
ਸਮੁੱਚੇ ਖ਼ਜ਼ਾਨੇ ਦੇ ਦਸਤਾਵੇਜ਼ ਵਿਖਾਏ ਜਾਣ ਦੀ ਕੀਤੀ ਮੰਗ
ਨਵੀਂ ਦਿੱਲੀ : ਜਿਸ ਥਾਂ 'ਤੇ ਕਦੇ ਸਰਨਿਆਂ ਦੀ 'ਸਰਦਾਰੀ' ਹੁੰਦੀ ਸੀ, ਅੱਜ ਅਚਨਚੇਤੀ ਉਸੇ ਥਾਂ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜ ਕੇ, 'ਤੋਸ਼ੇਖ਼ਾਨੇ' ਦੇ ਕਮਰੇ ਦੇ ਬਾਹਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਸਮੁੱਚੇ ਖ਼ਜ਼ਾਨੇ ਦੇ ਦਸਤਾਵੇਜ਼ ਵਿਖਾਏ ਜਾਣ ਦੀ ਮੰਗ ਕਰਦੇ ਹੋਏ ਧਰਨਾ ਲਾ ਦਿਤਾ। ਅਪਣੇ ਹਮਾਇਤੀਆਂ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਭਾਈ ਤਰਸੇਮ ਸਿੰਘ ਤੇ ਹੋਰਨਾਂ ਨਾਲ ਘਿਰੇ ਹੋਏ ਸਰਨਾ ਦੀ ਮੰਗ ਸੀ ਕਿ ਜਨਰਲ ਮੈਨੇਜਰ ਇਥੇ 'ਕੈਸ਼ ਰਜਿਸਟਰ' ਲੈ ਕੇ ਆਵੇ ਜਿਸ ਨੂੰ ਵੇਖ ਕੇ, ਉਹ ਪਤਾ ਲਾ ਸਕਣ ਕਿ ਅਸਲ ਵਿਚ 'ਸੰਗਤ ਦਾ ਖ਼ਜ਼ਾਨਾ' ਕਮੇਟੀ ਕੋਲ ਕਿੰਨਾ ਸੁਰੱਖਿਅਤ ਹੈ ਤੇ ਰਜਿਸਟਰ 'ਤੇ ਕੀ ਦਰਜ ਕੀਤਾ ਹੋਇਆ ਹੈ।
Manjinder Sirsa
ਦਰਅਸਲ ਸਰਨਾ ਨੇ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚਲੇ ਅਪਣੇ ਦਫ਼ਤਰ ਵਿਖੇ ਮੰਗਲਵਾਰ ਦੁਪਹਿਰ 3 ਵਜੇ ਪੱਤਰਕਾਰ ਮਿਲਣੀ ਸੱਦੀ ਸੀ ਜਿਸ ਵਿਚ ਉਨ੍ਹਾਂ ਬਾਦਲਾਂ 'ਤੇ ਕਮੇਟੀ ਦੇ ਇੰਸਟੀਚਿਊਟ ਤੇ ਸਕੂਲ ਆਦਿ ਵਿਚ ਕਰੋੜਾਂ ਦੇ ਨਿਜੀ ਫ਼ਾਇਦੇ ਲੈਣ ਦੇ ਕਮੇਟੀ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ 'ਤੇ ਦੋਸ਼ ਲਾਏ। ਪੱਤਰਕਾਰ ਮਿਲਣੀ ਸਮਾਪਤੀ ਦੇ ਕੰਢੇ 'ਤੇ ਪੁੱਜਣ 'ਤੇ ਸਰਨਾ ਨੇ ਪੱਤਰਕਾਰਾਂ ਨੂੰ ਕਿਹਾ, “ਮੇਰੀ ਬੇਨਤੀ ਹੈ, ਤੁਸੀਂ ਸਾਰੇ ਮੇਰੇ ਨਾਲ ਚਲੋ (ਦਿੱਲੀ ਕਮੇਟੀ ਦਫ਼ਤਰ)। ਅੱਜ ਇਨ੍ਹਾਂ (ਪ੍ਰਬੰਧਕਾਂ) ਤੋਂ ਗੋਲਕ ਦਾ ਹਿਸਾਬ ਲਈਏ।'' 3:41 'ਤੇ ਸਰਨਾ ਅਪਣੇ 20 ਕੁ ਹਮਾਇਤੀਆਂ ਨੂੰ ਨਾਲ ਲੈ ਕੇ, ਕੁੱਝ ਸੋ ਮੀਟਰ ਦੀ ਦੂਰੀ 'ਤੇ ਬਣੇ ਹੋਏ ਦਿੱਲੀ ਕਮੇਟੀ ਦੇ ਦਫ਼ਤਰ ਵਿਖੇ 3:46 'ਤੇ ਪੁੱਜ ਕੇ, ਧਰਨਾ ਮਾਰ ਕੇ ਬਹਿ ਗਏ। ਦਫ਼ਤਰ ਵਿਖੇ ਡਿਊਟੀ 'ਤੇ ਹਾਜ਼ਰ ਸੇਵਾਦਾਰ ਤੇ ਹੋਰ ਸੀਨੀਅਰ ਮੁਲਾਜ਼ਮ ਸਰਨਾ ਦੇ ਧਰਨੇ ਨੂੰ ਵੇਖ ਕੇ, ਹੱਕੇ ਬੱਕੇ ਰਹਿ ਗਏ।
DSGMC
ਸਰਨਾ ਦੀ ਮੰਗ ਮੁਤਾਬਕ ਨਾ ਤਾਂ ਜਨਰਲ ਮੈਨੇਜਰ ਖ਼ਜ਼ਾਨੇ ਦਾ ਰਜਿਸਟਰ ਲੈ ਕੇ ਹਾਜ਼ਰ ਹੋਇਆ ਤੇ ਉਤੋਂ ਕਈ ਸੀਨੀਅਰ ਪ੍ਰਬੰਧਕ ਕਮੇਟੀ ਵਿਖੇ ਹਾਜ਼ਰ ਸਨ, ਉਹ ਵੀ ਇਖ਼ਲਾਕੀ ਫ਼ਰਜ਼ ਪੂਰਾ ਕਰਨ ਨਾ ਪੁੱਜੇ। ਸਗੋਂ ਰੋਸ ਪ੍ਰਗਟਾਉਣ 'ਤੇ ਬਾਦਲਾਂ ਤੋਂ ਗੋਲਕ ਦਾ ਹਿਸਾਬ ਮੰਗਣ ਦੀ ਮੰਗ ਕਰਦੇ ਹੋਏ ਅਖ਼ੀਰ ਸ.ਸਰਨਾ ਅਪਣੇ ਹਮਾਇਤੀਆਂ ਨਾਲ ਸਿਰਫ਼ 12 ਮਿੰਟ ਬਾਅਦ 3:56 'ਤੇ ਧਰਨੇ ਤੋਂ ਉਠ ਕੇ, ਵਾਪਸ ਆਪਣੇ ਦਫ਼ਤਰ ਨੂੰ ਤੁਰ ਪਏ। ਧਰਨੇ 'ਤੇ ਸਰਨਾ ਨੇ ਕਿਹਾ,“ਜਦੋਂ ਮੈਂ ਪ੍ਰਧਾਨਗੀ ਛੱਡੀ ਸੀ, ਉਦੋਂ ਤੋਸ਼ੇਖ਼ਾਨੇ ਵਿਚ ਕੁਲ 9 ਕਰੋੜ ਦੀ ਰਕਮ ਛੱਡ ਕੇ ਗਿਆ ਸੀ। ਅੱਜ ਇਹ ਖ਼ਜ਼ਾਨੇ ਨੂੰ ਅਪਣੇ ਨਿਜੀ ਹਿਤਾਂ ਲਈ ਵਰਤ ਰਹੇ ਹਨ।''
