Hola Mohalla: ਹੋਲਾ ਮਹੱਲਾ ਕਿਸ ਤਰ੍ਹਾਂ ਮਨਾਉਣਾ ਚਾਹੀਦੈ?
Published : Mar 25, 2024, 1:21 pm IST
Updated : Mar 25, 2024, 1:21 pm IST
SHARE ARTICLE
Hola Mahalla
Hola Mahalla

ਗੁਰੂ ਸਾਹਿਬ ਵਲੋਂ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸੈਂਕੜੇ ਸਾਲਾਂ ਤੋਂ ਗ਼ੁਲਾਮ ਮਾਨਸਿਕਤਾ ਦੇ ਮਨਾਂ ’ਚ ਇਨਕਲਾਬੀ ਸੋਚ ਪੈਦਾ ਕਰਨਾ ਸੀ 

Hola Mahalla: ‘ਹੋਲਾ-ਮਹੱਲਾ’ ਸਿੱਖ ਧਰਮ ਦੀ ਸੂਰਬੀਰਤਾ, ਨਿਰਭੈਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣ ਕਾਰਨ ਹਰ ਸਾਲ ਬੜੇ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਆ ਜਾਂਦਾ ਹੈ।  ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ’ਚ ‘ਹੋਲਾ ਮਹੱਲਾ’ ਬਾਰੇ ਇੰਝ ਲਿਖਦੇ ਹਨ, ‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤ੍ਰ ਅਤੇ ਯੁੱਧ ਵਿਦਿਆ ’ਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ, ਕਲਗ਼ੀਧਰ ਆਪ ਇਸ ਮਸਨੂਈ ਜੰਗ ਦਾ ਕਰਤਵ ਦੇਖਦੇ ਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦਿੰਦੇ ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ’ਚ ਸਿਰੋਪਾ ਬਖ਼ਸ਼ਦੇ ਸਨ।

‘ਹੋਲਾ-ਮਹੱਲਾ’ ਦੋ ਸ਼ਬਦਾਂ ‘ਹੋਲਾ’ ਤੇ ‘ਮਹੱਲਾ’ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ‘ਹੋਲਾ’ ਸ਼ਬਦ ਦਾ ਅਰਥ ਹਮਲਾ ਤੇ ‘ਮਹੱਲਾ’ ਸ਼ਬਦ ਤੋਂ ਭਾਵ ਕਿਸੇ ਸਥਾਨ ਨੂੰ ਫ਼ਤਿਹ ਕਰਨਾ ਹੈ। ‘ਹੋਲਾ’ ਅਰਬੀ ਭਾਸ਼ਾ ਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਪ੍ਰਕਾਰ ‘ਹੋਲਾ-ਮਹੱਲਾ’ ਦਾ ਸਮੁੱਚਾ ਅਰਥ ਹੈ “ਕਿਸੇ ਨਿਸ਼ਚਤ ਸਥਾਨ ’ਤੇ ਹਮਲਾ ਕਰ ਕੇ ਫ਼ਤਿਹ ਦਾ ਨਗਾਰਾ ਵਜਾਉਣਾ।”

ਇਹ ਦਿਹਾੜਾ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਭਾਰਤ ਦਾ ਇਕ ਪ੍ਰਾਚੀਨ ਤਿਉਹਾਰ ਹੈ ਜੋ ਭਗਤ ਪ੍ਰਹਿਲਾਦ, ਉਸ ਦੇ ਪਿਤਾ ਹਰਨਾਖ਼ਸ਼ ਤੇ ਉਸ ਦੀ ਭੂਆ ਹੋਲਿਕਾ ਦੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ। ਹਰਨਾਖ਼ਸ਼ ਭਗਤ ਪ੍ਰਹਿਲਾਦ ਜੀ ਨੂੰ ਮਰਵਾਉਣਾ ਚਾਹੁੰਦਾ ਸੀ ਪਰ ਪ੍ਰਭੂ ਨੇ ਨਰ ਸਿੰਘ ਦਾ ਰੂਪ ਧਾਰ ਕੇ ਭਗਤ ਪ੍ਰਹਿਲਾਦ ਦੀ ਰਖਿਆ ਕੀਤੀ। ਭਾਰਤੀ ਪ੍ਰੰਪਰਾ ਅਨੁਸਾਰ ਇਸ ਦਿਨ ਤੋਂ ਲੋਕਾਂ ਨੇ ਇਕ ਦੂਜੇ ’ਤੇ ਰੰਗ ਪਾ ਕੇ ਅਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ

ਪਰ ਸਮੇਂ ਦੇ ਨਾਲ-ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਆਮ ਲੋਕਾਂ ’ਚ ਕਈ ਕੁਰੀਤੀਆਂ ਆ ਗਈਆਂ, ਉਹ ਨਸ਼ੇ ਦਾ ਸੇਵਨ ਕਰ ਕੇ ਇਕ ਦੂਜੇ ’ਤੇ ਰੰਗ ਅਤੇ ਗੰਦ ਸੁਟਦੇ। ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਨ੍ਹਾਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਤੇ ਖ਼ਾਲਸੇ ’ਚ ਸੂਰਬੀਰਤਾ ਤੇ ਨਿਰਭੈਤਾ ਭਰਨ ਲਈ ਅਨੰਦਪੁਰ ਸਾਹਿਬ ਵਿਖੇ ਸੰਮਤ 1757 (1700 ਈ.) ਚੇਤ ਵਦੀ ਇਕ ਨੂੰ ਹੋਲਗੜ੍ਹ ਦੇ ਸਥਾਨ ਤੇ ਹੋਲੇ-ਮਹੱਲੇ ਨੂੰ ਮਨਾਉਣ ਦੀ ਸ਼ੁਰੂਆਤ ਕਰਵਾਈ। ਕਵੀ ਸੁਮੇਰ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦੇ ਆਦੇਸ਼ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ :

ਔਰਨ ਕੀ ਹੋਲੀ ਮਮ ਹੋਲਾ॥
ਕਹਿਯੋ ਕ੍ਰਿਪਾਨਿਧ ਬਚਨ ਅਮੋਲਾ॥

ਗੁਰੂ ਸਾਹਿਬ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸੈਂਕੜੇ ਸਾਲਾਂ ਤੋਂ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਦੇ ਮਨਾਂ ’ਚ ਇਨਕਲਾਬੀ ਸੋਚ ਪੈਦਾ ਕਰਨ ਤੋਂ ਸੀ। ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵਲੋਂ ਜਾਰੀ ਫ਼ੁਰਮਾਨ ਅਨੁਸਾਰ ਭਾਰਤੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਤੇ ਸਿਰ ਉੱਤੇ ਦਸਤਾਰ ਸਜਾਉਣ ਦੀ ਮਨਾਹੀ ਸੀ।

ਦਸਮੇਸ਼ ਪਿਤਾ ਜੀ ਨੇ ਆਮ ਲੋਕਾਂ ਨੂੰ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਘੋੜ-ਸਵਾਰੀ, ਸ਼ਸਤਰ ਵਿਦਿਆ ਦੀ ਸਿਖਿਆ ਲੈਣ ਲਈ ਪ੍ਰੇਰਿਆ। ਪ੍ਰਸਿੱਧ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਅਨੁਸਾਰ ਭਾਰਤ ਦੇਸ਼ ਵਿਚ ਬਹੁਤ ਸਾਰੇ ਅਵਤਾਰੀ ਪੁਰਸ਼ ਹੋਏ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ’ਚ ਸੂਰਬੀਰਤਾ ਭਰ ਰਹੇ ਸਨ ਜੋ ਸਦੀਆਂ ਤੋਂ ਲਿਤਾੜੇ ਹੋਏ ਸਨ।

ਸ਼ਸਤਰ ਸਿੱਖੀ ਦਾ ਅਟੁੱਟ ਅੰਗ ਹਨ। ਹੋਲੇ-ਮਹੱਲੇ ਦਾ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਸ਼ਸਤਰ ਵਿਦਿਆ ਤੇ ਖ਼ਾਲਸੇ ਦੀ ਨਿਰਭੈਤਾ, ਚੜ੍ਹਦੀ ਕਲਾ ਨਾਲ ਅਟੁੱਟ ਸਬੰਧ ਨੂੰ ਕਵੀ ਨਿਹਾਲ ਸਿੰਘ ਜੀ ਨੇ ਅਪਣੀ ਰਚਨਾ ਵਿਚ ਇੰਝ ਕਲਮਬੰਧ ਕੀਤਾ ਹੈ :

ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ 
ਅਰੁ ਕਰਦੌਨਾ ਟੋਲਾ ਹੈ,

ਸੁਭਟਸੁਚਾਲਾ ਅਰ ਲਖਬਾਹਾਂ 
ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ‘ਹੋਲਾ’ ਹੈ।

ਗੁਰੂ ਸਾਹਿਬ ਜੀ ਨੇ ਖ਼ਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਹੋਇਆ ਹੈ ਪਰ ਹੁਣ ਸਵਾਲ ਉਠਦਾ ਹੈ ਕਿ ਅਸੀਂ ਅਪਣੀ ਇਸ ਸ਼ਸਤਰ ਵਿਦਿਆ ਨੂੰ ਅਪਣੀ ਆਉਣ ਵਾਲੀ ਨਵੀਂ ਪੀੜ੍ਹੀ ਤੇ ਅੰਤਰ-ਰਾਸ਼ਟਰੀ ਮੰਚ ਤਕ ਕਿਵੇਂ ਲੈ ਕੇ ਜਾ ਜਾਈਏ, ਪਿਛਲੇ ਸਮੇਂ ਦੌਰਾਨ ਗਤਕੇ ਦੀ ਪੇਸ਼ਕਾਰੀ ਕਈ ਟੀਵੀ ਮੁਕਾਬਲਿਆਂ ’ਚ ਦੇਖਣ ਨੂੰ ਮਿਲੀ ਪਰ ਲੋੜ ਹੈ ਸਾਡੀ ਇਸ ਸ਼ਸਤਰ ਵਿਦਿਆ ਨੂੰ ਖੇਡਾਂ ਦਾ ਹਿੱਸਾ ਬਣਾਉਣ ਦੀ ਜਿਵੇਂ ਕਿ ਤਲਵਾਰਬਾਜ਼ੀ, ਤੀਰ-ਅੰਦਾਜ਼ੀ, ਘੋੜ-ਸਵਾਰੀ, ਨਿਸ਼ਾਨੇਬਾਜ਼ੀ, ਨੇਜ਼ੇਬਾਜ਼ੀ।

ਦੁਨੀਆਂ ਦੀਆਂ ਪ੍ਰਸਿੱਧ ਓਲਪਿੰਕ ਖੇਡਾਂ ’ਚ ਉਪ੍ਰੋਕਤ ਖੇਡਾਂ ਕਿਸੇ ਨਾ ਕਿਸੇ ਰੂਪ ’ਚ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਖੇਡ 1896 ਈ. ਤੋਂ ਹੀ ਓਲਪਿੰਕ ਖੇਡਾਂ ਦਾ ਹਿੱਸਾ ਰਹੀ ਹੈ। ਪਛਮੀ ਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੇ ਸਕੂਲਾਂ ’ਚ ਇਹ ਸਾਰੀਆਂ ਖੇਡਾਂ ਦੀ ਸਿਖਲਾਈ ਦਿਤੀ ਜਾਂਦੀ ਹੈ। ਸਾਨੂੰ ਅਪਣੀ ਸ਼ਸਤਰ ਵਿਦਿਆ ਦੇ ਨਾਲ-ਨਾਲ ਇਹ ਸਾਰੀਆਂ ਖੇਡਾਂ ਵਿਚ ਅਪਣੇ ਨੌਜਵਾਨਾਂ ਨੂੰ ਖੇਡਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

