
ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਸੀ ਮੁਹਿੰਮ
ਵਾਸ਼ਿੰਗਟਨ, 22 ਮਾਰਚ (ਸਸਸ): ਅਮਰੀਕਾ ਵਿਚ ਸਿੱਖਾਂ ਬਾਰੇ ਜਾਗਰੂਗਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਵੀ ਆਰ ਸਿੱਖ' ਨੇ ਸਿਖਰਲਾ ਅਮਰੀਕੀ ਐਵਾਰਡ ਜਿੱਤਿਆ ਹੈ। ਇਹ ਮੁਹਿੰਮ ਗੈਰ-ਲਾਭਕਾਰੀ ਜਥੇਬੰਦੀ ਨੈਸ਼ਨਲ ਸਿੱਖ ਕੈਂਪੇਨ (ਐਨ.ਐਸ.ਸੀ.) ਵਲੋਂ ਸ਼ੁਰੂ ਕੀਤੀ ਗਈ ਸੀ।ਜ਼ਿਕਰਯੋਗ ਹੈ ਕਿ ਅਪ੍ਰੈਲ ਵਿਚ ਸਿੱਖਾਂ ਨੇ ਅਮਰੀਕਾ ਵਿਚ ਘੱਟ ਗਿਣਤੀਆਂ ਪ੍ਰਤੀ ਗ਼ਲਤਫ਼ਹਿਮੀ ਦੂਰ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ 'ਵੀ ਆਰ ਸਿੱਖਸ' ਮੁਹਿੰਮ ਸ਼ੁਰੂ ਕੀਤੀ ਸੀ।
ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਨੇ ਕਿਹਾ ਸੀ ਕਿ ਉਹ ਦੇਸ਼ ਵਿਚ ਘੱਟ ਗਿਣਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪਣੀ ਪਹਿਲੀ ਕੋਸ਼ਿਸ਼ 'ਤੇ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲਣ ਤੋਂ ਬਾਅਦ ਇਕ ਹੋਰ ਦੇਸ਼ਵਿਆਪੀ ਮੁਹਿੰਮ ਸ਼ੁਰੂ ਕਰਨਗੇ। ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ਰਾਸ਼ਟਰੀ ਸਿੱਖ ਅਭਿਆਨ (ਐਨਐਸਸੀ) ਦੇਸ਼ ਵਿਚ 9 ਕਰੋੜ 20 ਲੱਖ ਲੋਕਾਂ ਵਿਚਕਾਰ ਸਕਾਰਾਤਮਕ ਰਾਏ ਤਿਆਰ ਕਰ ਸਕਿਆ।
Sikh in USA
ਐਨਐਸਸੀ ਅਪਣੀ ਦੂਜੀ ਮੁਹਿੰਮ ਲਈ ਹਾਲੀਵੁੱਡ ਨਾਲ ਜੁੜੀ ਇਕ ਮੀਡੀਆ ਕੰਪਨੀ ਤੋਂ ਰਚਨਾਤਮਕ ਵੀਡੀਉ ਬਣਾਉਣ ਅਤੇ ਇਕ ਪ੍ਰਸਿੱਧ ਫ਼ਿਲਮ ਕੰਪਨੀ ਨੂੰ ਡਾਕਿਊਮੈਂਟਰੀ ਤਿਆਰ ਕਰਨ ਦੇ ਸਿਲਸਿਲੇ ਵਿਚ ਗੱਲਬਾਤ ਕਰ ਰਿਹਾ ਹੈ।ਮੁਹਿੰਮ ਦੇ ਸਹਿ ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਰਾਜਵੰਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਨੂੰ ਅਮਰੀਕਾ ਵਿਚ ਵੱਡਾ ਐਵਾਰਡ ਹਾਸਲ ਹੋਣਾ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਮੁਹਿੰਮ ਵਿਚ ਅਪਣਾ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦਾ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਨਸਲੀ ਟਿਪਣੀਆਂ, ਹਮਲਿਆਂ ਅਤੇ ਪੱਖਪਾਤ ਦਾ ਸਾਹਕਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਅਮਰੀਕੀ ਲੋਕਾਂ ਵਿਚ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਲਈ 1.3 ਮਿਲੀਅਨ ਡਾਲਰ ਇਕੱਠੇ ਹੋਏ ਸਨ ਜਿਸ ਵਿਚ ਸਿੱਖਾਂ ਨੇ ਵੱਡੇ ਪੱਧਰ 'ਤੇ ਸਹਿਯੋਗ ਕੀਤਾ, ਇਸ ਤੋਂ ਬਾਅਦ ਕੁੱਝ ਸਹਿਯੋਗ ਹਿੰਦੂਆਂ ਵਲੋਂ ਕੀਤਾ ਗਿਆ।