Safar-E-Shahadat in Punjabi: ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ
Published : Dec 21, 2024, 2:20 pm IST
Updated : Dec 21, 2024, 2:20 pm IST
SHARE ARTICLE
 Shaheedi Diwas Vadde Sahibzade
Shaheedi Diwas Vadde Sahibzade

Safar-E-Shahadat in Punjabi: ਸਿੰਘਾਂ ਵਲੋਂ ਜ਼ੁਲਮ ਤੇ ਅਨਿਆਂ ਵਿਰੁਧ ਲੜੀਆਂ ਗਈਆਂ ਜੰਗਾਂ ’ਚੋਂ ਚਮਕੌਰ ਸਾਹਿਬ ਦੀ ਜੰਗ ਇਕ ਅਨੋਖੀ ਜੰਗ ਸੀ

Safar-E-Shahadat in Punjabi: ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸ ’ਚ ਸ਼ਹੀਦੀਆਂ ਦੀ ਪ੍ਰੰਪਰਾ ਦਾ ਆਰੰਭ ਪੰਜਵੇਂ ਗੁਰੂ ਅਰਜਨ ਦੇਵ ਜੀ ਤੋਂ ਹੁੰਦਾ ਹੈ। ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਤੇ ਉਨ੍ਹਾਂ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਅਤਿਆਚਾਰਾਂ ਵਿਰੁਧ ਤੇ ਧਰਮ ਦੀ ਰਖਿਆ ਖ਼ਾਤਰ ਸ਼ਹਾਦਤ ਦਿਤੀ। ਇਸ ਤੋਂ ਬਾਅਦ ਖ਼ਾਲਸਾ ਪੰਥ ਅੰਦਰ ਸ਼ਹਾਦਤਾਂ ਦੀ ਇਕ ਲੰਮੀ ਲੜੀ ਨਜ਼ਰ ਗੋਚਰੇ ਆਉਂਦੀ ਹੈ।

ਇਸ ਦਾ ਮਤਲਬ ਸਮੁੱਚਾ ਸਿੱਖ ਇਤਿਹਾਸ ਸ਼ਹਾਦਤਾਂ ਤੇ ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਸ਼ਹਾਦਤਾਂ ਦਾ ਮੁੱਖ ਕਾਰਨ ਹੱਕ-ਸੱਚ ਤੇ ਧਰਮ ਦੀ ਸਥਾਪਤੀ ਕਰਨਾ ਸੀ। ਦੁਨੀਆਂ ਨੂੰ ਅਨਿਆਂ, ਦੁਰਾਚਾਰ ਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇਕ ਆਦਰਸ਼ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਸੀ, ਮਰ ਚੁਕੀਆਂ ਜ਼ਮੀਰਾਂ ਨੂੰ ਜਗਾਉਣਾ ਸੀ ਅਤੇ ਜ਼ੁਲਮਾਂ ਨਾਲ ਮੁਰਦਾ ਹੋ ਚੁਕੀਆਂ ਰੂਹਾਂ ਅੰਦਰ ਜਾਨ ਭਰਨਾ ਸੀ।

ਸਿੰਘਾਂ ਵਲੋਂ ਜ਼ੁਲਮ ਤੇ ਅਨਿਆਂ ਵਿਰੁਧ ਲੜੀਆਂ ਗਈਆਂ ਜੰਗਾਂ ’ਚੋਂ ਚਮਕੌਰ ਸਾਹਿਬ ਦੀ ਜੰਗ ਇਕ ਅਨੋਖੀ ਜੰਗ ਸੀ। 1704 ਈ. ’ਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸਾਂਝੀ ਕਮਾਨ ਹੇਠ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਦੁਸ਼ਮਣਾਂ ਵਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਪਹਾੜੀ ਰਾਜਿਆਂ ਦੇ ਵਿਸ਼ਵਾਸ ਅਤੇ ਸਮੇਂ ਦੇ ਬਾਦਸ਼ਾਹ ਵਲੋਂ ਦਿਤੇ ਭਰੋਸੇ ਕਿ ਜੇ ਗੁਰੂ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਜਾਣ ਤਾਂ ਉਨ੍ਹਾਂ ’ਤੇ ਹਮਲਾ ਨਹੀਂ ਕੀਤਾ ਜਾਵੇਗਾ, ਦਿਤੇ ਵਚਨਾਂ ਤੇ ਕੀਤੇ ਕਰਾਰਾਂ ਉੱਤੇ ਯਕੀਨ ਕਰ ਕੇ ਦਸਮੇਸ਼ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਕਿਲ੍ਹਾ ਖ਼ਾਲੀ ਕਰ ਦਿਤਾ ਸੀ। ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰ ਕੇ ਜਾਣ ’ਤੇ ਦੁਸ਼ਮਣ ਨੇ ਸ਼ਰਤਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। 

ਇਹ ਧਰਮਹੀਣ ਰਾਜਸੱਤਾ ਦਾ ਹੀ ਨੰਗਾ ਨਾਚ ਸੀ। ਸਰਸਾ ਨਦੀ ਦੇ ਕੰਢੇ ਭਾਰੀ ਯੁੱਧ ਹੋਇਆ ਜਿਸ ਦੌਰਾਨ ਦੋਹਾਂ ਧਿਰਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸੇ ਘਮਸਾਨ ਯੁੱਧ ਦੌਰਾਨ ਗੁਰੂ ਸਾਹਿਬ ਦਾ ਪ੍ਰਵਾਰ ਖੇਰੂੰ ਖੇਰੂੰ ਹੋ ਕੇ ਤਿੰਨ ਹਿੱਸਿਆਂ ਵਿਚ ਵੰਡਿਆ ਅਤੇ ਵਿਛੜ ਗਿਆ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇਕ ਪਾਸੇ ਚਲੇ ਗਏ। ਮਾਤਾ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਸਮੇਤ ਕੁੱਝ ਸਿੰਘ ਦਿੱਲੀ ਵਾਲੇ ਪਾਸੇ ਚਲੇ ਗਏ। ਇਹ 6 ਅਤੇ 7 ਪੋਹ ਦੀ ਰਾਤ ਦਾ ਸਮਾਂ ਸੀ। ਜਦੋਂ ਅੰਮ੍ਰਿਤ ਵੇਲਾ ਹੋਇਆ, ਦਸ਼ਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਕੁੱਝ ਕੁ ਸਿੰਘਾਂ ਨਾਲ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਖੇ ਪੁੱਜ ਗਏ।

