
'ਪੰਜਾਬ 95' ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਜਾਵੇਗੀ
ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਵਾਰ ਫਿਰ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ। ਦਰਅਸਲ ਦਿਲਜੀਤ ਦੋਸਾਂਝ ਦੀ 'ਪੰਜਾਬ 95' ਫ਼ਿਲਮ ਹੁਣ 'ਇੰਟਰਨੈਸ਼ਨਲ ਟੋਰਾਂਟੋ ਫ਼ਿਲਮ ਫੈਸਟੀਵਲ' 'ਚ ਦਿਖਾਈ ਜਾਵੇਗੀ ਜੋ ਕਿ ਮਨੁੱਖੀ ਹਕੂਕ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਬਣੀ ਹੈ। ਦੱਸਿਆ ਜਾ ਰਿਹਾ ਹੈ ਕਿ 'ਪੰਜਾਬ 95' ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਜਾਵੇਗੀ।
ਇਸ ਸਬੰਧੀ ਦਿਲਜੀਤ ਦੋਸਾਂਝ ਨੇ ਖ਼ੁਦ ਵੀ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਕਿ ''ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਖੇ ਵਰਲਡ ਪ੍ਰੀਮੀਅਰ, ਪੰਜਾਬ '95 ਦੀ ਪਹਿਲੀ ਝਲਕ ਪੇਸ਼ ਕਰਦੇ ਹੋਏ, ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਿਤ ਇੱਕ ਪ੍ਰਭਾਵਸ਼ਾਲੀ ਕਹਾਣੀ..।''
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ 'ਚਮਕੀਲਾ' ਵੀ ਪਾਈਪਲਾਈਨ 'ਚ ਹੈ। ਇਸ ਫ਼ਿਲਮ 'ਚ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ 'ਚ ਹੈ। ਇਹ ਫ਼ਿਲਮ ਪੰਜਾਬੀ ਗਾਇਕ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਨੂੰ ਉਸ ਦੀ ਪਤਨੀ ਅਮਰਜੋਤ ਨਾਲ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਦਿਲਜੀਤ ਦੋਸਾਂਝ ਨੇ 'ਕੋਚੈਲਾ ਮਿਊਜ਼ਿਕ ਫੈਸਟੀਵਲ 2023' ’ਚ ਪ੍ਰਫਾਰਮ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਸੀ।