
ਸਿਰ ’ਚ ਗੰਭੀਰ ਸੱਟਾਂ ਲੱਗਣ ਕਾਰਨ ਚੰਡੀਗੜ੍ਹ ਸੈਕਟਰ 32 ਕੀਤਾ ਰੈਫ਼ਰ
ਈਸਾਪੁਰ : ਲਾਲੜੂ ਕੌਂਸਲ ਦੇ ਮੌਜੂਦਾ ਕੌਂਸਲਰ ਬਲਕਾਰ ਸਿੰਘ ਰੰਗੀ ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਮਲਾ ਅੱਜ ਸਵੇਰੇ ਪਿੰਡ ਦੱਪਰ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਹੋਇਆ। ਹਮਲਾਵਰਾਂ ਨੇ ਕੌਂਸਲਰ ਬਲਕਾਰ ਰੰਗੀ ਦੇ ਸਿਰ ਅਤੇ ਸਰੀਰ ਤੇ ਗੰਭੀਰ ਸੱਟਾਂ ਮਾਰੀਆਂ। ਜ਼ਖਮੀ ਰੰਗੀ ਨੇ ਅਪਣੇ ਬਿਆਨਾਂ ਵਿਚ ਦੱਸਿਆ ਕਿ ਪੁਰਾਣੀ ਰੰਜਿਸ਼ ਤਹਿਤ ਅਜੈਬ ਸਿੰਘ ਦੇ ਪੁੱਤਰ ਅਤੇ ਉਸ ਦੇ ਭਤੀਜੇ ਸੋਨੀ ਤੇ ਨਾਲ ਦਸ ਦੇ ਲਗਭੱਗ ਅਣਪਛਾਤੇ ਵਿਅਕਤੀਆਂ ਨੇ ਉਸ ਉਤੇ ਕਬੱਡੀ ਟੂਰਨਾਮੈਂਟ ਦੌਰਾਨ ਜਾਨਲੇਵਾ ਹਮਲਾ ਕੀਤਾ।
ਕੌਂਸਲਰ ਦੇ ਸਿਰ ਅਤੇ ਸਰੀਰ ਉਤੇ ਕਿਰਚਾਂ ਨਾਲ ਗੰਭੀਰ ਸੱਟਾਂ ਮਾਰੀਆਂ ਗਈਆਂ। ਜ਼ਖ਼ਮੀ ਕੌਂਸਲਰ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਚੰਡੀਗੜ੍ਹ ਦੇ ਸੈਕਟਰ 32 ਵਿਖੇ ਰੈਫ਼ਰ ਕਰ ਦਿਤਾ ਗਿਆ। ਲੈਹਲੀ ਚੌੰਕੀ ਇੰਚਾਰਜ ਨਰਪਿੰਦਰ ਸਿੰਘ ਨੇ ਕਿਹਾ ਕਿ ਜ਼ਖਮੀ ਕੌਂਸਲਰ ਦੇ ਬਿਆਨਾਂ ਦੇ ਆਧਾਰ ਉਤੇ ਐਫ਼ਆਈਆਰ ਲਾਂਚ ਕਰ ਹਮਲਾਵਰਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।