ਸ਼ਾਹੀ ਫ਼ੌਜਾਂ ਨੇ ਵੀ ਮਗਰ-ਮਗਰ ਚਮਕੌਰ ਸਾਹਿਬ ਪੁੱਜ ਕੇ ਗੜ੍ਹੀ ਨੂੰ ਘੇਰਾ ਪਾ ਲਿਆ। ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ 40 ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਡਟ ਕੇ ਟਾਕਰਾ ਕੀਤਾ। ਅਗਲੇ ਦਿਨ ਜੰਗ ਆਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਜੀ ਤੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਦਸਮ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕਰ ਦਿੱਤਾ। 

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਵਿਚ ਜਾਂਦੇ ਹੀ ਮੁਗ਼ਲ ਫ਼ੌਜਾਂ ਨੂੰ ਭਾਜੜਾਂ ਪਾ ਦਿਤੀਆਂ। ਸਾਹਿਬਜ਼ਾਦਾ ਅਜੀਤ ਸਿੰਘ ਜੀ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰ ਗਏ। ਮਗਰੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਗੁਰੂ ਪਿਤਾ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਸਤਿਗੁਰਾਂ ਨੇ ਉਸ ਨੂੰ ਵੀ ਅਪਣੇ ਹੱਥੀਂ ਤਿਆਰ ਕਰ ਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ :-

ਹਮ ਦੇਤੇ ਹੈਂ ਖੰਜਰ, ਉਸੇ ਸ਼ਮਸ਼ੀਰ ਸਮਝਨਾ।
ਨੇਜ਼ੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਨਾ।
ਜਿਤਨੇ ਮਰੇਂ ਇਸ ਸੇ, ਉਨ੍ਹੇਂ ਬੇ-ਪੀਰ ਸਮਝਨਾ।
ਜ਼ਖ਼ਮ ਆਏ ਤੋ ਰੋਨਾ ਨਹੀਂ ਦਿਲਗੀਰ ਸਮਝਨਾ।
ਜਬ ਤੀਰ ਕਲੇਜੇ ਮੇਂ ਲਗੇ, ‘ਸੀ’ ਨਹੀਂ ਕਰਨਾ।
‘ਉਫ਼’ ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀਂ ਕਰਨਾ।

ਇੰਝ ਨਿੱਕੀਆਂ ਨਿੱਕੀਆਂ ਜ਼ਿੰਦਾਂ ਜੰਗ ਦੇ ਮੈਦਾਨ ਵਿਚ ਅਣਗਿਣਤ ਵੈਰੀਆਂ ਦੇ ਆਹੂ ਲਾਹ ਕੇ ਸ਼ਹਾਦਤਾਂ ਪਾ ਗਈਆਂ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਕਿਹਾ , ‘‘ਧਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨੇ-ਜੰਗ ਤੋਂ ਸੁਰਖ਼ਰੂ ਹੋ ਕੇ ਜਾ ਰਿਹਾ ਹਾਂ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਹਿੰਦੀ ਦੇ ਪ੍ਰਸਿੱਧ ਕਵੀ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ :
 

‘‘ਜਿਸ ਕੁਲ ਜਾਤੀ ਦੇਸ਼ ਕੇ ਬੱਚੇ, 
ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ,
ਭਵਿਸ਼ਯ ਹੈ ਮਹਾਂ ਮਹਾਨ।’’

ਚਮਕੌਰ ਦੀ ਵੱਡੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਨੇ ਚਮਕੌਰ ਸਾਹਿਬ ਦੀ ਧਰਤੀ ਨੂੰ ਪਵਿੱਤਰ ਬਣਾ ਦਿਤਾ। ਇਹ ਧਰਤੀ ਇਕ ਤੀਰਥ ਅਸਥਾਨ ਬਣ ਗਈ, ਜੋ ਸ਼ਹਾਦਤ ਦੇ ਇਤਿਹਾਸ ਦੀ ਇਕ ਅਨੋਖੀ ਮਿਸਾਲ ਪੇਸ਼ ਕਰਦੀ ਹੈ। ਅੱਜ ਦੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਅਤੇ ਧਰਮ ਪ੍ਰਤੀ ਪ੍ਰਪੱਕਤਾ ਨੂੰ ਅਪਣੇ ਜੀਵਨ ਵਿਚ ਅਪਣਾਉਂਦਿਆਂ ਬਹਾਦਰੀ ਅਤੇ ਸਦਾਚਾਰਕ ਜੀਵਨ ਜਿਉਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਤੋਂ ਸੇਧ ਪ੍ਰਾਪਤ ਕਰ ਕੇ ਆਦਰਸ਼ਵਾਦੀ ਸੋਚ ਵਿਚ ਪ੍ਰਪੱਕ ਰਹਿਣ ਦਾ ਅਹਿਦ ਕਰਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement