
ਨਿਊਜਰਸੀ ਕਾਊਂਟੀ ਦੇ ਇਕ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਦੀ ਪੱਗ ਨੂੰ ਲੈ ਕੇ ਕੀਤੀ.........
ਨਿਊਯਾਰਕ : ਨਿਊਜਰਸੀ ਕਾਊਂਟੀ ਦੇ ਇਕ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਦੀ ਪੱਗ ਨੂੰ ਲੈ ਕੇ ਕੀਤੀ ਨਸਲੀ ਟਿਪਣੀ ਕਰਨ 'ਤੇ ਹੋਏ ਹੰਗਾਮੇ ਦੇ ਬਾਅਦ ਅਸਤੀਫ਼ਾ ਦੇ ਦਿਤਾ ਹੈ। ਬਰਜਨ ਕਾਊਂਟੀ ਸ਼ੈਰਿਫ਼ ਮਾਈਕਲ ਸੌਡੀਨੋ ਦੇ 16 ਜਨਵਰੀ ਦੇ ਬਿਆਨ ਨੂੰ ਲੈ ਕੇ ਕਈ ਆਡੀਉ ਕਲਿਪ ਪਾਏ ਜਾਣ ਦੇ ਬਾਅਦ ਹੰਗਾਮਾ ਹੋਇਆ। ਸੌਡੀਨੋ ਅਤੇ ਚਾਰ ਅੰਡਰਸ਼ੈਰਿਫ਼ ਨੇ ਸ਼ੁਕਰਵਾਰ ਨੂੰ ਅਸਤੀਫ਼ਾ ਦਿਤਾ। ਇਹ ਅਸਤੀਫ਼ਾ ਰੇਡੀਉ ਸਟੇਸ਼ਨ ਡਬਲਊ.ਐਨ.ਵਾਈ. ਸੀ. ਵਲੋਂ ਰਿਕਾਡਿੰਗ ਨੂੰ ਜਾਰੀ ਕਰਨ ਦੇ ਇਕ ਦਿਨ ਬਾਅਦ ਆਇਆ।
ਸੌਡੀਨੋ ਨੇ ਗਵਰਨਰ ਮਰਫ਼ੀ ਵਲੋਂ ਸਿਆਸੀ ਦਬਾਅ ਦੇ ਬਾਅਦ ਅਸਤੀਫ਼ਾ ਦੇ ਦਿਤਾ। ਡੈਮੋਕ੍ਰੇਟ ਸੌਡੀਨੋ ਦਾ ਇਹ ਤੀਜਾ ਕਾਰਜਕਾਲ ਸੀ। ਆਡੀਉ ਵਿਚ ਸੌਡੀਨੋ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮਰਫ਼ੀ ਨੇ ਪੱਗ ਕਾਰਨ ਗਰੇਵਾਲ ਨੂੰ ਨਿਯੁਕਤ ਕੀਤਾ। ਸੌਡੀਨੋ ਨੇ ਮਰਫ਼ੀ ਵਲੋਂ ਗਰੇਵਾਲ ਦੀ ਚੋਣ ਕੀਤੇ ਜਾਣ 'ਤੇ ਕਿਹਾ,''ਉਨ੍ਹਾਂ ਨੇ ਬਰਜਨ ਕਾਊਂਟੀ ਦੇ ਕਾਰਨ ਅਜਿਹਾ ਨਹੀਂ ਕੀਤਾ ਸਗੋਂ ਪੱਗ ਕਾਰਨ ਅਜਿਹਾ ਕੀਤਾ।'' ਗਰੇਵਾਲ ਉਸ ਸਮੇਂ ਬਰਜਨ ਕਾਊਂਟੀ ਦੇ ਵਕੀਲ ਸਨ। ਗਰੇਵਾਲ ਨੇ ਅਸਤੀਫ਼ੇ ਨੂੰ ਬਰਜਨ ਕਾਊਂਟੀ ਦੇ ਸ਼ੈਰਿਫ਼ ਦੇ ਦਫ਼ਤਰ ਅਤੇ ਵੱਖ-ਵੱਖ ਭਾਈਚਾਰੇ ਜਿਨ੍ਹਾਂ ਦੀ ਉਹ ਸੇਵਾ ਕਰਦਾ ਹੈ,
ਉਨ੍ਹਾਂ ਵਿਚ ਸਬੰਧਾਂ ਵਿਚ ਸੁਧਾਰ ਲਈ ਇਸ ਨੂੰ ਪਹਿਲਾ ਕਦਮ ਦਸਿਆ। ਉਨ੍ਹਾਂ ਕਿਹਾ,''ਪਰ ਸਾਡਾ ਕੰਮ ਇਥੇ ਨਹੀਂ ਰੁਕਦਾ। ਇਹ ਤੱਥ ਕਿ ਇਕ ਸੀਨੀਅਰ ਅਧਿਕਾਰੀ ਅਫ਼ਰੀਕੀ ਅਮਰੀਕੀ ਭਾਈਚਾਰੇ ਦੇ ਬਾਰੇ ਵਿਚ ਨਸਲੀ ਟਿਪਣੀ ਕਰ ਸਕਦਾ ਹੈ ਅਤੇ ਕਮਰੇ ਵਿਚ ਕੋਈ ਵੀ ਉਸ ਨੂੰ ਚੁਨੌਤੀ ਨਹੀਂ ਦੇਵੇਗਾ ਜਾਂ ਉਸ ਨੂੰ ਠੀਕ ਨਹੀਂ ਕਰੇਗਾ, ਇਹ ਗੰਭੀਰ ਚਿੰਤਾ ਪੈਦਾ ਕਰਦਾ ਹੈ।'' ਇਸ ਟਿਪਣੀ ਨੂੰ ਲੈ ਕੇ ਪੂਰੇ ਰਾਜ ਤੋਂ ਨਿੰਦਾ ਹੋਈ ਸੀ ਪਰ ਸੌਡੀਨੋ ਨੇ ਸ਼ੁਰੂਆਤ ਵਿਚ ਸਿਰਫ਼ ਮਾਫ਼ੀ ਮੰਗੀ ਸੀ ਅਤੇ ਅਪਣਾ ਅਹੁਦਾ ਛੱਡਣ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। (ਪੀ.ਟੀ.ਆਈ)