
ਇਤਿਹਾਸਕ ਗੁਰਦਵਾਰਾ ਡੇਰਾ ਬਾਬਾ ਨਾਨਕ ਵਿਖੇ ਚਲ ਰਹੀ ਕਾਰ ਸੇਵਾ ਦੌਰਾਨ ਦੋ ਪੁਰਾਤਨ ਖੂਹਾਂ ਦੀਆਂ ਨਿਸ਼ਾਨੀਆਂ ਮਿਲੀਆਂ ਹਨ...........
ਅੰਮ੍ਰਿਤਸਰ : ਇਤਿਹਾਸਕ ਗੁਰਦਵਾਰਾ ਡੇਰਾ ਬਾਬਾ ਨਾਨਕ ਵਿਖੇ ਚਲ ਰਹੀ ਕਾਰ ਸੇਵਾ ਦੌਰਾਨ ਦੋ ਪੁਰਾਤਨ ਖੂਹਾਂ ਦੀਆਂ ਨਿਸ਼ਾਨੀਆਂ ਮਿਲੀਆਂ ਹਨ। ਇਨ੍ਹਾਂ ਖੂਹਾਂ ਦੀ ਪੁਰਤਾਨਤਾ ਜਾਂਚ ਲਈ ਕਾਰ ਸੇਵਾ ਕਰ ਰਹੀ ਜਥੇਬੰਦੀ ਵਲੋਂ ਪੁਰਾਤਤਵ ਮਾਹਰਾਂ ਦੀ ਮਦਦ ਲਈ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਵੀ ਇਨ੍ਹਾਂ ਪੁਰਾਤਨ ਨਿਸ਼ਾਨੀਆਂ ਦੀ ਜਾਂਚ ਲਈ ਇਕ ਟੀਮ ਭੇਜੀ ਜਾਵੇਗੀ। ਜਾਣਕਾਰੀ ਮੁਤਾਬਕ ਇਹ ਇਤਿਹਾਸਕ ਗੁਰਦਵਾਰਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਿਹਾ ਹੈ। ਇਸ ਗੁਰਦਵਾਰੇ ਦੀ ਇਮਾਰਤ ਦੀ ਮੁਰੰਮਤ ਲਈ ਕਾਰ ਸੇਵਾ ਚਲ ਰਹੀ ਹੈ।
ਸ਼੍ਰੋਮਣੀ ਕਮੇਟੀ ਵਲੋਂ ਇਹ ਕਾਰ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਸੀ। ਜੂਨ ਮਹੀਨੇ ਸ਼ੁਰੂ ਹੋਈ ਕਾਰ ਸੇਵਾ ਤੋਂ ਪਹਿਲਾਂ ਵੀ ਇਸ ਗੁਰਦਵਾਰੇ ਦੇ ਪੁਰਾਤਨ ਹਿਸਿਆਂ ਨੂੰ ਢਾਹ ਦਿਤੇ ਜਾਣ ਦੇ ਖ਼ਦਸ਼ੇ ਕਾਰਨ ਇਹ ਮਾਮਲਾ ਵਿਵਾਦਾਂ 'ਚ ਰਹਿ ਚੁੱਕਾ ਹੈ। ਗੁਰਦਵਾਰੇ 'ਚ ਪੁਰਾਤਨ ਖੂਹ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੇਲੇ ਬਣਾਈ ਗਈ ਸੋਨੇ ਦੀ ਪਾਲਕੀ ਤੇ ਗੁਰਦਵਾਰਿਆਂ ਦੇ ਗੁੰਬਦ 'ਤੇ ਲਾਇਆ ਸੋਨਾ ਆਦਿ ਇਤਿਹਾਸਕ ਮਹੱਤਤਾ ਰਖਦੇ ਹਨ।