
ਬਿੱਟੂ ਦੇ ਕਤਲ ਨਾਲ ਐਸਆਈਟੀ ਦੀ ਜਾਂਚ ਨੂੰ ਲੱਗਾ ਝਟਕਾ : ਆਈਜੀ ਕੁੰਵਰਵਿਜੈ
ਕੋਟਕਪੂਰਾ : ਬਰਗਾੜੀ ਬੇਅਦਬੀ ਮਾਮਲਿਆਂ ਨਾਲ ਜੁੜੀਆਂ ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਗੋਲੀਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਆਖਿਆ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਨਾਲ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਨੂੰ ਝਟਕਾ ਲੱਗਾ ਹੈ, ਕਿਉਂਕਿ ਐਸਆਈਟੀ ਵਲੋਂ ਉਕਤ ਮਾਮਲੇ 'ਚ ਬਿੱਟੂ ਤੋਂ ਪੁਛਗਿਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
Mohinderpal Bittu
ਉਨ੍ਹਾਂ ਕਿਹਾ ਕਿ ਹਰਿਆਣਾ ਜੇਲ ਦੇ ਅਧਿਕਾਰੀਆਂ ਦਾ ਇਕ ਪੱਤਰ ਮਿਲਿਆ ਜਿਸ ਵਿਚ ਉਨ੍ਹਾਂ ਐਸਆਈਟੀ ਨੂੰ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਡੇਰਾ ਮੁਖੀ ਸੌਦਾ ਸਾਧ ਦੀ ਜਾਂਚ ਦੀ ਆਗਿਆ ਦੇ ਦਿਤੀ ਹੈ। ਉਸ ਦੀ ਜਾਂਚ ਕਰਨ ਲਈ ਜਾਣ ਤੋਂ ਪਹਿਲਾਂ ਐਸਆਈਟੀ ਨੇ ਇਸੇ ਹਫ਼ਤੇ ਨਾਭਾ ਜੇਲ 'ਚ ਬਿੱਟੂ ਨੂੰ ਜਾਂਚ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਹੋ ਗਿਆ। ਉਨ੍ਹਾਂ ਕਿਹਾ ਕਿ ਐਸਆਈਟੀ ਨੂੰ ਬਿੱਟੂ ਨੂੰ ਜਾਂਚ 'ਚ ਸ਼ਾਮਲ ਕਰਨ ਨਾਲ ਉਕਤ ਘਟਨਾਵਾਂ ਨਾਲ ਤਥਾਕਥਿਤ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਲੱਗਣ ਦੀ ਉਮੀਦ ਸੀ ਜਿਸ ਦੇ ਆਧਾਰ 'ਤੇ ਸੌਦਾ ਸਾਧ ਤੋਂ ਸਵਾਲ ਪੁੱਛੇ ਜਾਣੇ ਸਨ।
Kunwar Vijay Pratap
ਆਈ.ਜੀ.ਨੇ ਕਿਹਾ ਕਿ ਇਸ ਪਹਿਲੂ ਨੂੰ ਬਿੱਟੂ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਨਾਲ ਵੀ ਸਾਂਝਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ 'ਚ ਐਸਆਈਟੀ ਨੇ 27 ਮਈ 2019 ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਫ਼ਰੀਦਕੋਟ ਅਦਾਲਤ 'ਚ ਚਲਾਨ ਪੇਸ਼ ਕਰ ਦਿਤਾ ਸੀ ਜਿਸ 'ਚ ਇਹ ਦਸਿਆ ਗਿਆ ਸੀ ਕਿ ਰੋਹਤਕ ਜੇਲ ਅਧਿਕਾਰੀਆਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਉਨ੍ਹਾਂ ਦੀ ਟੀਮ 2 ਅਪ੍ਰੈਲ ਨੂੰ ਸੌਦਾ ਸਾਧ ਤੋਂ ਪੁਛਗਿਛ ਨਾ ਕਰ ਸਕੀ।
Bargari Kand
ਨਾਭੇ ਦੀ ਨਵੀਂ ਬਣੀ ਜੇਲ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਬਰਗਾੜੀ ਬੇਅਦਬੀ ਦਾ ਮਾਮਲਾ ਫਿਰ ਤੋਂ ਚਰਚਾ 'ਚ ਆ ਗਿਆ ਹੈ ਪਰ ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀਆਂ ਫ਼ਾਈਲਾਂ ਉਪਰ ਕਈ ਮਹੀਨਿਆਂ ਤੋਂ ਧੂੜ ਜੰਮ ਰਹੀ ਹੈ। ਪਿਛਲੇ ਸਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਪੰਜਾਬ ਵਿਧਾਨ ਸਭਾ 'ਚ ਪੇਸ਼ ਕਰਦੇ ਸਮੇਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਲੈ ਕੇ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਸੌਂਪੀ ਜਾਵੇਗੀ ਪਰ ਉਸ ਤੋਂ ਕਾਰਵਾਈ ਅੱਗੇ ਨਾ ਵੱਧ ਸਕੀ। ਅਜਿਹੇ 'ਚ ਵਰਤਮਾਨ ਸਮੇਂ 'ਚ ਨਾ ਤਾਂ ਉਕਤ ਕੇਸ ਦੀ ਸੀਬੀਆਈ ਜਾਂਚ ਕਰ ਰਹੀ ਹੈ ਅਤੇ ਐਸਆਈਟੀ ਨੂੰ ਉਕਤ ਕੇਸ ਸੀਬੀਆਈ ਤੋਂ ਵਾਪਸ ਆਉਣ ਦੀ ਉਡੀਕ ਹੈ। ਮਹਿੰਦਰਪਾਲ ਬਿੱਟੂ ਸਮੇਤ ਫ਼ਰੀਦਕੋਟ ਜੇਲ 'ਚ ਭੇਜੇ 10 ਡੇਰਾ ਪ੍ਰੇਮੀਆਂ 'ਚੋਂ ਬਾਕੀਆਂ ਦੀਆਂ ਜ਼ਮਾਨਤਾਂ ਹੋ ਗਈਆਂ ਅਤੇ ਬਿੱਟੂ ਨੂੰ ਨਾਭਾ ਜੇਲ ਵਿਖੇ ਤਬਦੀਲ ਕਰ ਦਿਤਾ ਗਿਆ।