
ਤਿੰਨ ਮੁਲਾਜ਼ਮਾਂ 'ਤੇ ਔਰਤਾਂ ਨਾਲ ਛੇੜਛਾੜ ਕਰਨ ਦਾ ਮਾਮਲਾ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਨੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ 'ਤੇ ਸ਼ਬਦੀ ਹਮਲਾ ਕਰਦਿਆਂ ਪੁਛਿਆ ਹੈ ਕਿ ਆਖ਼ਰ ਕਿਉਂ ਕਮੇਟੀ ਪ੍ਰਬੰਧਕ ਔਰਤਾਂ ਨਾਲ ਛੇੜਛਾਛ ਕਰਨ ਵਾਲੇ ਦੋਸ਼ੀ ਸੀਨੀਅਰ ਮੁਲਾਜ਼ਮਾਂ ਨੂੰ ਬਚਾਅ ਰਹੇ ਹਨ? ਇਸ ਤਰ੍ਹਾਂ ਸਿੱਖਾਂ ਦੀ ਧਾਰਮਕ ਜਥੇਬੰਦੀ ਦੀ ਬਹੁਤ ਬਦਨਾਮੀ ਹੋ ਰਹੀ ਹੈ। ਉਨ੍ਹਾਂ ਛੇੜਛਾੜ ਦੇ ਮਾਮਲਿਆਂ ਦੀ ਪੜਤਾਲ ਲਈ ਦਿੱਲੀ ਕਮੇਟੀ ਵਲੋਂ ਬਣਾਈ ਗਈ ਸੇਵਾਮੁਕਤ ਜਸਟਿਸ ਆਰ.ਐਸ.ਸੋਢੀ ਦੀ ਅਗਵਾਈ ਵਾਲੀ ਕਮੇਟੀ ਨੂੰ 'ਗੋਂਗਲੂਆਂ ਤੋਂ ਮਿੱਟੀ ਝਾੜਨ' ਦੀ ਕਾਰਵਾਈ ਦਸਿਆ ਹੈ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫ਼ਤਰ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਖੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਵਾਲੀਆ ਨੇ ਕਿਹਾ ਕਿ ਜਦ ਅਦਾਲਤ ਵਿਚ ਦੋਸ਼ੀਆਂ ਦੀ ਜ਼ਮਾਨਤ ਰੱਦ ਹੋ ਗਈ ਹੈ ਫਿਰ ਕਿਉਂ ਕਮੇਟੀ ਅਪਣੇ ਵਕੀਲਾਂ ਰਾਹੀਂ ਗੁਰਦਵਾਰਾ ਕਮੇਟੀ ਦਾਗ਼ੀਆਂ ਦੀ ਪੈਰਵਾਈ ਕਰ ਰਹੀ ਹੈ? ਕਮੇਟੀ ਪ੍ਰਬੰਧਕ ਸਾਹਮਣੇ ਆ ਕੇ, ਸੰਗਤ ਨੂੰ ਔਰਤਾਂ ਨਾਲ ਵਾਪਰੇ ਛੇੜਛਾੜ ਮਾਮਲਿਆਂ ਬਾਰੇ ਸਪਸ਼ਟ ਕਰਨ।
Harmeet Kaur Walia
ਉਨਾਂ੍ਹ ਕਿਹਾ ਕਿ ਸੰਗਤ ਦੀ ਮੰਗ ਹੈ ਕਿ ਜਸਟਿਸ ਸੋਢੀ ਦੀ ਕਮੇਟੀ ਔਰਤਾਂ ਦੇ ਮਾਮਲਿਆਂ ਦੀ ਬਜਾਏ ਇਹ ਪਤਾ ਲਾਉਣ ਕਿ ਕਮੇਟੀ ਪਿਛਲੇ ਪੰਜ ਸਾਲਾਂ ਵਿਚ ਕਮੇਟੀ ਦੀ 129 ਕਰੋੜ ਰੁਪਏ ਦੀ ਦੇਣਦਾਰੀ ਕਿਵੇਂ ਬਣ ਗਈ ਕਿਉਂਕਿ ਦੋਸ਼ੀਆਂ ਬਾਰੇ ਤਾਂ ਪਹਿਲਾਂ ਹੀ ਮਾਮਲਾ ਅਦਾਲਤ ਵਿਚ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਮੋਹਨ ਸਿੰਘ ਨੇ ਕਿਹਾ ਕਿ ਦਾਗ਼ੀ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਵਲੋਂ ਛੇੜਛਾੜ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਉਸ ਵਿਰੁਧ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਪਰ ਪ੍ਰਬੰਧਕ ਉਸ ਨੂੰ ਕਿਸ ਖ਼ਾਸ ਮਕਸਦ ਲਈ ਬਚਾਅ ਰਹੇ ਹਨ, ਇਹ ਭੇਦ ਖੁਲ੍ਹਣਾ ਚਾਹੀਦਾ ਹੈ।