
ਪ੍ਰਕਾਸ਼ ਪੁਰਬ ਕਾਰਨ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਦੁਨੀਆਂ ਭਰ ਦੇ ਨਕਸ਼ੇ 'ਤੇ ਆਏ
ਅੰਮ੍ਰਿਤਸਰ : ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਕਰਤਾਰਪੁਰ ਲਾਂਘਾ ਬਣਨ ਨਾਲ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਦੁਨੀਆਂ ਭਰ ਦੇ ਨਕਸ਼ੇ ਵਿਚ ਆ ਗਿਆ ਹੈ। ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਇਸ ਵੇਲੇ ਸਿਆਸੀ, ਧਾਰਮਕ ਅਤੇ ਸਮਾਜਕ ਸਰਗਰਮੀਆਂ ਦਾ ਮੁੱਖ ਕੇਦਰ ਬਣ ਗਿਆ ਹੈ। ਪਰ ਇਹ ਬੜਾ ਅਫ਼ਸੋਸ ਹੈ ਕਿ ਦੁਨੀਆਂ ਭਰ ਵਿਚ ਆਪਸੀ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਲਈ ਸਿੱਖ ਸੰਗਠਨਾਂ ਤੇ ਸਰਕਾਰ ਵਿਚ ਮਤਭੇਦ ਬਰਕਰਾਰ ਹਨ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਵਖਰੇ-ਵਖਰੇ ਸਮਾਗਮ ਕਰਵਾ ਰਹੇ ਹਨ।
Captain Amarinder Singh
ਜਥੇਦਾਰ ਅਕਾਲ ਤਖ਼ਤ ਦੀ ਹਦਾਇਤ 'ਤੇ ਅਹਿਮ ਬੈਠਕ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਹੋਈ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਇਸ ਦਾ ਕਾਰਨ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਕੱਲਿਆਂ ਜਾ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਸੱਦਾ ਦੇਣ ਦਾ ਹੈ। ਇਸ ਦਾ ਇਤਰਾਜ਼ ਸਰਕਾਰ ਦੇ ਪ੍ਰਤੀਨਿਧੀਆਂ ਵਲੋਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ । ਸੂਚਨਾ ਮੁਤਾਬਕ ਪੰਜਾਬ ਸਰਕਾਰ ਵਲੋਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਲਤਾਨਪੁਰ ਲੋਧੀ ਅਤੇ ਸੰਤ ਸਮਾਜ ਵਲੋਂ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ ਵਿਖੇ 24 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ।
SGPC
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨ ਆਉਣਗੇ । ਇਥੇ ਆਉਣ ਤੋਂ ਬਾਅਦ ਮੋਦੀ ਦਾ ਸੁਲਤਾਨਪੁਰ ਲੋਧੀ ਆਉਣਾ ਅਸੰਭਵ ਹੈ ਜਿਥੇ ਮੁੱਖ ਸਮਾਗਮ ਹੋ ਰਹੇ ਹਨ। ਸਰਬੱਤ ਖ਼ਾਲਸਾ ਦੇ ਨਾਮਜ਼ਦ ਜਥੇਦਾਰ ਧਿਆਨ ਸਿੰਘ ਮੰਡ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਸ਼ਰਤ ਲਾ ਦਿਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਸ਼ਾਮਲ ਕਰਨ ਦੀ ਆਗਿਆ ਨਾ ਦੇਵੇ। ਇਸ ਸਬੰਧੀ ਧਿਆਨ ਸਿੰਘ ਮੰਡ ਨੇ ਇਕ ਹਫ਼ਤੇ ਦਾ ਸਮਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿਤਾ ਹੈ।
Bhai Gobind Singh Longowal
ਜੇਕਰ ਮੰਡ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਉਹ ਵੀ ਵਖਰਾ ਸਮਾਗਮ ਕਰਨਗੇ। ਪੰਜਾਬ ਸਰਕਾਰ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਨਾਲ ਪ੍ਰਤੀਨਿਧ ਵਜੋਂ ਗਏ , ਭਗਵੰਤਪਾਲ ਸਿੰਘ ਸੱਚਰ ਬੁਲਾਰਾ ਪੰਜਾਬ ਕਾਂਗਰਸ ਨੇ ਵੀ ਮੰਨਿਆ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਸੀ ਪਰ ਹੁਣ ਤਕ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੋਈ ਵੀ ਸੁਨੇਹਾ ਸਾਂਝੇ ਤੌਰ 'ਤੇ ਗੁਰਪੁਰਬ ਮਨਾਉਣ ਦਾ ਨਹੀਂ ਆਇਆ। ਸੱਚਰ ਨੇ ਕਿਹਾ ਕਿ ਜਿਸ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਾਸ਼ਟਰਪਤੀ ਨੂੰ ਸੱਦਾ ਦੇਣ ਗਏ ਸਨ ਉਸ ਦਿਨ ਸਰਕਾਰ ਦਾ ਪ੍ਰਤੀਨਿਧ ਵੀ ਨਾਲ ਖੜਨਾ ਚਾਹੀਦਾ ਸੀ।
Baljit Singh Daduwal
ਹੋਰ ਜਾਣਕਾਰੀ ਮੁਤਾਬਕ ਸਰਬੱਤ ਖਾਲਸਾ ਦੇ ਜਥੇਦਾਰਾਂ ਭਾਈ ਅਮਰੀਕ ਸਿੰਘ ਅਜਨਾਲਾ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਫ਼ੈਡਰੇਸ਼ਨ ਮਨਜੀਤ ਸਿੰਘ ਭੋਮਾ, ਰਵੀਇੰਦਰ ਸਿੰਘ ਸਾਬਕਾ ਸਪੀਕਰ, ਬਾਬਾ ਬੇਦੀ ਨਾਲ ਚਲ ਰਹੇ ਹਨ । ਆਮ ਲੋਕਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ 'ਤੇ ਚਲਦਿਆਂ ਸੱਭ ਨੂੰ Îਇਕ ਮੰਚ 'ਤੇ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ ਅਤੇ ਇਸ ਵਿਚ ਕਿਸੇ ਕਿਸਮ ਦੀ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਰਾਜਨੀਤਕ ਰੰਗ ਇਸ ਪਵਿੱਤਰ ਦਿਵਸ 'ਤੇ ਚਾੜ੍ਹਿਆ ਜਾ ਰਿਹਾ ਹੈ। ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਤੇ ਮਨਜਿੰਦਰ ਸਿੰਘ ਸਿਰਸਾ ਦੇ ਆਪਸੀ ਸਿਆਸੀ ਮਤਭੇਦ ਕੌਮੀ ਨਗਰ ਕੀਰਤਨ ਪਾਕਿਸਤਾਨ ਲੈ ਜਾਣ ਸਬੰਧੀ ਵੱਖ-ਵੱਖ ਬਿਆਨਬਾਜ਼ੀ ਸਾਹਮਣੇ ਆਈ ਹੈ।