
ਦਿੱਲੀ ਕਮੇਟੀ ਨੇ ਮਸਲਾ ਹੱਲ ਕਰਵਾਉਣ ਦਾ ਮੁੜ ਦਿਤਾ ਭਰੋਸਾ
Panthak News: ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ਾਮ ਨੂੰ ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਪੁੱਜ ਕੇ ਸ਼ਰਧਾਲੂਆਂ ਦੀਆਂ ਗੱਡੀਆਂ ਦੇ ਕੱਟੇ ਜਾ ਰਹੇ 20-20 ਹਜ਼ਾਰ ਦੇ ਚਲਾਨਾਂ ਦਾ ਮਸਲਾ ਸਮਝਿਆ। ਸਵੇਰੇ 9 ਤੋਂ ਰਾਤ 9 ਵਜੇ ਤਕ ਸੀਸ ਗੰਜ ਸਾਹਿਬ ਦੀ ਸੜਕ ’ਤੇ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ ਹੈ ਤੇ ਇਹ ਸੜਕ ‘ਨੋ ਐਂਟਰੀ ਜ਼ੋਨ’ ਵਿਚ ਪਾਈ ਹੋਈ ਹੈ। ਇਸ ਬਾਰੇ ਦਿੱਲੀ ਦੇ ਸਾਬਕਾ ਐਲ ਜੀ ਦੇ ਪ੍ਰਵਾਨਗੀ ਨਾਲ 14 ਜੂਨ 2021 ਨੂੰ ਨੋਟੀਫ਼ੀਕੇਸ਼ਨ ਜਾਰੀ ਕੀਤਾ ਗਿਆ ਸੀ।
ਮੌਕੇ ’ਤੇ ਐਲ ਜੀ ਨਾਲ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰੰਘ ਕਾਹਲੋਂ, ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ ਤੇ ਭੁਪਿੰਦਰ ਸਿੰਘ ਭੁੱਲਰ ਸ਼ਾਮਲ ਸਨ। ਐਲ ਜੀ ਨੇ ਗੁਰਦਵਾਰਾ ਸੀਸ ਗੰਜ ਦੀ ਪਾਰਕਿੰਗ ਤਕ ਜਾ ਕੇ ਵੀ ਜਾਇਜ਼ਾ ਲਿਆ। ਐਤਵਾਰ ਸ਼ਾਮ ਨੂੰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੀ ਭਾਈ ਮਤੀ ਦਾਸ ਚੌਕ ’ਤੇ ਇਕ ਮੀਟਿੰਗ ਕਰ ਕੇ ਸਰਕਾਰ ਨੂੰ ਚਿਤਾਵਨੀ ਦੇ ਦਿਤੀ ਸੀ।
ਇਸ ਤੋਂ ਪਹਿਲਾਂ ਯਮੁਨਾਪਾਰ ਦੀ ਗੁਰਬਾਣੀ ਪ੍ਰਚਾਰ ਸੁਸਾਇਟੀ ਦੇ ਨੁਮਾਇੰਦੇ ਜਸਵਿੰਦਰ ਸਿੰਘ ਵਲੋਂ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨਾਲ ਮੀਟਿੰਗ ਕਰ ਕੇ ਮਸਲੇ ਦਾ ਹੱਲ ਕੱਢਣ ਦੀ ਮੰਗ ਕੀਤੀ ਜਾ ਚੁਕੀ ਹੈ। ਭਾਜਪਾ ਦੇ ਨੁਮਾਇੰਦੇ ਗੁਰਮੀਤ ਸਿੰਘ ਸੂਰਾ ਅਤੇ ਦਿੱਲੀ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਵੀ ਇਸ ਮਸਲੇ ’ਤੇ ਸਰਕਾਰ ਨੂੰ ਅਪੀਲਾਂ ਕਰ ਚੁਕੇ ਹਨ। ਦੇਰ ਸ਼ਾਮ ਨੂੰ ਇਕ ਵਖਰਾ ਬਿਆਨ ਜਾਰੀ ਕਰ ਕੇ ਦਿੱਲੀ ਕਮੇਟੀ ਕਿਹਾ ਹੈ,“ਕਾਲਕਾ, ਸਿਰਸਾ ਤੇ ਕਾਹਲੋਂ ਨੇ ਐਲ ਜੀ ਕੋ 20-20 ਹਜ਼ਾਰ ਦੇ ਚਲਾਨ ਕੱਟੇ ਜਾਣ ਦਾ ਮਾਮਲਾ ਐਲ ਜੀ ਕੋਲ ਚੁਕਿਆ ਸੀ ਜਿਸ ਪਿਛੋਂ ਐਲ ਜੀ ਨੇ ਇਥੇ ਪੁੱਜ ਕੇ ਦੌਰਾ ਕੀਤਾ ਹੈ। ਜਿਨ੍ਹਾਂ ਦੇ ਚਲਾਨ ਕੱਟੇ ਗਏ ਹਨ, ਉਹ ਚਲਾਨ ਦੀ ਕਾਪੀ ਦਿੱਲੀ ਕਮੇਟੀ ਕੋਲ ਜਮ੍ਹਾਂ ਕਰਵਾਉਣ, ਜੋ ਰੱਦ ਕਰਵਾਏ ਜਾਣਗੇ।”
(For more news apart from Parking and challan issue near Gurdwara Sis Ganj Sahib, stay tuned to Rozana Spokesman)