
ਮਾਝਾ ਜ਼ੋਨ 'ਚ ਵੱਖ-ਵੱਖ ਥਾਵਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 2322 ਪ੍ਰਾਣੀ ਗੁਰੂ ਵਾਲੇ ਬਣੇ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ ਸਿਰਜਣਾ ਦਿਵਸ ਮੌਕੇ ਵੱਖ-ਵੱਖ ਥਾਵਾਂ 'ਤੇ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 11400 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦਸਿਆ ਕਿ ਖ਼ਾਲਸਾ ਸਾਜਨਾ ਦਿਵਸ ਦੇ ਸਮਾਗਮਾਂ ਦੌਰਾਨ 12 ਅਪ੍ਰੈਲ ਤੋਂ 16 ਅਪ੍ਰੈਲ ਤਕ ਪੰਜਾਬ ਅੰਦਰ ਮਾਝਾ, ਦੁਆਬਾ ਤੇ ਮਾਲਵਾ ਜ਼ੋਨਾਂ ਦੇ ਨਾਲ-ਨਾਲ ਸਿੱਖ ਮਿਸ਼ਨ ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਤੇ ਉਤਰਾਖੰਡ ਆਦਿ ਥਾਵਾਂ 'ਤੇ ਵੱਡੀ ਗਿਣਤੀ ਵਿਚ ਸੰਗਤਾਂ ਅੰਮ੍ਰਿਤ ਪਾਨ ਕਰ ਕੇ ਪੰਥਕ ਪਰਵਾਰ ਦਾ ਹਿੱਸਾ ਬਣੀਆਂ ਹਨ।
Pic-2
ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਦੇਖ-ਰੇਖ ਹੇਠ ਧਰਮ ਪ੍ਰਚਾਰ ਕਮੇਟੀ ਵਲੋਂ ਚਲਾਈ ਗਈ ਧਰਮ ਪ੍ਰਚਾਰ ਲਹਿਰ ਤਹਿਤ ਪ੍ਰਚਾਰ ਵਹੀਰਾਂ ਦੁਆਰਾ ਸੰਗਤਾਂ ਤਕ ਨਿਰੰਤਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ ਸਾਲ ਦੌਰਾਨ ਇਕ ਲੱਖ ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਵਰ੍ਹੇ ਵੀ ਪ੍ਰਚਾਰਕ ਜਥਿਆਂ ਵੱਲੋਂ ਲਗਾਤਾਰ ਧਰਮ ਪ੍ਰਚਾਰ ਕੀਤਾ ਜਾ ਰਿਹਾ ਹੈ।
ਖ਼ਾਲਸਾ ਸਾਜਨਾ ਦਿਵਸ ਸਬੰਧੀ ਅੰਮ੍ਰਿਤ ਸੰਚਾਰ ਸਮਾਗਮਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦਸਿਆ ਕਿ ਮਾਝਾ ਜ਼ੋਨ 'ਚ ਵੱਖ-ਵੱਖ ਥਾਵਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 2322 ਪ੍ਰਾਣੀ ਗੁਰੂ ਵਾਲੇ ਬਣੇ ਹਨ। ਇਸੇ ਤਰ੍ਹਾਂ ਦੁਆਬਾ ਜ਼ੋਨ ਵਿਚ ਅੰਮ੍ਰਿਤ ਛਕਣ ਵਾਲੀਆਂ ਗਿਣਤੀ 5618 ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਨੁਸਾਰ ਮਾਲਵਾ ਜ਼ੋਨ ਅੰਦਰ 2708 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਜਦਕਿ ਸਿੱਖ ਮਿਸ਼ਨ ਹਰਿਆਣਾ ਵਲੋਂ 326, ਸਿੱਖ ਮਿਸ਼ਨ ਹਾਪੁੜ ਉਤਰਪ੍ਰਦੇਸ਼ ਵਲੋਂ 246, ਸਿੱਖ ਮਿਸ਼ਨ ਗੁਜਰਾਤ ਵਲੋਂ 51 ਅਤੇ ਸਿੱਖ ਮਿਸ਼ਨ ਉਤਰਾਖੰਡ ਵਲੋਂ 169 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ।