ ਮੁੜ ਵਾਪਰੀਆਂ ਤਾਂ ਪੁਲਿਸ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 12ਵੀਂ ਸਦੀ ਦੇ ਸਬਰੀਮਾਲਾ ਮੰਦਰ ਵਿਖੇ ਭਗਵਾਨ ਅਯੱਪਾ ਦੀ ਪੂਜੀ ਹੁੰਦੀ ਹੈ। ਮੰਦਰ ਦੇ ਦਰਸ਼ਨਾਂ ਲਈ ਹਰ ਸਾਲ ਸਾਢੇ ਚਾਰ ਤੋਂ ਪੰਜ ਕਰੋੜ ਲੋਕ ਆਉਂਦੇ ਹਨ। (ਪੀਟੀਆਈ)