
ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉ.ਐਸ. ਡੀ ਸੰਨੀ ਬਰਾੜ, ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਾਸਟਰ ਹਰਪਾਲ ਸਿੰਘ ਵੇਰਕਾ ਸੱਚਖੰਡ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਨ੍ਹਾਂ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਉਹ ਗੁਰੂ ਘਰ ਅਸ਼ੀਰਵਾਦ ਲੈਣ ਆਏ ਹਨ। ਇਥੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।
Darbar Sahib
ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਅਪਣੇ ਦੇਸ਼, ਪੰਜਾਬ ਅਤੇ ਹਲਕੇ ਫ਼ਰੀਦਕੋਟ ਦੇ ਲੋਕਾਂ ਦੀ ਸੇਵਾ ਤਨ ਮਨ ਨਾਲ ਕਰ ਸਕਣ। ਉਨ੍ਹਾਂ ਦਸਿਆ ਕਿ ਸੰਸਦ ਦਾ ਘੇਰਾ ਬਹੁਤ ਵੱਡਾ ਹੈ। ਮੇਰੇ ਹਲਕੇ ਵਿਚ 9 ਵਿਧਾਨ ਸਭਾ ਖੇਤਰ ਆਉਂਦੇ ਹਨ। ਇਨ੍ਹਾਂ ਹਲਕਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਹਨ। ਮੇਰੀ ਕੋਸ਼ਿਸ਼ ਹੋਵੇਗੀ ਕਿ ਜਨਤਕ ਮਸਲੇ ਵੱਧ ਤੋਂ ਵੱਧ ਲੋਕ ਸਭਾ ਵਿਚ ਉਠਾਏ ਜਾਣ ਤਾਂ ਜੋ ਜਨਤਾ ਨੂੰ ਰਾਹਤ ਮਿਲ ਸਕੇ। ਮੁਹੰਮਦ ਸਦੀਕ ਮੁਤਾਬਕ ਰੁਜ਼ਗਾਰ ਦੀ ਸਮੱਸਿਆ ਦੂਰ ਕਰਨ ਲਈ ਮੇਰੀ ਕੋਸ਼ਿਸ਼ ਹੋਵੇਗੀ ਤਾਂ ਜੋ ਨੌਜੁਆਨ ਵਰਗ ਰੁਜ਼ਗਾਰ ਪ੍ਰਾਪਤ ਕਰ ਕੇ ਅਪਣਾ ਜੀਵਨ ਸਫ਼ਲ ਕਰ ਸਕਣ।