
ਦੋਵੇਂ ਤਖ਼ਤਾਂ ਤੋਂ ਬਿਹਾਰ ਤੇ ਮਹਾਰਾਸ਼ਟਰ ਸਰਕਾਰਾਂ ਦਾ ਕੰਟਰੋਲ ਵਾਪਸ ਲੈ ਕੇ ਸਿੱਖ ਕੌਮ ਨੂੰ ਸੌਂਪਿਆ ਜਾਵੇ : ਗਲੋਬਲ ਸਿੱਖ ਕੌਂਸਲ
Panthak News: ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਦੇ ਗੁਟ ‘ਗਲੋਬਲ ਸਿੱਖ ਕੌਂਸਲ’ ਨੇ ਬੇਨਤੀ ਕੀਤੀ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬਿਹਾਰ ਤੇ ਮਹਾਰਾਸ਼ਟਰ ਸੂਬਿਆਂ ਦੀਆਂ ਸਰਕਾਰਾਂ ਦਾ ਕੰਟਰੋਲ ਵਾਪਸ ਸਿੱਖ ਕੌਮ ਦੇ ਹਥਾਂ ’ਚ ਆਉਣਾ ਚਾਹੀਦਾ ਹੈ। ਕੌਂਸਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਦੁਨੀਆ ਭਰ ’ਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਦੋਵੇਂ ਤਖ਼ਤ ਸਾਹਿਬਾਨ ਨੂੰ ਵਾਪਸ ਲੈਣ ਲਈ ਅਪਣਾ ਦਾਅਵਾ ਪੇਸ਼ ਕਰਨ।
ਕੌਂਸਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ‘‘ਇਨ੍ਹਾਂ ਦੋਵੇਂ ਤਖ਼ਤ ਸਾਹਿਬਾਨ ’ਤੇ ਮੁਖ ਗ੍ਰੰਥੀ ਗੁਰਮਤਿ ਅਨੁਸਾਰ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਵੀ ਨਹੀਂ ਕਰਦੇ।’’ ਸਪੱਸ਼ਟ ਹੈ ਕਿ ਹੁਣ ਅਜਿਹੇ ਹਾਲਾਤ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ’ਚ ਰੋਹ ਤੇ ਰੋਸ ਵਧਣ ਲਗਾ ਹੈ।
ਕੌਂਸਲ ਦੇ ਪ੍ਰਧਾਨ ਡਾ. ਕੰਵਲਜੀਤ ਕੌਰ, ਚੇਅਰਮੈਨ ਲਾਰਡ ਇੰਦਰਜੀਤ ਸਿੰਘ, ਕਾਨੂੰਨੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਤੇ ਧਾਰਮਿਕ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ ਨੇ ਅਪਣੇ ਇਕ ਸਾਂਝੇ ਬਿਆਨ ਰਾਹੀਂ ਇਨ੍ਹਾਂ ਦੋਵੇਂ ਤਖ਼ਤ ਸਾਹਿਬਾਨ ਦੇ ਧਾਰਮਕ ਮਹੱਤਵ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਦਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਸਬੰਧਤ ਇਸ ਤਖ਼ਤ ਸਾਹਿਬ ਦੇ ਸੰਵਿਧਾਨ ਤੇ 1957 ਦੇ ਉਪ-ਨਿਯਮਾਂ ਦੁਆਰਾ ਸ਼ਾਸਤ ਹੁੰਦਾ ਹੈ, ਜਦਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ‘ਨਾਂਦੇੜ ਸਿੱਖ ਗੁਰਦੁਆਰਾ ਸਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਕਾਨੂੰਨ, 1956 ਦੁਆਰਾ ਨਿਯੰਤ੍ਰਿਤ ਹੁੰਦਾ ਹੈ।’ ਇਨ੍ਹਾਂ ਕਾਨੂੰਨਾਂ ਦੇ ਆਧਾਰ ’ਤੇ ਦੋਵੇਂ ਸੂਬਾ ਸਰਕਾਰਾਂ ਸਬੰਧਤ ਤਖ਼ਤ ਸਾਹਿਬਾਨ ਦੇ ਧਾਰਮਕ ਤੇ ਪ੍ਰਸ਼ਾਸਕੀ ਮਾਮਲਿਆਂ ’ਚ ਦਖ਼ਲ ਦੇ ਸਕਦੀਆਂ ਹਨ।
ਗਲੋਬਲ ਸਿੱਖ ਕੌਂਸਲ ਦੇ ਸਾਂਝੇ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਬੱਕਰੀਆਂ ਜ਼ਿਬ੍ਹਾ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ’ਚ ਬਚਿਤਰ ਨਾਟਕ ਦਾ ਅਖੰਡ ਪਾਠ ਰਖਣਾ ਤੇ ਆਰਤੀ ਦੀਆਂ ਰਸਮਾਂ ਕਰਵਾਉਣਾ ਸਿੱਖ ਰਹਿਤ ਮਰਿਆਦਾ ਅਨੁਸਾਰ ਨਹੀਂ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਰੋਜ਼ਾਨਾ ਆਰਤੀ ਦੀ ਰਸਮ ਤਾਂ ਗੁਰਬਾਣੀ ’ਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਇਸ ਤੋਂ ਇਲਾਵਾ ਦੋਵੇਂ ਤਖ਼ਤ ਸਾਹਿਬਾਨ ’ਤੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 400 ਤੋਂ 500 ਦੇ ਵਿਚਕਾਰ ਹੈ ਤੇ ਉਨ੍ਹਾਂ ’ਚੋਂ 90 ਫ਼ੀ ਸਦੀ ਗ਼ੈਰ-ਸਿੱਖ ਹਨ ਤੇ ਉਨ੍ਹਾਂ ਨੂੰ ਨਾ ਤਾਂ ਗੁਰਮੁਖੀ ਆਉਂਦੀ ਹੈ ਤੇ ਨਾ ਹੀ ਗੁਰਬਾਣੀ।