ਇਸ ਦੇ ਲਈ ਸਾਨੂੰ ਇਕ ਮਾਰਸ਼ਲ ਆਰਟ ਸਕੂਲ ਦੀ ਜ਼ਰੂਰਤ ਪਵੇਗੀ ਜਿਸ ’ਚ ਇਹ ਸਾਰੀਆਂ ਵਿਰਾਸਤੀ ਖੇਡਾਂ ਦੀ ਸਿਖਲਾਈ ਮਾਹਰ ਕੋਚ ਦੁਆਰਾ ਦਿਤੀ ਜਾਵੇ। ਅਨੰਦਪੁਰ ਸਾਹਿਬ ਜੋ ਕਿ ਖ਼ਾਲਸੇ ਦਾ ਜਨਮ ਅਸਥਾਨ ਹੈ, ਉੱਥੇ ਇਕ ਆਧੁਨਿਕ ਮਾਰਸ਼ਲ ਆਰਟ ਸਕੂਲ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਨ੍ਹਾਂ ਖੇਡਾਂ ਨੂੰ ਉਤਸ਼ਾਹਤ ਕਰਨ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਸਿੱਖੀ ਸਰੂਪ ਵਾਲੇ ਖਿਡਾਰੀ ਤਿਆਰ ਕਰ ਸਕਦੇ ਹਾਂ ਜੋ ਕੌਮ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਸਾਡੀ ਸਿਰਮੌਰ ਸੰਸਥਾ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਇਨ੍ਹਾਂ ਖੇਡਾਂ ਨੂੰ ਅਪਣੇ ਸਕੂਲਾਂ ਕਾਲਜਾਂ ’ਚ ਸ਼ਾਮਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤਾ ਇਹ ਤਿਉਹਾਰ ਅੱਜ ਵੀ ਲਗਾਤਾਰ ਜਾਰੀ ਹੈ। ਪਰ ਸਮੇਂ ਦੇ ਨਾਲ-ਨਾਲ ਇਸ ਤਿਉਹਾਰ ਨੂੰ ਮਨਾਉਣ ਵਾਲੇ ਸਾਡੇ ਨੌਜਵਾਨ ਵਰਗ ’ਚ ਬਹੁਤ ਨਿਘਾਰ ਆਇਆ ਹੈ। ਅਜੋਕੀ ਪੀੜ੍ਹੀ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਬਾਣੀ ਤੇ ਬਾਣੇ ਤੋਂ ਬੇਮੁਖ ਹੋ ਰਹੀ ਹੈ ਅਤੇ ਇਨ੍ਹਾਂ ਦਿਨਾਂ ਵਿਚ ਕਈ ਨੌਜਵਾਨ ਮੋਟਰਸਾਈਕਲਾਂ ਦੇ ਸਾਈਲੈਂਸਰ ਲਾਹ ਕੇ, ਪਟਾਕੇ ਮਾਰ ਕੇ, ਟ੍ਰੈਕਟਰਾਂ ਉਤੇ ਡੀਜੇ ਲਗਾ ਕੇ ਆਮ ਸੰਗਤ ਨੂੰ ਪ੍ਰੇਸ਼ਾਨ ਕਰਦੇ ਹਨ।

ਨਸ਼ਾ ਕਰ ਕੇ, ਖ਼ਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਉਹ ਅਣਜਾਣਪੁਣੇ ’ਚ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਰੋਲ ਰਹੇ ਹਨ ਜਿਨ੍ਹਾਂ ਨੇ ਸਾਡੇ ਲਈ ਅਪਣਾ ਖ਼ੂਨ ਪਾਣੀ ਵਾਂਗ ਵਹਾ ਦਿਤਾ। ਸਾਡੀ ਨੌਜਵਾਨ ਪੀੜ੍ਹੀ ’ਚ ਅਪਣੇ ਇਸ ਕੌਮੀ ਤਿਉਹਾਰ ਪ੍ਰਤੀ ਸ਼ਰਧਾ ਤਾਂ ਭਰਪੂਰ ਹੈ ਪਰ ਲੋੜ ਹੈ ਉਸ ਸ਼ਰਧਾ ਨੂੰ ਸਹੀ ਸੇਧ ਦੇਣ ਦੀ ਤਾਂ ਜੋ ਉਨ੍ਹਾਂ ਦੇ ਮਨਾਂ ਅੰਦਰ ਵੀ ਖ਼ਾਲਸੇ ਦੀ ਚੜ੍ਹਦੀ ਕਲਾ, ਜ਼ਾਲਮ ਨਾਲ ਟੱਕਰ ਲੈਣ ਦੀ ਜੁਝਾਰੂ ਤੇ ਇਨਕਲਾਬੀ ਸੋਚ ਭਰੀ ਜਾ ਸਕੇ। ਦਾਲ-ਰੋਟੀ ਦੇ ਲੰਗਰ ਦੇ ਨਾਲ-ਨਾਲ ਦਸਤਾਰ ਸਜਾਉਣ ਦੇ ਵੀ ਲੰਗਰ ਲਗਾਉਣੇ ਚਾਹੀਦੇ ਹਨ।

ਇਸ ਤਿਉਹਾਰ ਤੇ ਸਾਹਿਤਕ ਸਭਾਵਾਂ ਤੇ ਗੁਰਮਤਿ ਸਮਾਗਮਾਂ ਰਾਹੀ ਸਮਾਜ ’ਚ ਫੈਲੇ ਨਸ਼ੇ, ਭਰੂਣ ਹਤਿਆ, ਦਾਜ ਦੀ ਸਮੱਸਿਆ, ਵਾਤਾਵਰਣ ਪ੍ਰਦੂਸ਼ਣ, ਜਾਤ-ਪਾਤ ਵਰਗੀਆਂ ਸਮਾਜਕ ਕੁਰੀਤੀਆਂ ਨੂੰ ਠੱਲ੍ਹ ਪਾਉਣ ’ਤੇ ਜ਼ੋਰ ਦਿਤਾ ਜਾਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਇਸ ਤਿਉਹਾਰ ਤੇ ਇਕ ਦੂਜੇ ਉਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਧਾਰਮਕ ਸਦਭਾਵਨਾ ਦਾ ਸੰਦੇਸ਼ ਦੇਣਾ ਚਾਹੀਦਾ ਹੈ।

ਸਾਡੀਆਂ ਧਾਰਮਕ ਤੇ ਸਮਾਜਕ ਸੰਸਥਾਵਾਂ ਨੂੰ ਇਸ ਤਿਉਹਾਰ ਤੇ ਅੱਗੇ ਹੋ ਕੇ ਨੌਜਵਾਨਾਂ ਨੂੰ ਅਪਣੇ ਅਮੀਰ ਵਿਰਸੇ ਅਤੇ ਗੌਰਵਮਈ ਇਤਿਹਾਸ ਨਾਲ ਜੋੜਨ ਦੀ ਪਹਿਲ-ਕਦਮੀ ਕਰਨੀ ਚਾਹੀਦੀ ਹੈ ਤੇ ਉਹ ਕਰ ਵੀ ਰਹੇ ਹਨ ਪਰ ਲੋੜ ਹੈ ਇਸ ’ਚ ਹੋਰ ਤੇਜ਼ੀ ਲਿਆਉਣ ਦੀ ਤਾਂ ਜੋ ਅਸੀਂ ਅਪਣੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਬਚਾ ਸਕੀਏ। ਸੰਵਾਦ ਦੀ ਅੱਜ ਦੇ ਸਮੇਂ ਕੌਮ ’ਚ ਬਹੁਤ ਘਾਟ ਮਹਿਸੂਸ ਹੋ ਰਹੀ ਹੈ।

ਖ਼ਾਸ ਤੌਰ ਤੇ ਅਜਿਹੇ ਸੈਮੀਨਾਰ ਕਰਵਾਉਣ ਦੀ ਲੋੜ ਹੈ ਜਿੱਥੇ ਨੌਜਵਾਨਾਂ ਨਾਲ ਅਜੋਕੇ ਸਿੱਖ ਪ੍ਰਸੰਗ ’ਚ ਵੱਖ-ਵੱਖ ਸਰੋਕਾਰਾਂ ਤਹਿਤ ਵਿਚਾਰ-ਚਰਚਾ ਕੀਤੀ ਜਾਏ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਤੇ ਜਾਣ, ਵਿਸ਼ਵੀਕਰਨ ਦੇ ਦੌਰ ’ਚ ਅਪਣੇ ਸਿੱਖ ਫ਼ਲਸਫ਼ੇ ਦਾ ਧਾਰਨੀ ਬਣ ਕੇ ਕਿੰਝ ਦੁਨੀਆਂ ’ਤੇ ਅਪਣੇ ਆਦਰਸ਼ ਜੀਵਨ ਨਾਲ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦੈ, ਦੀ ਸਾਂਝ ਪਾਉਣੀ ਚਾਹੀਦੀ ਹੈ।

