
ਰਜਿੰਦਰਾ ਹਸਪਤਾਲ 'ਚ ਇਲਾਜ ਲਈ ਦਾਖ਼ਲ ਹਨ ਹਰਿਆਣਾ ਦੇ ਬਦਸ਼ੂਈ ਪਿੰਡ ਦੇ ਸਿੱਖ
ਪਟਿਆਲਾ : ਬੀਤੇ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਬਦਸੂਈ ਵਿੱਖੇ ਭੀੜ ਵੱਲੋਂ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ੇ ਦੀ ਕੋਸ਼ੀਸ਼ ਕੀਤੀ ਗਈ ਸੀ ਜਿਸ ਦੇ ਵਿਰੋਧ 'ਚ ਕੁੱਝ ਸਿੱਖਾਂ ਨੇ ਕਬਜ਼ਿ ਦੀ ਕੋਸ਼ਿਸ਼ ਨੂੰ ਨਾਕਾਮ ਤਾਂ ਕਰ ਦਿੱਤਾ ਪਰ ਇਸ ਝੜਪ ਦੌਰਾਨ ਇਕ ਸਿੱਖ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 15 ਸਿੰਘ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਸੇ ਦੌਰਾਨ ਯੂਨਾਈਟਿਡ ਸਿੱਖ ਪਾਰਟੀ ਦੇ ਵਫ਼ਦ ਨੇ ਪਾਰਟੀ ਪ੍ਰਧਾਨ ਜਸਵਿੰਦਰ ਸਿੰਘ ਰਾਜਪੁਰਾ ਦੀ ਅਗਵਾਈ ਚ ਜਖਮੀ ਸਿੰਘਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਮੁਲਕ 'ਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਘੱਟਗਿਣਤੀ ਅਤੇ ਸਿੱਖਾਂ 'ਤੇ ਹਮਲੇ ਤੇਜ਼ ਹੋਏ ਹਨ। ਇਸ ਹਮਲੇ 'ਚ ਵੀ ਜ਼ਖ਼ਮੀ ਸਿੰਘਾਂ ਦੇ ਦੱਸਣ ਮੁਤਾਬਕ ਭਾਜਪਾ ਆਗੂ ਦਾ ਹੱਥ ਹੈ ਅਤੇ ਗੁਰਦੁਆਰਾ ਸਾਹਿਬ ਦੇ ਉੱਤੇ ਕਬਜ਼ਾ ਕਰਨ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਸਿੰਘਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬੇਅਦਬੀ ਨਹੀਂ ਹੋਣ ਦਿੱਤੀ ਅਤੇ ਭੀੜ ਦਾ ਡੱਟ ਕੇ ਮੁਕਾਬਲਾ ਕੀਤਾ।
ਪੀੜਤਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਸ ਮਸਲੇ 'ਚ ਦਖਲ ਦੇ ਕੇ ਦੌਸ਼ੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਆਗੂ ਭਾਈ ਜਗਦੀਪ ਸਿੰਘ ਛੰਨਾ, ਭਾਈ ਗੁਰਦੇਵ ਸਿੰਘ ਜਾਂਸਲਾ, ਭਾਈ ਗੁਰਿੰਦਰ ਸਿੰਘ ਬਧੌਛੀ, ਭਾਈ ਹਰਚੰਦ ਸਿੰਘ ਮੰਡਿਆਣਾ ਅਤੇ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।