
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਜਨਵਰੀ 2024 ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਜਥੇਦਾਰ ਕਾਉਂਕੇ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਰਦਾਸ ਸਮਾਗਮ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਅਤੇ ਇਸ ਮਗਰੋਂ ਸਿੱਖਾਂ ’ਤੇ ਇੱਕ ਦਹਾਕਾ ਕੀਤੇ ਗਏ ਸਰਕਾਰੀ ਅੱਤਿਆਚਾਰ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਇਸੇ ਸਮੇਂ ਦੌਰਾਨ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਸਿੱਖ ਵਿਰੋਧੀ ਕਰੂਰ ਕਾਰੇ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਇਸ ਕਤਲ ਬਾਰੇ ਮੌਜੂਦਾ ਸਮੇਂ ਸਾਹਮਣੇ ਆਈ ਰਿਪੋਰਟ ਸਿੱਖਾਂ ਵਿਰੁੱਧ ਸਰਕਾਰੀ ਤਸ਼ੱਦਦ ਨੂੰ ਬੇਪਰਦ ਕਰਦੀ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ 30 ਦਸੰਬਰ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤਾ ਜਾਵੇਗਾ, ਜਿਸਦਾ ਭੋਗ 1 ਜਨਵਰੀ 2024 ਨੂੰ ਪਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਜਥੇਦਾਰ ਕਾਉਂਕੇ ਨੂੰ ਸ਼ਰਧਾਂਜਲੀ ਦੇਣ ਲਈ ਕੀਤੇ ਜਾ ਰਹੇ ਇਸ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ।
(For more Punjabi news apart from SGPC will celebrate martyrdom day of Jathedar Gurdev Singh Kaunke on January 1, stay tuned to Rozana Spokesman)