ਸਿੱਖ ਕੌਮ ਦਾ ਕੁਰਬਾਨੀਆਂ ਨਾਲ ਬੜਾ ਗਹਿਰਾ ਨਾਤਾ ਹੈ। ਸ਼ਹਾਦਤਾਂ ਦਾ ਅਜਿਹਾ ਸੁਨਹਿਰਾ ਇਤਿਹਾਸ ਸ਼ਾਇਦ ਹੀ ਸੰਸਾਰ ਦੇ ਹੋਰ ਕਿਸੇ ਕੌਮ ਦੇ ਹਿੱਸੇ ਆਇਆ ਹੋਵੇ।
ਸਿੱਖ ਕੌਮ ਦਾ ਕੁਰਬਾਨੀਆਂ ਨਾਲ ਬੜਾ ਗਹਿਰਾ ਨਾਤਾ ਹੈ। ਸ਼ਹਾਦਤਾਂ ਦਾ ਅਜਿਹਾ ਸੁਨਹਿਰਾ ਇਤਿਹਾਸ ਸ਼ਾਇਦ ਹੀ ਸੰਸਾਰ ਦੇ ਹੋਰ ਕਿਸੇ ਕੌਮ ਦੇ ਹਿੱਸੇ ਆਇਆ ਹੋਵੇ। ਜਬਰ ਅਤੇ ਜ਼ੁਲਮ ਵਿਰੁਧ ਮੈਦਾਨੇ ਜੰਗ ਵਿਚ ਨਿਤਰਨ ਵਾਲੇ ਸਿੱਖ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਦੀ ਮਿਸਾਲ ਸੰਸਾਰ ਦੇ ਕਿਸੇ ਵੀ ਇਤਿਹਾਸ ਵਿਚੋਂ ਨਹੀਂ ਮਿਲਦੀ।
ਕੱਟਿਆ ਸੀਸ ਤਲੀ 'ਤੇ ਰੱਖ ਕੇ ਵੈਰੀਆਂ ਦੇ ਆਹੂ ਲਾਹੁਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਾਹੂਵਿੰਡ ਵਿਖੇ ਮਾਤਾ ਜਿਊਣੀ ਅਤੇ ਪਿਤਾ ਭਗਤਾ ਜੀ ਦੇ ਘਰ ਹੋਇਆ। ਬਾਬਾ ਜੀ ਨੇ 17 ਸਾਲ ਦੀ ਉਮਰ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਸਿਰਜਣਾ ਦਿਵਸ ਮੌਕੇ ਅੰਮ੍ਰਿਤਪਾਨ ਕਰ ਕੇ ਉਨ੍ਹਾਂ ਦੀ ਸੰਗਤ ਵਿਚ ਰਹਿਣਾ ਸ਼ੁਰੂ ਕਰ ਦਿਤਾ।
ਇਥੇ ਰਹਿੰਦਿਆਂ ਜੰਗ-ਯੁੱਧ ਅਤੇ ਸ਼ਸਤਰ ਵਿਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਭਾਈ ਮਨੀ ਸਿੰਘ ਪਾਸੋਂ ਗੁਰਮੁਖੀ ਲਿਖਣ ਅਤੇ ਪੜ੍ਹਨ ਦਾ ਗਿਆਨ ਹਾਸਲ ਕੀਤਾ। ਇਥੇ ਦੋ ਵਰ੍ਹੇ ਰਹਿਣ ਉਪਰੰਤ ਆਪ 1702 'ਚ ਅਪਣੇ ਪਿੰਡ ਪਰਤ ਆਏ। ਤਕਰੀਬਨ 3 ਸਾਲਾਂ ਬਾਅਦ ਦਸਮ ਪਿਤਾ ਦੇ ਹੁਕਮ 'ਤੇ ਬਾਬਾ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜੇ। ਉਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਿਖਣ ਵਿਚ ਭਾਈ ਮਨੀ ਸਿੰਘ ਦੀ ਸਹਾਇਤਾ ਕੀਤੀ।
ਬਾਬਾ ਜੀ ਨੇ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ 'ਚ ਰਹਿੰਦਿਆਂ ਚੱਪੜਚਿੜੀ ਅਤੇ ਹੋਰ ਇਤਿਹਾਸਕ ਜੰਗਾਂ ਵਿਚ ਅਪਣੀ ਯੁੱਧ ਕਲਾ ਦੇ ਜੌਹਰ ਵਿਖਾਏ। 1733 'ਚ ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਜਥੇ ਦਾ ਮੁਖੀ ਥਾਪ ਦਿਤਾ। 1748 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਬੱਤ ਖ਼ਾਲਸਾ ਇਕੱਠ ਦੌਰਾਨ ਸਮੂਹ ਜਥਿਆਂ ਦਾ ਪੁਨਰਗਠਨ ਕਰ ਕੇ 12 ਮਿਸਲਾਂ ਵਿਚ ਵੰਡ ਦਿਤਾ ਗਿਆ ਅਤੇ ਬਾਬਾ ਦੀਪ ਸਿੰਘ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ।
ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ 'ਤੇ ਅਪਣੇ ਚੌਥੇ ਹਮਲੇ ਦੌਰਾਨ ਦਿੱਲੀ, ਅਗਰਾ ਅਤੇ ਮਥੁਰਾ ਸ਼ਹਿਰਾਂ ਦੀ ਲੁੱਟ-ਮਾਰ ਕਰ ਕੇ ਅਤੇ ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਅਫ਼ਗ਼ਾਨਿਸਤਾਨ ਲਿਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਦੇ ਜਥੇ ਨੇ ਉਸ ਤੇ ਹਮਲਾ ਕਰ ਕੇ ਲੁਟਿਆ ਧਨ ਅਤੇ ਲੜਕੀਆਂ ਛੁਡਵਾ ਲਈਆਂ। ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੀ ਇਸ ਕਾਰਵਾਈ ਉਪਰੰਤ ਤੈਮੂਰ ਸ਼ਾਹ ਨੂੰ ਪੰਜਾਬ ਦਾ ਰਾਜ ਸੌਂਪ ਦਿਤਾ ਅਤੇ ਜਨਰਲ ਜਾਹਾਨ ਖ਼ਾਨ ਅਧੀਨ ਤਕਰੀਬਨ ਦਸ ਹਜ਼ਾਰ ਫੌਜਾਂ ਛੱਡ, ਆਪ ਵਾਪਸ ਕਾਬਲ ਚਲਾ ਗਿਆ।
ਅਹਿਮਦ ਸ਼ਾਹ ਅਬਦਾਲੀ ਦੇ ਹੁਕਮ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਜਦੋਂ ਮੁਗ਼ਲ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਹੇ ਸਨ ਤਾਂ ਉਸ ਵਕਤ ਬਾਬਾ ਜੀ ਦਮਦਮਾ ਸਾਹਿਬ ਵਿਖੇ ਸਨ। ਬਾਬਾ ਜੀ ਨੇ ਅਪਣਾ 18 ਸੇਰ ਦਾ ਖੰਡਾ ਖੜਕਾਉਂਦਿਆਂ ਦਰਬਾਰ ਸਾਹਿਬ ਵੱਲ ਚਾਲੇ ਪਾ ਦਿਤੇ ਅਤੇ ਸਿੱਖ ਸੰਗਤਾਂ ਨੂੰ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਸਾਹਿਬ ਪੁੱਜਣ ਦਾ ਹੁਕਮ ਦਿਤਾ।
ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰ ਦੁਸ਼ਟਾਂ ਨੂੰ ਸੋਧਣ ਲਈ ਤਕਰੀਬਨ ਪੰਜ ਸੌ ਸਿੰਘਾਂ ਦੇ ਜਥੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿਤੇ ਅਤੇ ਤਰਨਤਾਰਨ ਤਕ ਪਹੁੰਚਦਿਆਂ ਉਨ੍ਹਾਂ ਦੇ ਜਥੇ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਇਥੇ ਪਹੁੰਚ ਕੇ ਬਾਬਾ ਜੀ ਨੇ ਅਪਣੇ 18 ਸੇਰੀ ਖੰਡੇ ਨਾਲ ਲਕੀਰ ਖਿਚਦਿਆਂ ਕੁਰਬਾਨੀ ਦੇਣ ਵਾਲੇ ਸਿੰਘਾਂ ਨੂੰ ਲਕੀਰ ਟੱਪ ਆਉਣ ਲਈ ਕਿਹਾ।
ਸਾਰੇ ਦੇ ਸਾਰੇ ਸਿੰਘ ਲਕੀਰ ਟੱਪ ਕੇ ਦਰਬਾਰ ਸਾਹਿਬ ਲਈ ਕੁਰਬਾਨ ਹੋਣ ਲਈ ਤਿਆਰ ਹੋ ਗਏ। ਸਿੰਘਾਂ ਵਲੋਂ ਜੈਕਾਰੇ ਛਡਦਿਆਂ ਪਾਰ ਕੀਤੀ ਲਕੀਰ ਵਾਲੀ ਥਾਂ 'ਤੇ ਅੱਜ ਕੱਲ੍ਹ ਗੁਰਦਵਾਰਾ ਲਕੀਰ ਸਾਹਿਬ ਸੁਸ਼ੋਭਿਤ ਹੈ। ਸਿੰਘਾਂ ਦੇ ਪਹੁੰਚਣ ਦੀ ਖ਼ਬਰ ਮੁਗ਼ਲਾਂ ਨੂੰ ਵੀ ਲੱਗ ਗਈ ਅਤੇ ਉਨ੍ਹਾਂ ਤਕਰੀਬਨ 35 ਹਜ਼ਾਰ ਦੇ ਲਾਮ ਲਸ਼ਕਰ ਸਮੇਤ ਸਿੰਘਾਂ ਦੇ ਮੁਕਾਬਲੇ ਲਈ ਚਾਲੇ ਪਾ ਦਿਤੇ। ਸਿੰਘ ਮੁਗ਼ਲ ਫ਼ੌਜਾਂ ਨੂੰ ਪਛਾੜਦੇ ਚੱਬਾ ਪਿੰਡ ਪਾਰ ਕਰ ਗਏ।
ਪਿੰਡ ਚੱਬਾ ਨੇੜੇ ਬਾਬਾ ਜੀ ਅਤੇ ਜਹਾਨ ਖ਼ਾਨ ਦਾ ਆਹਮੋ-ਸਾਹਮਣੇ ਦਾ ਮੁਕਾਬਲਾ ਹੋਇਆ। ਇਸ ਦੌਰਾਨ ਦੋਵਾਂ ਦੇ ਸਿਰ ਧੜਾਂ ਤੋਂ ਅਲੱਗ ਹੋ ਗਏ। ਬਾਬਾ ਜੀ ਨੇ ਸੀਸ ਦੇ ਧੜ ਤੋਂ ਅਲੱਗ ਹੋਣ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੀ ਅਪਣੀ ਪ੍ਰਤਿਗਿਆ ਨੂੰ ਮਨ ਵਿਚ ਚਿਤਵਿਆ। ਬਾਬਾ ਜੀ ਧੜ ਤੋਂ ਅਲੱਗ ਹੋਇਆ ਸੀਸ ਤਲੀ 'ਤੇ ਰੱਖ ਮੁੜ 18 ਸੇਰ ਦੇ ਖੰਡੇ ਨਾਲ ਮੈਦਾਨ-ਏ-ਜੰਗ ਵਿਚ ਉਤਰ ਆਏ।
ਬਾਬਾ ਜੀ ਨੂੰ ਬਿਨਾ ਸੀਸ ਤੋਂ ਜੰਗ ਵਿਚ ਲੜਦਿਆਂ ਵੇਖ ਮੁਗ਼ਲ ਫੌਜਾਂ ਵਿਚ ਭਾਜੜ ਪੈ ਗਈ ਅਤੇ ਉਹ ਬਿਨਾ ਯੁੱਧ ਕੀਤੇ ਮੈਦਾਨ ਛੱਡ ਗਏ। ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਵਲ ਅਪਣਾ ਸਫ਼ਰ ਜਾਰੀ ਰਖਿਆ ਅਤੇ ਪ੍ਰਕਰਮਾ ਵਿਚ ਸੀਸ ਭੇਟ ਕਰ ਕੇ ਅਦੁਤੀ ਸ਼ਹਾਦਤ ਦਾ ਜਾਮ ਪੀ ਗਏ।
ਜਿਸ ਅਸਥਾਨ 'ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ, ਉਸ ਥਾਂ ਅੱਜਕਲ੍ਹ ਗੁਰਦਵਾਰਾ ਸਾਹਿਬ ਸੁਸ਼ੋਭਿਤ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਹਰ ਹਾਲਤ ਵਿਚ ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਗੁਰੂ ਘਰਾਂ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੀਆਂ ਹਨ।