
ਗੁਟਕਿਆਂ ਵਿਚ ਹਵਨ ਤੇ ਹਵਨ ਸਮਗਰੀ ਦਾ ਵੇਰਵਾ, ਪ੍ਰਬੰਧਕਾਂ ਨੇ ਖ਼ੁਦ ਮੰਨਿਆ ਕਿ ਸੰਪਰਦਾਈਆਂ ਵਾਲੇ ਗੁਟਕੇ ਕੀਤੇ ਗਏ ਵਾਪਸ
ਕੋਟਕਪੂਰਾ (ਗੁਰਿੰਦਰ ਸਿੰਘ) : ਜ਼ਿਲ੍ਹੇ ਦੇ ਕਸਬੇ ਬਾਜਾਖ਼ਾਨਾ ਦੇ ਗੁਰਦਵਾਰਾ ਸਾਹਿਬ 'ਚ ਸੰਪਰਦਾਈਆਂ ਵਲੋਂ ਛਾਪੇ ਜਾਂ ਛਪਵਾਏ ਗੁਰਬਾਣੀ ਦੇ ਪਾਵਨ ਗੁਟਕਿਆਂ ਦੇ ਪੁੱਜਣ ਨੂੰ ਲੈ ਕੇ ਵਿਵਾਦ ਖੜਾ ਹੋਣਾ ਸੁਭਾਵਕ ਹੈ, ਕਿਉਂਕਿ ਉਕਤ ਗੁਟਕਿਆਂ ਉਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਚੁਨੌਤੀ ਦੇਣ ਵਾਲੀਆਂ ਸਤਰਾਂ ਦੇਖ ਕੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਤੇ ਸ਼ਰਧਾਲੂ ਵੀ ਹੈਰਾਨ ਰਹਿ ਗਏ।
Gurbani
ਉਨ੍ਹਾਂ ਇਕ ਵੀਡੀਉ ਜਾਰੀ ਕਰ ਕੇ ਖ਼ੁਦ ਦਸਿਆ ਕਿ ਭਾਈ ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਸਾਰੇ ਪਾਵਨ ਗੁਟਕਿਆਂ 'ਚ ਵਿਵਾਦਤ ਸ਼ਬਦਾਵਲੀ ਸੰਗਤਾਂ 'ਚ ਦੁਬਿਧਾ ਖੜੀ ਕਰਨ ਦੀ ਇਕ ਚਾਲ ਜਾਂ ਸਾਜ਼ਸ਼ ਮੰਨੀ ਜਾ ਸਕਦੀ ਹੈ। ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਜਨਤਕ ਕੀਤੀ ਵੀਡੀਉ ਮੁਤਾਬਕ ਗੁਰਦਵਾਰਾ ਆਨੰਦਗੜ੍ਹ ਸਾਹਿਬ ਬਾਜਾਖ਼ਾਨਾ ਵਿਖੇ ਪੁੱਜੇ ਗੁਟਕਾ ਸਾਹਿਬ ਨੂੰ ਜਦ ਖੋਲ੍ਹ ਕੇ ਪੜ੍ਹਿਆ ਗਿਆ ਤਾਂ ਉਨ੍ਹਾਂ ਉਪਰ ਲਿਖਿਆ ਨਾਮ ਸ਼੍ਰੋਮਣੀ ਕਮੇਟੀ ਤੋਂ ਪ੍ਰਕਾਸ਼ਤ ਗੁਟਕਿਆਂ ਨਾਲ ਮੇਲ ਨਹੀਂ ਸੀ ਖਾਂਦਾ।
Gutka Sahib
ਜਿਵੇਂ ਕਿ ਇਕ ਗੁਟਕਾ ਸਾਹਿਬ 'ਤੇ ਸੁਖਮਨੀ ਸਾਹਿਬ ਦੀ ਥਾਂ 'ਸੁਖਮਨਾ ਸਾਹਿਬ', ਦੂਜੇ ਗੁਟਕੇ 'ਤੇ ਸ੍ਰੀ ਗੁਰੂ ਰਾਮ ਸਿੰਘ ਜੀ ਸਹਾਏ ਲਿਖਿਆ ਹੋਇਆ ਸੀ। ਜਦ ਪ੍ਰਬੰਧਕਾਂ ਨੇ ਸ਼ੱਕ ਪੈਣ 'ਤੇ ਗੁਟਕਿਆਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ 'ਚ ਲਿਖੀਆਂ ਤੁਕਾਂ ਗੁਰੂ ਅਰਜਨ ਦੇਵ ਜੀ ਦੇ ਫ਼ਲਸਫ਼ੇ ਨਾਲ ਮੇਲ ਨਹੀਂ ਸਨ ਖਾਂਦੀਆਂ, ਕਿਉਂਕਿ ਨਾਨਕਸਰ, ਨਾਮਧਾਰੀ ਅਤੇ ਭੁੱਚੋ ਮੰਡੀ ਵਾਲਿਆਂ ਡੇਰਿਆਂ ਨਾਲ ਸਬੰਧਤ ਉਕਤ ਗੁਟਕਿਆਂ 'ਚ ਹਵਨ ਦੀ ਬਾਣੀ, ਹਵਨ ਸਮੱਗਰੀ ਅਤੇ ਅੰਮ੍ਰਿਤ ਦੀ ਬਾਣੀ ਬਾਰੇ ਵੀ ਪੜ੍ਹ ਕੇ ਹਰ ਗੁਰੂ ਨਾਨਕ ਨਾਮਲੇਵਾ ਪ੍ਰ੍ਰਾਣੀ ਦਾ ਹਿਰਦਾ ਵਲੂੰਧਰਿਆ ਜਾਣਾ ਸੁਭਾਵਿਕ ਸੀ ਕਿਉਂਕਿ ਉਕਤ ਅੰਧ-ਵਿਸ਼ਵਾਸ, ਵਹਿਮ-ਭਰਮ ਅਤੇ ਕਰਮ-ਕਾਂਡਾਂ ਦਾ ਗੁਰੂ ਸਾਹਿਬਾਨ ਵਲੋਂ ਸਰਲ ਭਾਸ਼ਾ 'ਚ ਦਲੀਲਾਂ ਨਾਲ ਖੰਡਨ ਕੀਤਾ ਗਿਆ ਹੈ।
Sukhmani Sahib
ਇਲਾਕੇ ਭਰ ਦੀਆਂ ਸੰਗਤਾਂ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਮੰਨਦਿਆਂ ਦੋਸ਼ ਲਾਇਆ ਕਿ ਜੇਕਰ ਸਾਡੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਹੀ ਇਸ ਪਾਸੇ ਧਿਆਨ ਨਹੀਂ ਦੇਵੇਗੀ ਤਾਂ ਸੰਪਰਦਾਈ ਤਾਕਤਾਂ ਵਲੋਂ ਗੁਰਬਾਣੀ ਫ਼ਲਸਫ਼ੇ 'ਤੇ ਹਮਲੇ ਜਾਰੀ ਰਹਿਣਗੇ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰੀਤਮ ਸਿੰਘ ਨੇ ਮੰਨਿਆ ਕਿ ਉਨ੍ਹਾਂ ਖ਼ੁਦ ਅਪਣੇ ਕਿਸੇ ਜਾਣੂ ਤੋਂ ਉਕਤ ਗੁਟਕਾ ਸਾਹਿਬ ਮੰਗਵਾਏ ਸਨ ਪਰ ਸੰਪਰਦਾਈਆਂ ਵਲੋਂ ਪ੍ਰਕਾਸ਼ਤ ਕਰਵਾਏ ਗਏ ਗੁਟਕੇ ਉਨ੍ਹਾਂ ਵਾਪਸ ਕਰ ਦਿਤੇ।
SGPC
ਉਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਆਖਿਆ ਕਿ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਫਿਰ ਗਿਆਨੀ ਗੁਰਬਚਨ ਸਿੰਘ ਨੇ ਬਿਨਾਂ ਕੋਈ ਪੜਤਾਲ ਕੀਤਿਆਂ ਕੁੱਝ ਅਜਿਹੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਇਕੱਤਰ ਕਰ ਕੇ ਉਨ੍ਹਾਂ ਦਾ ਸਸਕਾਰ ਜਾਂ ਜਲ ਪ੍ਰਵਾਹ ਕਰਨ ਦੀ ਇਜਾਜ਼ਤ ਦੇ ਰੱਖੀ ਸੀ।
Guru Granth Sahib Ji
ਉਨ੍ਹਾਂ ਦੋਸ਼ ਲਾਇਆ ਕਿ ਦੁਸ਼ਮਣ ਤਾਕਤਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਅਣਗਹਿਲੀ ਜਾਂ ਮਿਲੀਭੁਗਤ ਨਾਲ ਅਜਿਹੇ ਹਜ਼ਾਰਾਂ ਪੁਰਾਤਨ ਸਰੂਪ ਪਤਾ ਹੀ ਨਹੀਂ ਕਿਧਰ ਗੁੰਮ ਕਰ ਦਿਤੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਆਖਿਆ ਕਿ ਗੁਰੂ ਸਾਹਿਬ ਨੇ ਮਾਮੂਲੀ ਗ਼ਲਤੀ ਦੇ ਬਦਲੇ ਧੀਰ ਮੱਲੀਆਂ ਤੇ ਰਾਮ ਰਾਈਆਂ ਨੂੰ ਪੰਥ 'ਚੋਂ ਖ਼ਾਰਜ ਕੀਤਾ ਸੀ ਪਰ ਹੁਣ ਗੁਰਬਾਣੀ ਨਾਲ ਛੇੜਛਾੜ ਨੂੰ ਅਕਾਲੀ ਦਲ ਟਕਸਾਲੀ ਬਰਦਾਸ਼ਤ ਨਹੀਂ ਕਰੇਗਾ।