Paramjeet Singh Sarna
ਭਾਵੇਂ ਕਿ ਅਪਣੇ ਤਕਰੀਬਨ ਡੇਢ ਦਹਾਕੇ ਦੀ 'ਬਾਦਸ਼ਾਹਤ' ਵਾਲੇ ਕਾਰਜਕਾਲ ਵਿਚ ਕਦੇ ਅਜਿਹਾ ਮੌਕਾ ਨਹੀਂ ਬਣਿਆ ਜਦੋਂ ਸਰਨਾ ਭਰਾਵਾਂ ਨੇ ਕਿਸੇ ਸਿੱਖ ਜਾਂ ਬਾਦਲ ਦਲ ਦੇ ਕਿਸੇ ਅਹੁਦੇਦਾਰ ਨੂੰ ਕਮੇਟੀ ਦੇ ਖਾਤੇ ਵਿਖਾਏ ਹੋਣ, ਜਿਵੇਂ ਅੱਜ ਖ਼ੁਦ ਵੇਖਣ ਦੀ ਜ਼ਿੱਦ 'ਤੇ ਅੜੇ ਰਹੇ। ਇਸ ਵਿਚਕਾਰ ਸਰਕਾਰੀ ਖ਼ੁਫ਼ੀਆ ਮਹਿਕਮੇ ਦੇ ਕੁੱਝ ਮੁਲਾਜ਼ਮ ਵੀ ਹਾਜ਼ਰ ਸਨ, ਪਰ ਜਦੋਂ ਸਰਨਾ ਕਮੇਟੀ ਦਫ਼ਤਰ ਤੋਂ ਬਾਹਰ ਨਿਕਲੇ, ਉਦੋਂ ਦੋ ਪੁਲਿਸ ਮੁਲਾਜ਼ਮ ਮੋਟਰਸਾਈਕਲ 'ਤੇ ਕਮੇਟੀ ਦੇ ਦਫ਼ਤਰ ਦੇ ਗੇਟ 'ਤੇ ਪੁੱਜ ਚੁਕੇ ਸਨ। ਸਾਲ 2013 ਦੀਆਂ ਦਿੱਲੀ ਕਮੇਟੀ ਚੋਣਾਂ ਹਾਰਨ ਪਿਛੋਂ ਇਹ ਦੂਜਾ ਮੌਕਾ ਸੀ, ਜਦੋਂ ਸਰਨਾ ਕਮੇਟੀ ਦਫ਼ਤਰ ਵਿਖੇ ਆਏ ਸਨ, ਇਸ ਤੋਂ ਪਹਿਲਾਂ ਉਹ ਪ੍ਰਬੰਧਕਾਂ ਨੂੰ ਨਨਕਾਣਾ ਸਾਹਿਬ ਦੇ ਨਗਰ ਕੀਰਤਨ ਦਾ ਸੱਦਾ ਦੇਣ 15 ਜੂਨ ਨੂੰ ਕਮੇਟੀ ਪੁੱਜੇ ਸਨ।
ਸਰਨਾ ਦੇ ਪੁੱਜਣ ਨਾਲ ਕਮੇਟੀ ਦਫ਼ਤਰ ਵਿਖੇ ਇਹ ਚਰਚਾ ਵੀ ਤੁਰ ਪਈ ਸੀ ਕਿ ਜੋ ਵੀ ਕੁਰਸੀ 'ਤੇ ਬਹਿੰਦਾ, ਉਹ ਰੱਬ ਹੀ ਬਣ ਜਾਂਦੈ। ਪਿਛੋਂ ਜਦੋਂ 'ਸਪੋਕਸਮੈਨ' ਵਲੋਂ ਸਰਨਾ ਨੂੰ ਪੁਛਿਆ ਗਿਆ ਕਿ ਉਨ੍ਹਾਂ ਕਦੇ ਬਾਦਲਾਂ ਨੂੰ ਇੰਜ ਹਿਸਾਬ ਵਿਖਾਇਆ ਹੈ, ਜਿਵੇਂ ਅੱਜ ਮੰਗ ਕਰ ਰਹੇ ਹੋ, ਤਾਂ ਉਨ੍ਹਾਂ ਝੱਟ ਕਿਹਾ,“ਅਸੀਂ ਭ੍ਰਿਸ਼ਟਾਚਾਰ ਕੀਤਾ ਹੀ ਨਹੀਂ ਸੀ।''