ਉਨ੍ਹਾਂ ਭਾਰਤ ਸਰਕਾਰ ਨੂੰ ਤਾੜਨਾ ਭਰੇ ਲਹਿਜ਼ੇ ਵਿਚ ਕਿਹਾ ਕਿ ਉਹ ਸਿੱਖਾਂ ਨੂੰ ਵੱਖਵਾਦੀ ਪ੍ਰਚਾਰਨਾ ਬੰਦ ਕਰੇ।
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਠਨਾਂ ਦੀ ਮਹੱਤਵਪੂਰਨ ਬੈਠਕ ਵਿਚ ਅਕਾਲ ਤਖ਼ਤ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਬੜੇ ਚਿਤਾਵਨੀ ਭਰੇ ਸ਼ਬਦਾਂ ਵਿਚ ਬੇਕਸੂਰ ਸਿੱਖ ਨੌਜਵਾਨ 24 ਘੰਟਿਆਂ ਵਿਚ ਛੱਡਣ ਦਾ ਸਮਾਂ ਦਿੰਦਿਆਂ ਹਾਜ਼ਰ ਲੀਡਰਸ਼ਿਪ ਨੂੰ ਵੀ ਜ਼ੋਰ ਦਿਤਾ ਕਿ ਹੁਕਮਰਾਨਾਂ ਦੇ ਤਸ਼ੱਦਦ ਦਾ ਜਵਾਬ ਇੱਟ ਦੀ ਥਾਂ ਪੱਥਰ ਨਾਲ ਡਿਪਲੋਮੈਟਿਕ ਢੰਗ ਨਾਲ ਦਿਤਾ ਜਾਵੇ। ਯਾਦ ਰਹੇ, ‘ਜਥੇਦਾਰ’ ਨੇ ਅਲਟੀਮੇਟਮ ਉਸ ਵੇਲੇ ਦਿਤਾ ਹੈ ਜਦ ਡੀਜੀਪੀ ਵਲੋਂ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਕਿ 30 ਨੂੰ ਛੱਡ ਕੇ ਅਹਿਤਿਆਤੀ ਤੌਰ ਤੇ ਫੜੇ ਸਾਰੇ ਨੌਜਵਾਨ ਛੱਡੇ ਜਾ ਰਹੇ ਹਨ ਜਾਂ ਛੱਡੇ ਜਾ ਚੁੱਕੇ ਹਨ। ਕੇਂਦਰ ਸਰਕਾਰ ਨੇ ਬੜੀ ਕੁੂਟਨੀਤੀ ਨਾਲ ਸਮੂਹ ਛੋਟੇ ਕਾਰੋਬਾਰ ਤੇ ਗ਼ੈਰ-ਸਿੱਖਾਂ ਦਾ ਕਬਜ਼ਾ ਕਰਵਾ ਦਿਤਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਤਾੜਨਾ ਭਰੇ ਲਹਿਜ਼ੇ ਵਿਚ ਕਿਹਾ ਕਿ ਉਹ ਸਿੱਖਾਂ ਨੂੰ ਵੱਖਵਾਦੀ ਪ੍ਰਚਾਰਨਾ ਬੰਦ ਕਰੇ।
‘ਜਥੇਦਾਰ’ ਨੂੰ ਹਾਜ਼ਰੀਨ ਵਲੋਂ ਸਮੂਹ ਅਖ਼ਤਿਆਰ ਦਿਤੇ ਜਾਣ ਤੇ ਕੌਮੀ ਮੀਡੀਆ ਤੇ ਚੈਨਲਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਆਦੇਸ਼ ਕੀਤਾ ਕਿ ਇਨ੍ਹਾਂ ਦੇ ਕੂੜ ਪ੍ਰਚਾਰ ਵਿਰੁਧ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ। ‘ਜਥੇਦਾਰ’ ਨੇ ਬੜੇ ਵਖਰੇ ਅੰਦਾਜ਼ ਵਿਚ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਿੱਖ-ਕੌਮ ਪੰਜਾਬ ਤੇ ਭਾਰਤ ਸਰਕਾਰ ਵਲੋਂ ਵਿਛਾਏ ਜਾਲ ਵਿਚ ਫਸ ਗਈ ਹੈ। ਇਸ ਵਿਚੋਂ ਬਾਹਰ ਨਿਕਲਣ ਲਈ ਕੂੁਟਨੀਤਕ ਢੰਗ ਵਰਤਣਾ ਪਵੇਗਾ। ਪੰਜਾਬ ਵਿਚ ਜਨ-ਅੰਕੜੇ ਦੀ ਸਮੱਸਿਆ ਪੈਦਾ ਕਰ ਦਿਤੀ ਗਈ ਹੈ। ਇਕ ਗਿਣੀ-ਮਿਥੀ ਸਾਜ਼ਸ਼ ਹੇਠ ਯੂਪੀ, ਬਿਹਾਰ ਤੇ ਹੋਰ ਸੂਬਿਆਂ ਵਿਚੋਂ ਗ਼ੈਰ ਸਿੱਖ ਬੜੀ ਵੱਡੀ ਰਫ਼ਤਾਰ ਨਾਲ ਆ ਵੱਸੇ ਹਨ।
ਇਸਾਈ ਭਾਈਚਾਰੇ ਨੇ ਲਾਲ ਰੰਗ ਨਾਲ ਨਿਸ਼ਾਨਦੇਹੀ ਕਰ ਲਈ ਹੈ ਕਿ ਸਾਡਾ ਪ੍ਰਭਾਵ ਕਿਥੇ ਕਿਥੇ ਹੈ। ਸਾਡੇ ਐਮਏ ਪਾਸ 5-7 ਹਜ਼ਾਰ ਤੇ ਕੰਮ ਕਰੇ ਹਨ। ਉਨ੍ਹਾਂ ਮੁਸਲਮਾਨ ਭਾਈਚਾਰੇ ਦਾ ਖ਼ਾਸ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਸਾਡੀ ਕੌਮ ਨੂੰ ਦਬਾਉਣਾ ਬੜਾ ਮੁਸ਼ਕਲ ਹੈ। ਸੋਸ਼ਲ ਮੀਡੀਆ ਦਾ ਘਟੀਆ ਪ੍ਰਚਾਰ ਸਵੇਰੇ ਹੀ ਸ਼ੁਰੂ ਹੋ ਜਾਂਦਾ ਹੈ। ਸਾਡੇ ਸਿੱਖ ਬੱਚਿਆਂ ਤੋਂ ਕੌਮੀ ਚੈਨਲਾਂ ਨੇ ਮਾਈਕ ਖੋਹ ਲਏ ਹਨ। 400 ਦੇ ਕਰੀਬ ਫੇਸਬੁਕ ਅਕਾਊਂਟ ਬੰਦ ਕਰ ਦਿਤੇ ਹਨ। ‘ਜਥੇਦਾਰ’ ਨੇ ਕਿਹਾ ਕਿ 18 ਮਾਰਚ ਦੀ ਘਟਨਾ ਬਾਅਦ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਫੜ ਲਿਆ ਅਤੇ 7 ਸਿੱਖਾਂ ਵਿਰੁਧ ਐਨਐਸਏ ਲਾ ਦਿਤੀ ਅਤੇ ਉਨ੍ਹਾਂ ਨੂੰ ਅਸਾਮ ਦੀ ਜੇਲ ਵਿਚ ਬੰਦ ਕਰ ਦਿਤਾ। ਇਨ੍ਹਾਂ ਦੀ ਤੁਰਤ ਰਿਹਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਦਾ ਸਮੁੱਚਾ ਖ਼ਰਚ ਸ਼੍ਰੋਮਣੀ ਕਮੇਟੀ ਕਰੇਗੀ। ਜਥੇਦਾਰ ਨੇ ਕਿਹਾ ਕਿ ਸਿਖਾਂ ਦੇ ਚਰਿੱਤਰ ਨੂੰ ਵਿਗਾੜਿਆ ਜਾ ਰਿਹਾ ਹੈ।
ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੱਖ ਵਿਦਵਾਨਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦੀ ਜ਼ਰੂਰੀ ਇਕੱਤਰਤਾ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸ਼ਿਆਂ ਅਤੇ ਪਤਿਤਪੁਣੇ ਵਿਰੁਧ ਅਤੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਨਾਮਵਰ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਨੂੰ ਨਾਲ ਲੈ ਕੇ ਖ਼ਾਲਸਾ ਵਹੀਰ ਆਰੰਭ ਕਰਨ ਦਾ ਐਲਾਨ ਕੀਤਾ। ਕੌਮੀ ਸੁਰੱਖਿਆ ਐਕਟ ਨੂੰ ਤੁਰਤ ਹਟਾਇਆ ਜਾਵੇ, ਹਰੀਕੇ ਦੇ ਹੈੱਡਵਰਕਸ ’ਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਜ਼ਬਤ ਕੀਤੇ ਵਾਹਨ ਤੁਰਤ ਛੱਡੇ ਤੇ ਬੰਦ ਵੈੱਬ ਚੈਨਲ ਅਤੇ ਸੋਸ਼ਲ ਮੀਡੀਆ ਖਾਤੇ ਤੁਰਤ ਚਾਲੂ ਕੀਤੇ ਜਾਣ। ਪੰਜਾਬ ਪੁਲਿਸ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਤੇ ਸਿੱਖ ਰਿਆਸਤਾਂ ਦੇ ਝੰਡੇ ਅਤੇ ਚਿੰਨ੍ਹਾਂ ਨੂੰ ਖ਼ਾਲਿਸਤਾਨ ਦੇ ਝੰਡੇ ਵਜੋਂ ਗ਼ਲਤ ਪ੍ਰਚਾਰਿਆ ਗਿਆ। ਉਨ੍ਹਾਂ ਸਬੰਧਤ ਪੁਲਿਸ ਅਧਿਕਾਰੀਆਂ ਵਿਰੁਧ ਵੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ।
ਸਿੱਖ ਵਿਰਾਸਤ ਨਾਲ ਸਬੰਧਤ ਝੰਡਿਆਂ ਤੇ ਨਿਸ਼ਾਨਾਂ ਵਿਰੁਧ ਕੀਤੇ ਗਏ ਸਰਕਾਰੀ ਕੂੜ-ਪ੍ਰਚਾਰ ਨੂੰ ਠੱਲ੍ਹਣ ਲਈ ਸਿੱਖ ਅਪਣੇ ਵਾਹਨਾਂ ਤੇ ਘਰਾਂ ਉਪਰ ਖ਼ਾਲਸਾ ਰਾਜ ਦੇ ਨਿਸ਼ਾਨ ਲਗਾਉਣ। ਸਿੱਖਾਂ ਵਿਰੁਧ ਸਟੇਟ ਵਲੋਂ ਬੜੀ ਜ਼ਹੀਨ ਤੇ ਕੂਟਨੀਤਕ ਘੇਰਾਬੰਦੀ ਕੀਤੀ ਹੈ। ਇਕ ਪਾਸੇ ਇਸ ਜਮਹੂਰੀ ਤੇ ਫ਼ਿਰਕੂ ਵੰਨ-ਸੁਵੰਨਤਾ ਵਾਲੇ ਭਾਰਤ ਵਿਚ ਸ਼ਰੇਆਮ ਘੱਟ-ਗਿਣਤੀਆਂ ਦਾ ਦਮਨ ਕਰ ਕੇ ਹਿੰਦੂ ਰਾਸ਼ਟਰ ਬਣਾਉਣ ਦੇ ਐਲਾਨ ਕੀਤੇ ਜਾਂਦੇ ਹਨ ਪਰ ਅਜਿਹੇ ਭੜਕਾਹਟ ਭਰੇ ਬਿਆਨ ਦੇਣ ਵਾਲੇ ਲੋਕਾਂ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ, ਦੂਜੇ ਪਾਸੇ ਜਮਹੂਰੀਅਤ ਦੇ ਦਾਇਰੇ ਅੰਦਰ ਰਹਿ ਕੇ ਅਪਣੇ ਵਿਚਾਰ ਪੇਸ਼ ਕਰਨ ਵਾਲੇ ਸਿੱਖਾਂ ਤੇ ਸਰਕਾਰਾਂ ਕਾਲੇ ਕਾਨੂੰਨ ਲਾਉਣ ਲੱਗਿਆਂ ਦੇਰ ਨਹੀਂ ਲਾਉਂਦੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ ’