
ਕਿਹਾ, ਸਰਕਾਰ ਦਸੰਬਰ 2023 ਤਕ ਹਰਿਆਣਾ ਕਮੇਟੀ ਦੀਆਂ ਚੋਣਾਂ ਕਰਵਾਏ, ਚੋਣਾਂ ਤਕ ਕਮੇਟੀ ਦੇ ਕੰਮਕਾਜ ’ਤੇ ਰੋਕ ਲਗਾਈ ਜਾਵੇ
ਕਰਨਾਲ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹਰਿਆਣਾ ਦੀ ਸੰਗਤ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਵਿਵਾਦ ਨੂੰ ਲੈ ਕੇ ਇਕ ਸਿੱਖ ਪੰਚਾਇਤ ਬੁਲਾਈ ਗਈ ਅਤੇ ਇਸ ਸਿੱਖ ਪੰਚਾਇਤ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਪਹੁੰਚੀਆਂ । ਇਸ ਸਿੱਖ ਪੰਚਾਇਤ ਵਿਚ ਕਰਨਾਲ ਜ਼ਿਲੇ੍ਹ ਤੋਂ ਇਲਾਵਾ ਸਿਰਸਾ ਕੈਥਲ ਅਤੇ ਹੋਰ ਜ਼ਿਲ੍ਹੇ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਇਹ ਸਿੱਖ ਸੰਗਤ ਦੇ ਇਕੱਠ ਵਿਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵਿਚ ਪੈਦਾ ਵਿਵਾਦ ਨੂੰ ਲੈ ਕੇ ਚਰਚਾ ਕੀਤੀ ਗਈ ਜਿਸ ਤੋਂ ਬਾਅਦ ਸਾਰੀ ਸਿੱਖ ਸੰਗਤ ਨੇ ਇਕਮਤ ਹੋ ਕੇ ਇਸ ਸਰਕਾਰੀ ਕਮੇਟੀ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਨਾਲ ਹਰਿਆਣਾ ਸਰਕਾਰ ਨੂੰ ਅਲਟੀਮੇਟ ਦਿਤਾ ਕੀ ਦਸੰਬਰ 2023 ਤਕ ਹਰਿਆਣਾ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਅਤੇ ਚੁਣ ਕੇ ਆਏ ਮੈਂਬਰ ਨੂੰ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਬੰਧ ਦਿਤਾ ਜਾਏ। ਜਦੋਂ ਤਕ ਚੋਣਾਂ ਨਹੀਂ ਹੁੰਦੀਆਂ ਉਦੋਂ ਤਕ ਇਸ ਕਮੇਟੀ ’ਤੇ ਰੋਕ ਲਗਾਈ ਜਾਵੇ ਸਿਰਫ਼ ਰੁਟੀਨ ਦੇ ਕਾਰਜ ਕਰਨ ਦੀ ਇਜ਼ਾਜਤ ਹੋਵੇ, ਵੱਡੇ ਫ਼ੈਸਲੇ ਲੈਣ ’ਤੇ ਰੋਕ ਲਗਾਈ ਜਾਵੇ।
ਇਸ ਪੰਚਾਇਤ ਵਿਚ ਸਰਕਾਰ ਨੂੰ ਚੇਤਾਵਨੀ ਦਿਤੀ ਗਈ ਕਿ ਸਰਕਾਰ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਕੋਈ ਦਖ਼ਲਅੰਦਾਜ਼ੀ ਨਾ ਕਰੇ ਅਤੇ ਜਲਦ ਤੋਂ ਜਲਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 28 ਅਗੱਸਤ ਨੂੰ ਸਰਸਾ ਵਿਖੇ ਸਿੱਖ ਸੰਗਤ ਦਾ ਵੱਡਾ ਇਕੱਠ ਹਰਿਆਣਾ ਸਰਕਾਰ ਅਤੇ ਇਸ ਕਮੇਟੀ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।
ਇਸ ਤੋਂ ਬਾਅਦ ਕੈਥਲ ਵਿਚ ਵੀ ਵੱਡਾ ਇਕੱਠ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਜਦੋਂ ਤਕ ਸਰਕਾਰ ਹਰਿਆਣਾ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਨਹੀਂ ਕਰਦੀ ਉਦੋਂ ਤਕ ਇਸੇ ਤਰ੍ਹਾਂ ਹਰਿਆਣੇ ਦੇ ਹਰ ਜ਼ਿਲ੍ਹੇ ਵਿਚ ਹਰ ਕਸਬੇ ਵਿਚ ਸੰਗਤਾਂ ਦਾ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਹਰਿਆਣੇ ਦੇ ਸਿੱਖਾਂ ਨੂੰ ਹਰਿਆਣਾ ਸਰਕਾਰ ਦੇ ਮਨਸੂਬਿਆਂ ਤੋਂ ਜਾਣੂ ਕਰਵਾਇਆ ਜਾਵੇਗਾ ਕਿ ਕਿਸ ਤਰ੍ਹਾਂ ਹਰਿਆਣਾ ਸਰਕਾਰ ਹਰਿਆਣਾ ਦੇ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੇ ਵੱਡੇ ਸੰਘਰਸ਼ ਨਾਲ ਹਰਿਆਣੇ ਦੀ ਵਖਰੀ ਕਮੇਟੀ ਲੈਣ ਲਈ ਸੰਘਰਸ਼ ਕੀਤਾ ਸੀ ਪਰ ਹੁਣ ਇਸ ਕਮੇਟੀ ਉੱਤੇ ਹਰਿਆਣਾ ਸਰਕਾਰ ਨੇ ਅਪਣੇ ਬੰਦੇ ਬਿਠਾ ਕੇ ਕਿਵੇਂ ਕਬਜ਼ਾ ਕੀਤਾ ਹੋਇਆ ਹੈ। ਸੰਗਤ ਨੂੰ ਜਾਗਰੂਕ ਕਰ ਕੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ।