Safar-E-Shahadat: ਸਾਹਿਬਜ਼ਾਦਿਆਂ ਦੇ ਸ਼ਹੀਦੀ  ਦਿਹਾੜੇ ਅਤੇ ਸਿੱਖ ਕੌਮ
Published : Dec 24, 2025, 6:38 am IST
Updated : Dec 24, 2025, 7:58 am IST
SHARE ARTICLE
Safar-E-Shahadat
Safar-E-Shahadat

ਗੁਰੂ ਜੀ ਦੇ ਪ੍ਰਵਾਰ ਦੇ ਪੰਜ ਮੈਂਬਰ ਇਕ ਹਫ਼ਤੇ ਦੇ ਅੰਦਰ ਅੰਦਰ ਦੇਸ਼ ਕੌਮ ਲਈ ਸ਼ਹੀਦ ਹੋ ਗਏ

ਦੁਨੀਆਂ ਦੇ ਇਤਿਹਾਸ ਵਿਚ ਇਕ ਵੀ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਰਹਿਬਰ, ਗੁਰੂ-ਵੀਰ, (ਔਰੰਗਜ਼ੇਬ ਦੇ ਇਕ ਜਜੂਸ ਦੀ ਨਜ਼ਰ ਵਿਚ ਇਕ ਜਿਉਂਦਾ ਜਾਗਦਾ ਰੱਬ) ਜੋ ਰੂਹਾਨੀਅਤ ਦਾ ਇਕ ਮੁਜੱਸਮਾ ਵੀ ਹੋਵੇ, ਦੇ ਪ੍ਰਵਾਰ ਦੇ ਪੰਜ ਮੈਂਬਰ ਇਕ ਹਫ਼ਤੇ ਦੇ ਅੰਦਰ ਅੰਦਰ ਦੇਸ਼ ਕੌਮ ਲਈ ਸ਼ਹੀਦ ਹੋ ਗਏ ਹੋਣ। ਜੀ ਹਾਂ, ਅਜਿਹਾ ਸਚਮੁਚ ਇਸ ਧਰਤੀ ’ਤੇ ਵਾਪਰਿਆ ਹੈ (ਇਹ ਪੁਰਾਣਿਕ ਕਥਾਵਾਂ ਦੇ ਗੱਪ ਗਪੋੜੇ ਨਹੀਂ) ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਮੁਗ਼ਲ ਫ਼ੌਜ ਦੇ ਟਿੱਡੀ-ਦਲ (ਜਿਨ੍ਹਾਂ ਦੀ ਗਿਣਤੀ ਦਸ ਲੱਖ ਲਿਖੀ ਜਾਂਦੀ ਹੈ ਤੇ ਸਿੰਘਾਂ ਦੀ ਗਿਣਤੀ 40 ਸੀ) ਨਾਲ ਲੜਦੇ ਹੋਏ ਸ਼ਹੀਦ ਹੋ ਜਾਂਦੇ ਹਨ। ਦੋ  ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹੰਦ ਨਵਾਬ ਵਜ਼ੀਰ ਖ਼ਾਂ ਵਲੋਂ ਦਿਤੇ ਲੋਭ ਲਾਲਚ ਅਤੇ ਇਸਲਾਮ ਕਬੂਲ ਕਰ ਲੈਣ ਦੇ ਡਰਾਵਿਆਂ ਨੂੰ ਠੁਕਰਾ ਕੇ ਜਿਉਂਦੇ ਜੀ ਇੱਟਾਂ ਦੀ ਦੀਵਾਰ ਵਿਚ ਚਿਣ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਇਸ ਉਪ੍ਰੰਤ ਦਾਦੀ ਮਾਂ ਮਾਤਾ ਗੁਜਰੀ ਵੀ ਪ੍ਰਲੋਕ ਗਮਨ ਕਰ ਜਾਂਦੇ ਹਨ।

ਇਹ ਇਕ ਅਜਿਹਾ ਕਹਿਰ ਸੀ ਜਿਹੜਾ ਸਰਹੰਦ ਵਿਚ ਦਸੰਬਰ 1704 ਈ. ਵਿਚ ਵਾਪਰਿਆ। ਉਸ ਵਕਤ ਇਸ ਕਹਿਰ ਨੂੰ ਅੱਖੀਂ ਡਿੱਠਣ ਵਾਲੇ ਅਤੇ ਸੁਣਨ ਵਾਲੇ ਕੁਰਲਾ ਉੱਠੇ ਹੋਣਗੇ। ਇਹ ਕਹਿਰ ਵਜ਼ੀਰ ਖ਼ਾਂ ਦੇ ਦੀਵਾਨ ਸੁੱਚਾ ਨੰਦ (ਹਿੰਦੂਤਵੀਆਂ ਦੇ ਖੋਜੀ ਹਿੰਦੂਆਂ ਦੇ ਇਸ ਲਾਲ ਦੇ ਵੰਸ਼ਜ/ ਖ਼ਾਨਦਾਨ ਬਾਰੇ ਕੋਈ ਇਤਿਹਾਸਕ ਸਰੋਤ ਦਸ ਸਕਦੇ ਹਨ) ਵਲੋਂ ਕਚਹਿਰੀ ਵਿਚ ਬੋਲੇ ਇਨ੍ਹਾਂ ਸ਼ਬਦਾਂ ਨਾਲ ਕਿ ‘ਸੱਪ ਦੇ ਬੱਚਿਆਂ ਨੂੰ ਮਸਲ ਦੇਣਾ ਹੀ ਬਣਦਾ ਹੈ, ਨਹੀਂ ਤਾਂ ਇਹ ਵੱਡੇ ਹੋ ਕੇ ਤੁਹਾਡੇ ਖ਼ਿਲਾਫ਼ ਹੀ ਲੜਨਗੇ’ ਵਾਪਰਿਆ।

ਅਸੀ ਹਰ ਸਾਲ ਜਿੱਥੇ ਕਿਤੇ ਵੀ ਸਿੱਖ ਬੈਠਾ ਹੈ, ਉਹ ਇਹ ਕਰੁਣਾਮਈ ਦਿਹਾੜਾ ਮਨਾਉਂਦਾ ਹੈ। ਪ੍ਰੰਤੂ ਕਿਵੇਂ ਮਨਾਉਂਦਾ ਹੈ, ਇਹ ਅਹਿਸਾਸ ਕਰਦਿਆਂ ਸਾਡਾ ਤ੍ਰਾਹ ਨਿਕਲ ਜਾਂਦਾ ਹੈ। ਪੰਥ ਦੀ ਨੁਮਾਇੰਦਾ ਜਥੇਬੰਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਹਫ਼ਤੇ ਨੂੰ ‘ਸੋਗਮਈ ਹਫ਼ਤਾ’ ਐਲਾਨੇ। ਪੂਰੀ ਕੌਮ ਇਸ ਹਫ਼ਤੇ ਨੂੰ ਸੋਗ-ਗ੍ਰਸਤ ਹੁੰਦੀ ਹੋਈ ਇਨ੍ਹਾਂ ਦਿਨਾਂ ’ਚੋਂ ਗੁਜ਼ਰਦੀ ਹੈ। ਰਾਤ ਨੂੰ ਸੌਣ ਸਮੇਂ ਭੁੰਜੇ ਸੌਣਾ ਬਣਦਾ ਹੈ। ਕੋਈ ਖ਼ੁਸ਼ੀ ਦਾ ਸਮਾਗਮ ਨਾ ਰਖਿਆ ਜਾਂਦਾ, ਭੰਗੜੇ ਪਾਉਣ ਨੱਚਣ ਟੱਪਣ ਦੀ ਮੁਕੰਮਲ ਪਾਬੰਦੀ ਹੁੰਦੀ, ਗੁਰਦਾਵਰੇ ਆਈ ਸੰਗਤ ਲਈ ਸਾਦੇ ਲੰਗਰ ਹੁੰਦੇ। ਪਰ ਹੋ ਕੀ ਰਿਹਾ ਹੈ। ਸਾਡੇ ਪ੍ਰਕਾਸ਼ ਪੁਰਬ ਤੇ ਸ਼ਹੀਦੀ ਦਿਹਾੜੇ ਮਨਾਉਣ ਵਿਚ ਕੋਈ ਅੰਤਰ ਨਹੀਂ। ਅਸੀ ਇਨ੍ਹਾਂ ਨੂੰ ਮੇਲਿਆਂ ਦਾ ਰੂਪ ਦੇ ਦਿਤਾ ਹੈ। 

ਦਸੰਬਰ 2012 ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ’ਤੇ ਲੱਗੇ ਲੰਗਰ ਵਿਚ ਜਲੇਬੀਆਂ ਦੇ ਲੰਗਰ ਦੀ ਅੱਖੀ ਦੇਖੀ ਵਾਰਤਾ ਸੰਗਤਾਂ ਨਾਲ ਸਾਂਝੀ ਕਰ ਰਿਹਾ ਹਾਂ। ਜਲੇਬੀਆਂ ਦਾ ਇਹ ਲੰਗਰ ਸਰਹੰਦ- ਬਾਈਪਾਸ ਦੇ ਕਿਸੇ ਪਿੰਡ ਵਲੋਂ ਸੜਕ ਦੇ ਕਿਨਾਰੇ ਲਾਇਆ ਹੋਇਆ ਸੀ। ਗੁਰੂ ਦਾ ਇਹ ਦਾਸ ਕਾਰ ’ਤੇ ਚੰਡੀਗੜ੍ਹ ਜਾ ਰਿਹਾ ਸੀ। ਜਾਂਦੇ ਸਮੇਂ ਰੁਕ ਨਾ ਸਕੇ,  ਪਰ ਵਾਪਸੀ ਤੇ ਰੁਕੇ। ਲੰਗਰ ਵਿਚ ਪੂਰੀ ਰੌਣਕ ਸੀ। ਲੰਗਰ ਵਰਤਾਉਣ ਵਾਲੇ ਇੰਜ ਭੱਜੇ ਫਿਰਦੇ ਸਨ ਜਿਵੇਂ ਵਿਆਹ ਵਿਚ ਨੈਣ ਭੱਜੀ ਫਿਰਦੀ ਹੁੰਦੀ ਹੈ। ਮੈਂ ਚੁਪਚਾਪ ਕਾਰ ਇਕ ਪਾਸੇ ਲਾ ਕੇ ਲੰਗਰ ’ਚ ਹਾਜ਼ਰ ਹੋ ਗਿਆ। ਹਾਜ਼ਰ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨ ਦੀ ਆਗਿਆ ਲਈ। ਹਾਜ਼ਰ ਸੰਗਤ ਮੇਰੇ ਮੂੰਹ ਵਲ ਵੇਖਣ ਲੱਗੀ। ਸੱਤਰ ਸਾਲ ਦੀ ਉਮਰ ਦੇ ਕੁੱਝ ਬਜ਼ੁਰਗ ਵੀ ਬੈਠੇ ਸਨ। ਮੈਂ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ’ਤੇ ਕੀ ਕਹਿਰ ਵਰਤਿਆ ਸੀ? ਏਨੇ ਕਹਿਰ ਦੀ ਯਾਦ ’ਚ ਮਨਾਏ ਦਿਨ ਦੀ ਯਾਦ ਵਿਚ ਜਲੇਬੀਆਂ ਦਾ ਲੰਗਰ? ਸਾਹਿਬਜ਼ਾਦਿਆਂ ਦਾ ਵਿਆਹ ਹੋਇਆ ਸੀ?’ ਇਹ ਸੁਣ ਕੇ ਹਾਜ਼ਰ ਸੰਗਤ ਸੁੰਨ ਹੋ ਗਈ ਅਤੇ ਕੁੱਝ ਬਜ਼ੁਰਗ ਟੁਟਵੀਂ ਜਹੀ ਆਵਾਜ਼ ’ਚ ਬੋਲੇ, ‘‘ਜੀ! ਜਿਵੇਂ ਸਾਡੇ ਮਹਾਂਪੁਰਖ ਕਹਿੰਦੇ ਆਂ ਅਸੀ ਉਵੇਂ ਹੀ ਕਰ ਲੈਂਂਦੇ ਹਾਂ।’’

