
ਹਜ਼ੂਰੀ ਰਾਗੀ ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿਤੀ ਲਿਖਤੀ ਸ਼ਿਕਾਇਤ
ਅੰਮ੍ਰਿਤਸਰ (ਚਰਨਜੀਤ ਸਿੰਘ): ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਇਕ ਹਜ਼ੂਰੀ ਰਾਗੀ ਦੀ ਆਪਸ ਵਿਚ ਹੋਈ ਤਕਰਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ 'ਤੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖਤੀ ਸ਼ਿਕਾਇਤ ਵੀ ਦਿਤੀ ਹੈ।
ਅੱਜ ਇਹ ਕਾਪੀ ਪ੍ਰੈਸ ਦੇ ਨਾਮ ਜਾਰੀ ਕਰਦਿਆਂ ਭਾਈ ਗੁਰਜੀਤ ਸਿੰਘ ਨੇ ਦਸਿਆ ਕਿ ਉਹ ਬੀਤੇ ਐਤਵਾਰ ਰਾਤ ਨੂੰ ਸਮਾਪਤੀ ਦੀ ਡਿਊਟੀ ਕਰਨ ਲਈ ਸ੍ਰੀ ਦਰਬਾਰ ਸਾਹਿਬ ਗਏ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਕੁੱਝ ਅਪਸ਼ਬਦ ਕਹੇ। ਉਨ੍ਹਾਂ ਕਿਹਾ ਕਿ ਉਹ ਚੁੱਪਚਾਪ ਸੁਣਦੇ ਰਹੇ।
SGPC
ਉਨ੍ਹਾਂ ਹਰ ਵਾਰ ਗਿਆਨੀ ਜਗਤਾਰ ਸਿੰਘ ਨੂੰ ਹੱਥ ਜੋੜ ਕੇ ਸ਼ਾਂਤ ਰਹਿਣ ਲਈ ਕਿਹਾ। ਕੁੱਝ ਦੇਰ ਬਾਅਦ ਗਿਆਨੀ ਜਗਤਾਰ ਸਿੰਘ ਅਪਣੀ ਡਿਊਟੀ ਪੂਰੀ ਕਰ ਕੇ ਅਰਦਾਸੀਆ ਸਿੰਘ ਦੇ ਕੋਲ ਆ ਕੇ ਬੈਠ ਗਏ। ਉਨ੍ਹਾਂ ਉਸ ਕੋਲੋਂ ਇਕ ਸ਼ਬਦ ਵੀ ਸੁਣਿਆ ਤੇ ਚਲੇ ਗਏ। ਰਾਗੀ ਭਾਈ ਗੁਰਜੀਤ ਸਿੰਘ ਨੇ ਦਸਿਆ ਕਿ ਗਿਆਨੀ ਜਗਤਾਰ ਸਿੰਘ ਵਲੋਂ ਵਰਤੇ ਗਏ ਅਪਸ਼ਬਦਾਂ ਕਾਰਨ ਉਨ੍ਹਾਂ ਨੂੰ ਦਿਲੋਂ ਦੁੱਖ ਹੋਇਆ ਹੈ। ਉਨ੍ਹਾਂ ਸਾਰਾ ਮਾਮਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨੋਟਿਸ ਵਿਚ ਲਿਆਂਦਾ ਤੇ ਲਿਖਤੀ ਸ਼ਿਕਾਇਤ ਵੀ 'ਜਥੇਦਾਰ' ਦੇ ਦਫ਼ਤਰ ਵਿਚ ਸੌਂਪੀ ਹੈ।
DARBAR SAHIB
ਇਸ ਸਬੰਧੀ ਗਿਆਨੀ ਜਗਤਾਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਭਾਈ ਗੁਰਜੀਤ ਸਿੰਘ ਘਟਨਾ ਨੂੰ ਵਧਾ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਹੋਣ ਕਾਰਨ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਰਾਗਬੱਧ ਕੀਤਰਨ ਕਰਨ ਵਾਲੇ ਜਥੇ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਰਾਗੀ ਜਥਾ ਨਿਰਧਾਰਤ ਮਰਿਆਦਾ ਵਿਚ ਕੀਰਤਨ ਨਹੀਂ ਸੀ ਕਰਦਾ ਇਸ ਲਈ ਉਨ੍ਹਾਂ ਕੀਰਤਨ ਦੀ ਡਿਊਟੀ 'ਤੇ ਇਤਰਾਜ਼ ਕੀਤਾ ਸੀ।