
ਬਰਗਾੜੀ ਵਿਖੇ ਚਲ ਰਹੇ ਇਨਸਾਫ਼ ਮੋਰਚੇ 'ਚ ਧਨਵਾਦੀ ਭਾਸ਼ਨ ਨੂੰ ਲੈ ਕੇ ਤਕਰਾਰ ਹੋ ਗਿਆ। ਜਾਣਕਾਰੀ ਅਨੁਸਾਰ ਰਵਾਇਤ ਮੁਤਾਬਕ ਇਹ ਪ੍ਰੰਪਰਾ ਆਮ ਤੌਰ ...
ਕੋਟਕਪੂਰਾ/ਜੈਤੋ, ਬਰਗਾੜੀ ਵਿਖੇ ਚਲ ਰਹੇ ਇਨਸਾਫ਼ ਮੋਰਚੇ 'ਚ ਧਨਵਾਦੀ ਭਾਸ਼ਨ ਨੂੰ ਲੈ ਕੇ ਤਕਰਾਰ ਹੋ ਗਿਆ। ਜਾਣਕਾਰੀ ਅਨੁਸਾਰ ਰਵਾਇਤ ਮੁਤਾਬਕ ਇਹ ਪ੍ਰੰਪਰਾ ਆਮ ਤੌਰ 'ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨਿਭਾਉਂਦੇ ਹਨ। ਕਿਤੇ ਬਾਹਰ ਗਏ ਹੋਣ ਕਰ ਕੇ ਅੱਜ ਇਹ ਰਵਾਇਤ ਭਾਈ ਮੋਹਕਮ ਸਿੰਘ ਨੇ ਨਿਭਾਈ। ਵਾਪਸ ਆਉਣ 'ਤੇ ਜਦੋਂ ਭਾਈ ਦਾਦੂਵਾਲ ਧਨਵਾਦ ਕਰਨ ਲੱਗੇ ਤਾਂ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਨ੍ਹਾਂ ਨੂੰ ਧਨਵਾਦੀ ਰਸਮ ਨਿਭਾ ਦਿਤੀ
ਹੋਣ ਬਾਰੇ ਦਸ ਕੇ ਦੁਬਾਰਾ ਇਸ ਨੂੰ ਨਾ ਕਰਨ ਦੀ ਗੱਲ ਆਖੀ ਤਾਂ ਭਾਈ ਦਾਦੂਵਾਲ ਇਸ ਤੋਂ ਨਾਰਾਜ਼ ਹੋ ਗਏ। ਇਹ ਨਾਰਾਜ਼ਗੀ ਜਦੋਂ ਉਹ ਮਾਈਕ ਤੋਂ ਨਸ਼ਰ ਕਰ ਰਹੇ ਸਨ ਤਾਂ ਭਾਈ ਕਾਹਨ ਸਿੰਘ ਵਾਲਾ ਨੇ ਇਸ ਦੀ ਸ਼ਾਬਦਿਕ ਵਿਰੋਧਤਾ ਕੀਤੀ। ਇਸ ਪਿੱਛੋਂ ਤਕਰਾਰਬਾਜ਼ੀ ਵਿਚ ਭਾਈ ਦਾਦੂਵਾਲ ਦੇ ਅੰਗ ਰਖਿਅਕ ਨੇ ਰੀਵਾਲਵਰ ਕੱਢ ਲਿਆ ਤੇ ਪਲਾਂ 'ਚ ਹੀ ਦੋਵੇਂ ਧਿਰਾਂ ਦੇ ਸਮਰਥਕ ਤਲਖ਼ ਲਹਿਜੇ 'ਚ ਇਕ ਦੂਜੇ ਦੇ ਸਾਹਮਣੇ ਹੋ ਗਏ।
ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਉਥੇ ਹਾਜ਼ਰ ਕੁੱਝ ਮੋਹਤਬਰ ਸ਼ਖ਼ਸੀਅਤਾਂ ਨੇ ਦੋਵਾਂ ਧਿਰਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰਵਾ ਦਿਤਾ। ਭਾਵੇਂ ਬਾਅਦ ਵਿਚ ਦੋਵਾਂ ਖ਼ੇਮਿਆਂ ਵਿਚ ਆਪਸੀ ਸੁਲ੍ਹਾ ਹੋਣ ਦੀ ਸੂਚਨਾ ਮਿਲੀ ਹੈ ਪਰ ਸੋਸ਼ਲ ਮੀਡੀਏ ਰਾਹੀਂ ਪੰਥਕ ਆਗੂਆਂ ਦੀ ਉਕਤ ਕਾਰਵਾਈ ਨੂੰ ਲੈ ਕੇ ਚਰਚਾ ਜਾਰੀ ਹੈ।