
ਕਿਹਾ, ਜੰਗਲ ਰਾਜ ਦੇ ਖ਼ਾਤਮੇ ਲਈ ਹਲੀਮੀ ਰਾਜ ਲਈ ਅੱਗੇ ਆਉ
Panthak News: ਜਗਤ ਗੁਰੂੁ ਨਾਨਕ ਸਾਹਿਬ ਜੀ ਦੇ ਆ ਰਹੇ ਪ੍ਰਕਾਸ਼ ਦਿਹਾੜੇ ’ਤੇ ਜਗਤ ਦੇ ਹਾਕਮਾਂ ਨੂੰ ਕਰਤਾਰਪੁਰ ਸਾਹਿਬ ਦਾ ਸੰਦੇਸ਼ ਸੁਣ ਕੇ ਮਾਇਆਧਾਰੀਆਂ ਨਾਲ ਪਾਪੀ ਗਠਜੋੜ ਦਾ ਅਤੇ ਧਾਰਮਿਕ ਨਫ਼ਰਤਾਂ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਝੂਠੇ ਵਿਕਾਸ ਤੇ ਝੂਠੇ ਇਨਸਾਫ਼ ਦੇ ਰਾਸ਼ਟਰਵਾਦੀ ਮਾਡਲਾਂ ਦਾ ਤਿਆਗ ਕਰ ਕੇ ਸਰਬੱਤ ਦੇ ਭਲੇ ਵਾਲਾ ਮਾਨਵਤਾ ਦੇ ਕਲਿਆਣ ਵਾਲਾ ਕਰਤਾਰਪੁਰ ਸਾਹਿਬ ਮਾਡਲ ਅਪਣਾਉਣਾ ਚਾਹੀਦਾ ਹੈ।
ਖਾਲੜਾ ਮਿਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਤੇ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਦਿੱਲੀ ਨਾਗਪੁਰ ਮਾਡਲ ਦੇ ਹਾਮੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਹਾਕਮਾਂ ਨੂੰ ਗੁਰਬਾਣੀ ਦਾ ਸੰਦੇਸ਼ ਕਟਹਿਰੇ ਵਿਚ ਖੜ੍ਹਾ ਕਰਦਾ ਹੈ ਕਿ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ ॥’ ਰਾਜ ਭਾਗ ਦੇ ਮਾਲਕ ਤਾਂ ਬਣਾਇਆ ਸੀ, ਸਰਬੱਤ ਦਾ ਭਲਾ ਮੰਗਣਗੇ, ਘੱਟ ਗਿਣਤੀਆਂ ਨਾਲ ਨਿਆਂ ਕਰਨਗੇ, ਕਿਸਾਨਾਂ, ਗ਼ਰੀਬਾਂ ਦੀ ਬਾਂਹ ਫੜਨਗੇ, ਪਰ ਇੰਨ੍ਹਾਂ ਨੇ ਧਾਰਮਕ ਨਫ਼ਰਤਾਂ ਕਾਰਨ ਸ੍ਰੀ ਦਰਬਾਰ ਸਾਹਿਬ ਤੇ ਫ਼ੌਜਾਂ ਚੜ੍ਹਾਈਆਂ, ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਦਿਤੇ, ਨਵੰਬਰ-84 ਦਾ ਕਤਲੇਆਮ ਕੀਤਾ, ਪੰਜਾਬ ਅੰਦਰ ਨਸ਼ਿਆਂ ਦੀ ਹਨੇਰੀ ਝੁਲਾਈ। ਬਾਬਾ ਦਰਸ਼ਨ ਸਿੰਘ,ਕਾਬਲ ਸਿੰਘ, ਵਿਰਸਾ ਸਿੰਘ, ਸਤਵਿੰਦਰ ਸਿੰਘ ਅਤੇ ਗੁਰਭੇਜ ਸਿੰਘ ਪਲਾਸੌਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਮਾਇਆਧਾਰੀਆਂ ਨਾਲ ਗਠਜੋੜ ਕਰ ਕੇ ਕਿਸਾਨਾਂ, ਗ਼ਰੀਬਾਂ ਦੀ ਹੋਂਦ ਨੂੰ ਖਤਰੇ ਵਿਚ ਪਾਇਆ।
ਇਨ੍ਹਾ ਮੰਨੂਵਾਦੀ ਧਿਰਾਂ ਨੇ 2002 ਦਾ ਕਤਲੇਆਮ ਕਰਕੇ ਬਾਬਰੀ ਮਸਜ਼ਿਦ ਢਾਹਕੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰ ਕੇ ਧਾਰਮਕ ਅਤਿਵਾਦ ਦੀ ਸਿਖਰ ਕਰ ਦਿਤੀ। ਅੱਜ ਭਾਰਤ ਮਾਲਾ ਵਰਗੇ ਪ੍ਰਾਜੈਕਟ ਲਿਆ ਕੇ ਲੋਕਾਈ ਦੇ ਗਲ ਫਾਂਸੀ ਦਾ ਫੰਦਾ ਪਾਇਆ ਜਾ ਰਿਹਾ ਹੈ। ਇੰਦਰਾਂ ਗਾਂਧੀ ਦੇ ਵੇਲੇ ਤੋਂ ਨਾਹਰੇ ਗ਼ਰੀਬੀ ਹਟਾਓ ਦੇ ਲਗਦੇ ਹਨ, ਗ਼ਰੀਬੀ ਹੱਟਣ ਦੀ ਬਜਾਏ ਕਾਰਪੋਰਟ ਘਰਾਣਿਆਂ (ਮਲਕਭਾਗੋਆਂ) ਦੀ ਵਿਕਾਸ ਦੇ ਨਾਂ ’ਤੇ ਅਜਗਰੀ ਜਕੜ ਮਜ਼ਬੂਤ ਹੁੰਦੀ ਜਾ ਰਹੀ ਹੈ। 80 ਕਰੋੜ ਲੋਕਾਂ ਨੂੰ ਸਰਕਾਰ ਰਾਸ਼ਨ ਦੇ ਕੇ ਜਿਊਂਦਿਆਂ ਰੱਖ ਰਹੀ ਹੈ। 8 ਸਾਲਾਂ ਵਿਚ 22 ਕਰੋੜ ਬੇਰੁਜ਼ਗਾਰ ਲੋਕਾਂ ਨੇ ਰੋਜ਼ਗਾਰ ਮੰਗਿਆਂ, ਪਰ ਮਿਲਿਆ 7 ਲੱਖ ਨੂੰ ਇਹ ਭਾਜਪਾ ਦੇ ਆਗੂ ਪਾਰਲੀਮੈਂਟ ਵਿਚ ਕਹਿ ਰਹੇ ਹਨ।
ਅੱਜ ਮੰਨੂਵਾਦੀ ਹਾਕਮਾਂ ਨੇ ਅੰਬਾਨੀਆਂ, ਅਦਾਨੀਆਂ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਕੇ ਲੋਕਾਈ ਨਾਲ ਧ੍ਰੋਹ ਕਮਾਇਆ ਹੈ। ਦੇਸ਼-ਭਗਤੀ ਨੂੰ ਢਾਲ ਬਣਾ ਕੇ ਮਹਾਂਪਾਪ ਛੁਪਾਏ ਜਾ ਰਹੇ ਹਨ। ਅੱਜ ਸੰਸਾਰ ਪੱਧਰ ਤੇ ਧਰਤੀ, ਅਕਾਸ਼, ਸਮੁੰਦਰ ਜੰਗਾਂ ਯੁੁੱਧਾਂ ਦਾ ਅਖਾੜਾ ਬਣੇ ਹਨ। ਝੂਠੇ ਵਿਕਾਸ ਤੇ ਝੂਠੇ ਇੰਨਸਾਫ਼ ਦੇ ਸਾਰੇ ਰਾਸ਼ਟਰਵਾਦੀ ਮਾਡਲ ਫੇਲ੍ਹ ਹੋ ਚੁੱਕੇ ਹਨ। ਉਹ ਐਟਮ ਬੰਬਾਂ ’ਤੇ ਹੋਰ ਮਨੁੱਖਤਾ ਮਾਰੂ ਹਥਿਆਰਾਂ ਨੂੰ ਵਿਕਾਸ ਦੱਸ ਰਹੇ ਹਨ। ਦੋ ਸੰਸਾਰ ਜੰਗਾਂ ਨੂੰ ਸੰਸਾਰ ਅਜੇ ਨਹੀਂ ਭੁੱਲਿਆ, ਪਰ ਹੁਣ ਰੂਸ–ਯੂਕਰੇਨ ਜੰਗ ਅਤੇ ਇਜ਼ਰਾਈਲ ਵਲੋਂ ਅਮਰੀਕਾ ਵਰਗੇ ਮੁਲਕਾਂ ਦੀ ਸ਼ਹਿ ਤੇ ਗਾਜ਼ਾਪੱਟੀ ਵਿਚ ਕੀਤਾ ਜਾ ਰਿਹਾ ਕਤਲੇਆਮ ਅਮਰੀਕੀ, ਰੂਸੀ, ਇਜ਼ਰਾਈਲੀ, ਚੀਨੀ ਆਦਿ ਮਾਡਲਾਂ ਦੀ ਪੋਲ ਖੋਲਦਾ ਹੈ।
ਸੰਸਾਰ ਪੱਧਰ ਤੇ ਹਾਕਮਾਂ ਨੇ ਮਾਇਆ ਧਾਰੀਆਂ (ਮਲਕ ਭਾਗੋਆਂ) ਨਾਲ ਗਠਜੋੜ ਕਰ ਕੇ ਮਾਨਵਤਾ ਦੀ ਹੋਂਦ ਨੂੰ ਖਤਰੇ ਵਿਚ ਪਾ ਦਿਤਾ ਹੈ। ਅਫ਼ਸੋਸ ਕਿ ਸਿੱਖੀ ਦੇ ਭੇਸ ਵਿਚ ਪੰਜਾਬ ’ਤੇ ਰਾਜ ਕਰਨ ਵਾਲੇ ਬਾਦਲ ਦਲ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਡੀ.ਜੀ.ਪੀ. ਲਾਉਂਦੇ ਰਹੇ। ਇਨ੍ਹਾਂ ਦੀਆਂ ਧਰਮ ਯੁੱਧ ਮੋਰਚੇ ਨਾਲ ਗਦਾਰੀਆਂ ਤੇ ਮੰਨੂਵਾਦੀਆਂ ਨਾਲ ਯਾਰੀਆਂ ਪੰਜਾਬ ਤੇ ਪਈਆਂ ਭਾਰੀਆਂ। ਅੱਜ ਮੰਨੂਵਾਦੀਏ ਔਰੰਗਜ਼ੇਬ ਅਤੇ ਯਹੂਦੀ ਹਿਟਲਰ ਦੇ ਰਾਹ ਪੈ ਗਏ ਹਨ। ਕਾਰਪੋਰੇਟ ਘਰਾਣਿਆਂ ਤੇ ਹਾਕਮਾਂ ਦੇ ਗਠਜੋੜ ਕਾਰਨ ਧਰਤੀ, ਸਮੁੰਦਰ, ਅਕਾਸ਼ ਪਲੀਤ ਕਰ ਦਿਤੇ ਹਨ। ਝੂਠੇ ਵਿਕਾਸ ਨੂੰ ਛਪਾਉਣ ਲਈ ਦੋਸ਼ੀ ਕਿਸਾਨ ਦੀ ਪਰਾਲੀ ਨੰੁ ਠਹਿਰਾਇਆ ਜਾ ਰਿਹਾ ਹੈ। ਨੇਕੀ ਬਦੀ ਦੇ ਯੁੱਧ ਜਦੋਂ ਦਾ ਜਗਤ ਬਣਿਆ ਹੈ ਚਲਦਾ ਆਇਆ ਹੈ, ਪਰ ਜਿੱਤ ਅੰਤ ਨੇਕੀ ਦੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬੱਤ ਦੇ ਭਲੇ ਵਾਲਾ ਸੰਦੇਸ਼ ਸੁਣ ਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲਾ ਕਰਤਾਰਪੁਰ ਮਾਡਲ ਅਪਣਾਈਏ ਤੇ ਧਰਤੀ ’ਤੇ ਜੰਗਲ ਰਾਜ ਦਾ ਖ਼ਾਤਮਾ ਕਰ ਕੇ ਹਲੇਮੀ ਰਾਜ ਲਈ ਕਦਮ ਵਧਾਈਏ।