ਮੌਜੂਦਾ ਸਮੇਂ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨੀ ਵੱਧ-ਚੜ੍ਹ ਕੇ ਅਪਣਾ ਯੋਗਦਾਨ ਪਾ ਰਹੀ ਹੈ ਤੇ ਅਪਣੇ ਹੱਕਾਂ ਪ੍ਰਤੀ ਜਾਗੂਰਕ ਹੋ ਕੇ ਬੁਲੰਦ ਆਵਾਜ਼ ਉਠਾ ਰਹੀ ਹੈ। ਲੋੜ ਹੈ ਉਸ ਨੂੰ ਸਹੀ ਅਗਵਾਈ ਦੇਣ ਦੀ। ਜਲੰਧਰ ਦੇ ਇਕ ਸਿੱਖ ਨੌਜਵਾਨ ਨੇ ਪੰਜਾਬੀ ਬੋਲਣ ਤੇ ਸਮਝਣ ਵਾਲਾ ਪਹਿਲਾ ਪੰਜਾਬੀ ਰੋਬੋਟ ‘ਸਰਬੰਸ ਕੌਰ’ ਤਿਆਰ ਕੀਤੈ ਕਿਉਂ ਨਾ ਅਜਿਹੇ ਨੌਜਵਾਨਾਂ ਨੂੰ ਸਾਡੀਆ ਸੰਸਥਾਵਾਂ ਹੱਲਸ਼ੇਰੀ ਦੇਣ ਤਾਂ ਜੋ ਉਹ ਵਿਸ਼ਵ ਪੱਧਰ ’ਤੇ ਅਪਣਾ ਤੇ ਕੌਮ ਦਾ ਨਾਮ ਰੌਸ਼ਨ ਕਰ ਸਕਣ।

ਜੇਕਰ ਕੌਮ ਗੁਰੂ ਸਾਹਿਬ ਵਲੋਂ ਬਖ਼ਸ਼ੇ ਨਿਆਰੇਪਨ ਤੇ ਚੜ੍ਹਦੀ ਕਲਾ ਵਾਲੇ ਸਿਧਾਂਤ ’ਤੇ ਚਲੇਗੀ ਤਾਂ ਗੁਰੂ ਸਾਹਿਬ ਵੀ ਅਪਣਾ ਤੇਜ ਪ੍ਰਦਾਨ ਕਰਦੇ ਰਹਿਣਗੇ ਅਤੇ ਜੇਕਰ ਇਹ ਅਪਣੀ ਇਸ ਜੀਵਨ ਜਾਚ ਨੂੰ ਛੱਡ ਬਿਪਰਨ ਦੀ ਰੀਤ ਅਖ਼ਤਿਆਰ ਕਰੇਗੀ ਤਾਂ ਗੁਰੂ ਸਾਹਿਬ ਵੀ ਸਾਡੀ ਪ੍ਰੀਤ ਨਹੀਂ ਕਰਨਗੇ।

ਜਬ ਲਗ ਖ਼ਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰਉਂ ਇਨ ਕੀ ਪ੍ਰਤੀਤ॥

ਸੋ, ਅੰਤ ’ਚ ਅਸੀਂ ਇਹ ਆਖ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਦੇ ਰੂਪ ਵਿਚ ਖ਼ਾਲਸਾ ਪੰਥ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਅਤੇ ਹਰ ਸਿੱਖ ਨੂੰ ਇਕ ਆਦਰਸ਼ ਇਨਸਾਨ ਵਜੋਂ ਸਮਾਜ ’ਚ ਵਿਚਰ ਕੇ ਲੋਕ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਅਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਆਉ, ਅਸੀਂ ਅਪਣੇ ਇਸ ਕੌਮੀ ਤਿਉਹਾਰ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਇਕ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਥਾਪਨਾ ਕਰੀਏ।

ਖੋਜਕਰਤਾ, ਧੂਰਕੋਟ (ਮੋਗਾ) ਗੁਰੂ ਨਾਨਕ ਚੇਅਰ, ਚੰਡੀਗੜ੍ਹ ’ਵਰਸਟੀ 
ਦਵਿੰਦਰ ਕੌਰ ਖ਼ੁਸ਼ ਧਾਲੀਵਾਲ 
ਮੋਬਾ : 88472-27740

SHARE ARTICLE

ਏਜੰਸੀ

Advertisement

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM
Advertisement