
ਸਿੱਖ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ ਨਾ ਬਰਦਾਸ਼ਤ ਕਰਨ ਯੋਗ : ਗਿਆਨੀ ਰਘਬੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ : ਸਿੱਖ ਧਰਮ ਇਕ ਵਿਲੱਖਣ ਧਰਮ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਖਰੀ ਪਛਾਣ, ਰਹਿਤ ਅਤੇ ਰੂਪ ਪ੍ਰਦਾਨ ਕਰ ਕੇ ਖ਼ਾਲਸਾ ਪੰਥ ਦਾ ਸਰੂਪ ਦਿੱਤਾ ਹੈ। ਸਿੱਖਾਂ ਨੂੰ ਵਖਰੀ ਮਰਿਯਾਦਾ ਦਾ ਧਾਰਨੀ ਬਣਾਇਆ ਹੈ। ਖ਼ਾਲਸਾ ਪੰਥ ਦੀ ਵੱਖਰੀ ਨਵੇਕਲੀ ਜੀਵਨ ਸ਼ੈਲੀ ਅਤੇ ਨਿਆਰਾਪਣ ਪੰਥ ਦੋਖੀ ਤਾਕਤਾਂ ਤੋਂ ਜਰਿਆ ਨਹੀ ਜਾਂਦਾ ਅਤੇ ਹਰ ਹੀਲੇ ਵਸੀਲੇ ਲਗਦੀ ਵਾਹ ਪੰਥਕ ਮਰਿਯਾਦਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋਣ ਲਗ ਪਈਆਂ ਅਤੇ ਨਿੱਤ ਦਿਨ ਕਿਤੇ ਨਾ ਕਿਤੇ ਪੰਥ ਵਿਰੋਧੀ ਤਾਕਤਾਂ ਪੰਥਕ ਮਰਿਯਾਦਾ ਨੂੰ ਢਾਹ ਲਾਉਣ ਦਾ ਕੋਝਾ ਯਤਨ ਕਰਦੀਆਂ ਰਹਿੰਦੀਆਂ ਹਨ।
Viral Video
ਇਸੇ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਵੀਡੀਉ ਵੇਖੀ ਜਾ ਸਕਦੀ ਹੈ ਜਿਸ ਵਿਚ ਕੁੱਝ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਹੋਏ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਵੇਖੇ ਜਾ ਸਕਦੇ ਹਨ ਅਤੇ ਉਹ ਕਿਸ ਤਰ੍ਹਾਂ ਸਿੱਖਾ ਦੇ ਜੰਗੀ ਨਾਹਰੇ 'ਬੋਲੇ ਸੋ ਨਿਹਾਲ ਅਤੇ ਪੰਜ ਪਿਆਰਿਆ ਦੇ ਅੰਮ੍ਰਿਤ ਛਕਾਉਣ ਦੀ ਵਿਧੀ' ਦੀ ਨਕਲ ਕਰਦੇ ਹਨ ਜਿਸ ਤਰ੍ਹਾਂ ਸੌਦਾ ਸਾਧ ਨੇ ਸਲਾਬਤਪੁਰ ਵਿਖੇ ਕੀਤੀ ਸੀ। ਇਨ੍ਹਾਂ ਦੀ ਇਸ ਘਨੌਣੀ ਹਰਕਤ ਨੇ ਤਾਂ ਸੌਦਾ ਸਾਧ ਦੀ ਹਰਕਤ ਨੂੰ ਵੀ ਮਾਤ ਪਾ ਦਿਤੀ ਹੈ। ਇਸ ਵੀਡੀਓ ਵਿਚ ਨਸ਼ੇ ਕਰਦਿਆਂ ਇਹ ਨੌਜਵਾਨ ਗੰਦੀਆਂ ਗਾਲ੍ਹਾਂ ਦਾ ਵੀ ਪ੍ਰਯੋਗ ਕਰ ਰਹੇ ਹਨ। ਇਸ ਵਰਤਾਰੇ ਪ੍ਰਤੀ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Giani Raghbir Singh
ਅਜਿਹੀ ਕੋਝੀ ਹਰਕਤ ਦਾ ਜਿੰਨਾ ਵੀ ਵਿਰੋਧ ਕੀਤਾ ਜਾਵੇ ਉਨਾ ਹੀ ਘੱਟ ਹੈ। ਸਿੱਖ ਪੰਥ ਲਈ ਅਜਿਹੀਆਂ ਕਾਰਵਾਈਆ ਨਾ ਬਰਦਾਸ਼ਤ ਕਰਨਯੋਗ ਹਨ। ਇਹ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀ ਜਾਣਗੇ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਨੂੰ ਮੂੰਹ ਨਾ ਲਾਉਣ ਅਤੇ ਇਨ੍ਹਾਂ ਦਾ ਵਿਰੋਧ ਕੀਤਾ ਜਾਵੇ। ਅਜਿਹੇ ਵਿਅਕਤੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੋ ਕੋਈ ਵੀ ਵਿਅਕਤੀ ਅਜਿਹੀਆਂ ਕੋਝੀਆਂ ਹਰਕਤਾਂ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਾਲ ਵਿਚਾਰ ਕਰਕੇ ਇਨ੍ਹਾਂ ਪੰਥ ਦੋਖੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਕਿ ਕੋਈ ਅਜਿਹੀ ਘਿਨੌਣੀ ਹਰਕਤ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ।
Mobile
ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੇਸ਼ ਦਾ ਕਿਸ ਵੀ ਕਿਸਮ ਦਾ ਮਾਹੌਲ ਖ਼ਰਾਬ ਨਾ ਹੋ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਸਬੰਧੀ ਕਾਨੂੰਨੀ ਕਾਰਵਾਈ ਕਰੇ।