
ਮੈਂ ਕਿਸੇ (ਦਾਦੂਵਾਲ) ਨੂੰ ਕਾਰਜਕਾਰੀ ਪ੍ਰਧਾਨ ਨਹੀਂ ਬਣਾਇਆ
ਸਿਰਸਾ, 21 ਜੁਲਾਈ (ਸੁਰਿੰਦਰ ਪਾਲ ਸਿੰਘ): ਹਰਿਆਣਾ ਕਮੇਟੀ ਦੇ ਹੋਂਦ ਵਿਚ ਆਉਣ ਲਈ ਹਾਲੇ ਪਹਾੜ ਜਿੰਨੀਆਂ ਔਕੜਾਂ ਬਾਕੀ ਹਨ ਪਰ ਹੁਣ ਤੋਂ ਹੀ ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਦੇ ਕਾਟੋ ਕਲੇਸ਼ ਨੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਡੂੰਘੀ ਚਿੰਤਾ ਵਿਚ ਪਾ ਦਿਤਾ ਹੈ।
ਹਰਿਆਣਾ ਸਿੱਖ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਰਜਕਾਰੀ ਪ੍ਰਧਾਨ ਬਣਾਉਣ ਬਾਰੇ ਬਿਆਨ ਆਉਣ ਸਦਕਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਕਾਰਜਕਾਰੀ ਪ੍ਰਧਾਨ ਨਹੀਂ ਬਣਾਇਆ, ਕਾਰਨ ਸਿੱਖ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਸਰਕਾਰੀ ਏਜੰਸੀਆਂ ਨੇ ਵੀ ਕੰਨ ਖੜੇ ਕਰ ਲਏ ਹਨ।
Photo
ਇਸ ਪੂਰੇ ਮਾਮਲੇ ਸਬੰਧੀ ਹਰਿਆਣਾ ਕਮੇਟੀ ਦੇ ਮੈਂਬਰ ਜਸਬੀਰ ਸਿੰਘ ਭਾਟੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੀਕਾ (ਕੈਂਥਲ) ਵਿਖੇ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਸਾਬਕਾ ਪ੍ਰਧਾਨ ਝੀਂਡਾ ਅਤੇ ਸਮੁੱਚੀ ਕਾਰਜਕਰਨੀ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਦਿਆਂ ਸਰਬਸੰਮਤੀ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਿਸ ਵਿਚ ਹਾਜ਼ਰ ਮੈਂਬਰਾਂ ਨੇ ਕੋਈ ਵਰੋਧ ਨਹੀਂ ਕੀਤਾ ਸਗੋਂ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਤੇ ਪਾਸ ਕੀਤੇ ਗਏ ਸਨ ਜਿਨ੍ਹਾਂ ਵਿਚ ਦਾਦੂਵਾਲ ਨੇ ਕਾਰਜਕਰਨੀ ਦੀ ਚੋਣ ਦਾ ਐਲਾਨ ਵੀ ਕੀਤਾ ਸੀ ਜਿਸ ਵਿਚ 7 ਤਰੀਕ ਨੂੰ ਮੈਂਬਰਾਂ ਦੇ ਕਾਗ਼ਜ਼ ਭਰਨ ਅਤੇ 9 ਅਗੱਸਤ ਤਕ ਵਾਪਸ ਲੈਣ ਦੀ ਤਰੀਕ ਵੀ ਮਿੱਥੀ ਗਈ ਸੀ।
ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੇ ਦਫ਼ਤਰ ਸੈਕਟਰੀ ਦਰਸ਼ਨ ਸਿੰਘ ਬੁਰਾੜੀ ਨੂੰ 13 ਅਗੱਸਤ ਦੀ ਚੋਣ ਲਈ ਚੋਣ ਅਫ਼ਸਰ ਵੀ ਨਿਯੁਕਤ ਕੀਤਾ ਸੀ ਅਤੇ ਇਹ ਸਾਰੀ ਕਾਰਵਾਈ ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਸੈਕਟਰੀ ਦਰਸ਼ਨ ਸਿੰਘ ਬੁਰਾੜੀ ਦੇ ਕਾਰਵਾਈ ਰਜਿਸਟਰ ਵਿਚ ਵੀ ਦਰਜ ਹੈ।
ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਅਤੇ ਹਰਿਆਣਾ ਕਮੇਟੀ ਦੇ ਮੈਂਬਰ ਚੰਨਦੀਪ ਸਿੰਘ ਖੁਰਾਣਾ, ਦੀਦਾਰ ਸਿੰਘ ਨਲਵੀ,ਅਮਰਿੰਦਰ ਸਿੰਘ ਅਰੋੜਾ, ਜਸਵੀਰ ਸਿੰਘ ਭਾਟੀ, ਮੋਹਨਜੀਤ ਸਿੰਘ ਪਾਣੀਪਤ, ਕਰਨੈਲ ਸਿੰਘ ਨਿਮਨਾਬਾਦ, ਅਪਾਰ ਸਿੰਘ ਕਿਸ਼ਨਗੜ੍ਹ ਆਦਿ ਨੇ ਸਾਂਝੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਹਰਿਆਣਾ ਕਮੇਟੀ ਨੂੰ ਉਨ੍ਹਾਂ ਅਪਣਾ ਪੂਰਾ ਸਹਿਯੋਗ ਦਿਤਾ ਅਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਦੀ ਸੇਵਾ ਸੰਭਾਲੀ। ਦੂਜੇ ਪਾਸੇ ਦਲ ਖ਼ਾਲਸਾ ਦੇ ਜਰਨਲ ਸਕੱਤਰ ਭਾਈ ਬਲਕਰਨ ਸਿੰਘ ਡੱਬਵਾਲੀ ਦਾ ਕਹਿਣਾ ਹੈ ਕਿ ਜਦੋਂ ਦੀ ਹਰਿਆਣਾ ਕਮੇਟੀ ਹੋਂਦ ਵਿਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤਕ ਕਮੇਟੀ ਦੀਆਂ ਮੀਟਿੰਗਾਂ ਨਹੀਂ ਹੋਈਆਂ ਜਾਂ ਇਹ ਕਮੇਟੀ ਦਾ ਸਾਰਾ ਮੁੱਦਾ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਦੁਆਲੇ ਹੀ ਘੁੰਮਦਾ ਰਿਹਾ ਹੈ।