ਜੇ ਮੈਂ ਇਹ ਕਹਿ ਦਿੰਦਾ ਕਿ ਤੁਹਾਡੇ ਮਹਾਂਪੁਰਖ, ਮਹਾਂਪੁਰਖ ਨਹੀਂ ਸਗੋਂ ਮਹਾਂ ਮੂਰਖ ਹਨ। ਇਨ੍ਹਾਂ ਕਾਰਨ ਹੀ ਪੂਰੀ ਦੁਨੀਆਂ ’ਚ ਸਿੱਖ ਬੇਅਕਲ ਸਾਬਤ ਹੋ ਰਹੇ ਹਨ। ਅਜਿਹੇ ਮਹਾਂਪੁਰਖਾਂ ਨੂੰ ਸ਼ਹੀਦੀਆਂ ਦੀ ਖਿੱਲੀ ਉਡਾਉਣ ਦਾ ਸਬਕ ਮਿਲਣਾ ਚਾਹੀਦਾ ਹੈ। ਪਰ ਮੈਂ ਇਹ ਸ਼ਬਦ ਮੂੰਹੋਂ ਕੱਢੇ ਨਹੀਂ। ਮੈਂ ਏਨਾ ਹੀ ਕਿਹਾ ਕਿ ‘ਇਨ੍ਹਾਂ ਦਿਨਾਂ ’ਚ ਲੰਗਰ ਸਾਦੇ ਹੀ ਹੋਣੇ ਚਾਹੀਦੇ ਹਨ। ਬਹੁਤੀ ਸੰਗਤ ਨੇ ਹੁੰਗਾਰਾ ਹਾਂ ਪੱਖੀ ਭਰਿਆ। ਜੀ ਬਿਲਕੁਲ ਠੀਕ ਹੈ। ਏਨਾ ਕਹਿ ਕੇ ਮੈਂ ਸੰਗਤ ਨੂੰ ਫ਼ਤਿਹ ਬੁਲਾ ਕੇ ਅਪਣੀ ਗੱਡੀ ਵਿਚ ਆ ਬੈਠਾ। ਪੂਰੀ ਦੁਨੀਆਂ ’ਚ ਸਿੱਖ ਕੌਮ ਕੋਲ ਹੀ ਸਮੇਂ ਦੀ ਹਕੂਮਤ ਦੇ ਤਖ਼ਤ ਸਮਾਨ, ਇਕ ਤਖ਼ਤ ਹੈ ਜੋ ਧਾਰਮਕ ਅਤੇ ਦੁਨਿਆਵੀ ਦਿਸ਼ਾ ਵਿਚ ਕੌਮ ਦੀ ਅਗਵਾਈ ਕਰਦਾ ਹੈ। ਪ੍ਰੰਤੂ ਅਫ਼ਸੋਸ ਕਿ ਪਿਛਲੇ ਕਈ ਦਹਾਕਿਆਂ ਤੋਂ ਇਸ ਸੰਸਥਾ ਨੂੰ ਵੀ ਅਪਣੀ ਸਿਆਸੀ ਲਾਲਸਾ ਦੀ ਪੂਰਤੀ ਲਈ ਇਕੋ ਪ੍ਰਵਾਰ ਵਰਤ ਰਿਹਾ ਹੈ। ਉਸ ਪ੍ਰਵਾਰ ਦੇ ਖ਼ਿਲਾਫ਼ ਜੇ ਕੋਈ ਛਿੱਕ ਵੀ ਮਾਰ ਦੇਵੇ ਤਾਂ ਅਕਾਲ ਤਖ਼ਤ ਦਾ ਜਥੇਦਾਰ ਕਾਰਜਕਾਰੀ ਜਥੇਦਾਰ ਸੋਸ਼ਲ ਮੀਡੀਆ ਦੇ ਕਿਸੇ ਚੈਨਲ ’ਤੇ ਲਾਈਵ ਹੋ ਕੇ ਅਪਣਾ ਸੰਦੇਸ਼ ਦੇਣਾ ਨਹੀਂ ਭੁੱਲਦਾ। ਸਿੱਖ ਕੌਮ ਦੇ ਬਹੁਤ ਮਸਲੇ ਹਨ ਜਿਨ੍ਹਾਂ ਨੂੰ ਜਥੇਦਾਰ ਸੁਲਝਾ ਸਕਦਾ ਹੈ।

ਪ੍ਰੰਤੂ ਇਸ ਪਾਸੇ ਉਸ ਨੇ ਕਦੇ ਧਿਆਨ ਨਹੀਂ ਦਿਤਾ। ਕੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਨੂੰ ‘ਸੋਗਮਈ ਹਫ਼ਤਾ ਐਲਾਨ ਕਰਨਾ ਨਹੀਂ ਬਣਦਾ? ਇਸ ਦਿਹਾੜੇ ਨੂੰ ਅਤੇ ਹੋਰ ਸ਼ਹੀਦੀ ਦਿਹਾੜੇ, ਗੁਰਪੁਰਬਾਂ ਨੂੰ ਮਨਾਉਣ ਲਈ ਕੌਮ ਲਈ ‘ਕੋਡ ਆਫ਼ ਕੰਡਕਟ’ ਲਾਗੂ ਕਰਨਾ ਨਹੀਂ ਚਾਹੀਦਾ? ਕੀ ਕੈਲੰਡਰ ਦਾ ਮੁੱਦਾ ਹੱਲ ਕਰਨਾ ਨਹੀਂ ਬਣਦਾ? ਸ਼੍ਰੋਮਣੀ ਕਮੇਟੀ ਕੋਈ ਗੁਰਪੁਰਬ ਜਾਂ ਸ਼ਹੀਦੀ ਦਿਨ ਕਦੇ ਕਿਸੇ ਕੈਲੰਡਰ ਮੁਤਾਬਕ ਅਤੇ ਕਦੇ ਕਿਸੇ ਕੈਲੰਡਰ ਮੁਤਾਬਕ ਮਨਾਉਂਦੀ ਹੈ। ਨਾਨਕਸ਼ਾਹੀ ਕੈਲੰਡਰ ਜਿਸ ਨੇ ਇਸ ਦੁਬਿਧਾ ਦਾ ਹੱਲ ਕਰ ਕੇ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਪੱਕੀਆਂ ਤਾਰੀਕਾਂ ਨਿਯਤ ਕੀਤੀਆਂ ਸਨ, ਨੂੰ ਤੁਰਤ ਲਾਗੂ ਕਰਨਾ ਨਹੀਂ ਬਣਦਾ? ਜਦੋਂਕਿ ਵਿਦੇਸ਼ਾਂ ਦੀਆਂ ਗੁਰਦਵਾਰਾ ਕਮੇਟੀਆਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਅਪਣੇ ਤੌਰ ’ਤੇ ਲਾਗੂ ਕਰਨ ਦਾ ਫ਼ੈਸਲਾ ਲੈ ਲਿਆ ਹੈ।

ਕੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਚੁੱਪੀ ਕੌਮ ਨੂੰ ਦੋਫਾੜ ਕਰਨ ਦੀ ਕਿਸੇ ਸਿੱਖ ਦੁਸ਼ਮਣ ਜਮਾਤ ਦੇ ਗੁਪਤ ਏਜੰਡੇ ਵਲ ਸੰਕੇਤ ਨਹੀਂ ਕਰਦੀ? ਵਿਵਾਦਤ ਪੁਸਤਕਾਂ ਜਿਵੇਂ ਗੁਰਬਿਲਾਸ ਪਾਤਸ਼ਾਹੀ ਛੇਵੀਂ, ਬਚਿੱਤਰ ਨਾਟਕ, ਦਸਮ ਗ੍ਰੰਥ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਸੋਧਣ ਦਾ ਫ਼ੈਸਲਾ ਕਰਨਾ ਨਹੀਂ ਬਣਦਾ? 
ਗੁਰੂ ਪੰਥ ਨੂੰ ਪਰਣਾਈਆਂ ਅਤੇ ਗੁਰਮਤਿ ਪ੍ਰਚਾਰਕ ਸ਼ਖ਼ਸੀਅਤਾਂ ਨੂੰ ਪੰਥ ’ਚੋਂ ਛੇਕਣ ਦੇ ਹੁਕਮਨਾਮੇ ਤੁਰਤ ਰੱਦ ਕਰਨੇ ਚਾਹੀਦੇ ਹਨ ਤੇ ਜੀਵਨ ’ਚ ਵਿਚਰ ਰਹੀਆਂ ਸ਼ਖ਼ਸੀਅਤਾਂ ਤੋਂ ਤਖ਼ਤ ਵਲੋਂ ਮਾਫ਼ੀ ਵੀ ਮੰਗਣੀ ਚਾਹੀਦੀ ਹੈ। ਇਹ ਕੁੱਝ ਮੁੱਦੇ ਹਨ ਜਿਨ੍ਹਾਂ ਦਾ ਸਬੰਧ ਕਿਸੇ ਹਕੂਮਤ ਨਾਲ ਨਹੀਂ, ਨਿਰੋਲ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨਾਲ ਹੈ। ਫਿਰ ਇਹ ਫ਼ੈਸਲੇ ਕਿਉਂ ਨਹੀਂ ਲਏ ਜਾਂਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement