
ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਿੰਡਾਂ ਵਿਚ ਲਾਈ ਸੰਨ੍ਹ
ਚੰਡੀਗੜ੍ਹ : ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਾਵਈ ਹੇਠ ਪੰਥਕ ਅਕਾਲੀ ਲਹਿਰ ਦੇ ਕਾਫ਼ਲੇ ਨੂੰ ਪੰਜਾਬ ਭਰ ਵਿਚ ਮਿਲ ਰਹੇ ਭਰਵੇਂ ਹੁਗਾਰੇ ਤਹਿਤ ਫ਼ਤਿਹਗੜ੍ਹ ਸਾਹਿਬ ਵਿਚ ਵੀ ਚਲ ਰਹੇ ਲਗਾਤਾਰ ਮੀਟਿੰਗਾਂ ਦੇ ਸਿਲਸਲੇ ਵਿਚ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਦੇ ਜੱਦੀ ਪਿੰਡ ਰਿਆ ਵਿਚ ਗਿਆਨੀ ਸਿਮਰਜੋਤ ਸਿੰਘ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ. ਹਰਕੀਰਤ ਸਿੰਘ ਭੜੀ ਮੈਂਬਰ ਪੰਥਕ ਅਕਾਲੀ ਲਹਿਰ ਵਰਕਿੰਗ ਕਮੇਟੀ ਵਲੋਂ ਵਿਸ਼ੇਸ਼ ਯਤਨਾਂ ਦੁਆਰਾ ਇਲਾਕੇ ਦੀ ਪੰਥਕ ਅਕਾਲੀ ਲਹਿਰ ਦੀ ਭਰਵੀਂ ਮੀਟਿੰਗ ਹੋਈ ਜਿਸ ਵਿਚ ਪੰਥਕ ਮਾਮਲੇ ਵੀਚਾਰੇ ਗਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਅੱਜ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਲੰਗਾਹ ਵਰਗੇ ਬਦਕਾਰ ਜਿਹੜੇ ਨਰੈਣੂ ਮਹੰਤ ਨੂੰ ਵੀ ਮਾਤ ਪਾ ਗਏ ਹਨ। ਇਨ੍ਹਾਂ ਬਾਦਲ ਦਲੀਏ ਅਜੋਕੇ ਮਹੰਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚੋਂ ਬਾਹਰ ਕਰਨ ਦਾ ਸਮਾਂ ਆ ਗਿਆ ਹੈ । ਇਨ੍ਹਾਂ ਅਕਾਲ ਤਖ਼ਤ ਨੂੰ ਸੌਦਾ ਸਾਧ ਦੇ ਥੱਲੇ ਲਾਇਆ, ਪੰਚ ਪ੍ਰਧਾਨੀ ਪ੍ਰਥਾ ਨੂੰ ਮਰੀਆਂ ਜ਼ਮੀਰਾਂ ਵਾਲੇ ਗ੍ਰੰਥੀਆਂ ਤੋਂ ਮਨਮਰਜ਼ੀ ਦੇ ਹੁਕਮਨਾਮੇ ਦਿਵਾ ਕੇ ਤੌਹੀਨ ਕੀਤੀ, ਬਰਗਾੜੀ ਵਰਗੇ ਕਾਂਡ ਕਰ ਕੇ ਅਕਾਲੀ ਸਫ਼ਾਂ ਨੂੰ ਸਦਾ ਵਾਸਤੇ ਸ਼ਰਮਸਾਰ ਕਲੰਕਤ ਕੀਤਾ।
ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਕਿਹਾ ਅਜੇ ਵੀ ਸਮਾਂ ਹੈ ਸਾਥ ਛੱਡ ਦਿਉ ਇਸ ਪੰਥ ਵਿਰੋਧੀ ਅਖੌਤੀ ਬਾਦਲ ਪਰਵਾਰ ਦਾ ਨਹੀਂ ਤਾਂ ਅੱਜ ਅਕਾਲੀ ਦਲ ਦਾ ਭਵਿੱਖ ਬੁਰੀ ਤਰ੍ਹਾਂ ਖ਼ਤਰੇ ਵਿਚ ਚਲਾ ਗਿਆ। ਜਿਹੜੇ ਅਕਾਲੀ ਦਲ ਨੂੰ ਸਿੱਖ ਕੌਮ ਦੇ ਪੁਰਖ਼ਿਆਂ ਨੇ ਅਪਣੀਆਂ ਜਾਨਾਂ ਵਾਰ ਕੇ ਪੈਦਾ ਕੀਤਾ ਸੀ ਅੱਜ ਇਕ ਪਰਵਾਰ ਕਬਜ਼ਾ ਕਰ ਕੇ ਬੈਠ ਗਿਆਂ ਤੇ ਸਿੱਖ ਸੰਸਥਾਵਾਂ ਪ੍ਰੰਪਰਾਵਾਂ ਨੂੰ ਮਜ਼ਾਕ ਕਰ ਰਿਹਾ ਹੈ।
ਅੱਜ ਦੀ ਮਿਟੰਗਾਂ ਵਿਚ ਵਿਸ਼ੇਸ਼ ਕਰ ਕੇ ਖ਼ਾਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਲਗਾਤਾਰ ਪੰਥਕ ਅਕਾਲੀ ਲਹਿਰ ਨੂੰ ਵੱਡੇ ਪੱਧਰ 'ਤੇ ਹੁਲਾਰਾ ਮਿਲ ਰਿਹਾ ਹੈ। ਤਕਰੀਬਨ 65 ਮੈਂਬਰੀ ਜ਼ਿਲ੍ਹਾ ਜਥੇਬੰਦੀ ਜੋ ਬਣਾਈ ਗਈ ਹੈ ਉਸ ਵਿਚ ਜਲਦ ਵਾਧਾ ਕੀਤਾ ਜਾ ਰਿਹਾ ਹੈ। ਇਸ ਨੂੰ 101 ਮੈਂਬਰੀ ਬਣਾਉਣ ਦਾ ਫ਼ੇਸਲਾ ਕੀਤਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਥਕ ਅਕਾਲੀ ਲਹਿਰ ਅਪਣੇ ਢਾਂਚੇ ਨੂੰ ਕਾਫ਼ੀ ਮਜ਼ਬੂਤੀ ਨਾਲ ਕਾਇਮ ਕਰ ਰਹੀ ਹੈ ਇਸ ਦਾ ਸੱਭ ਤੋਂ ਅਹਿਮ ਪਹਿਲੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਫ਼ਤਿਹਗੜ੍ਹ ਸਾਹਿਬ ਵਲੋਂ ਬਣਾਈ ਯੋਜਨਾ ਤਹਿਤ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਵੱਡਾ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ।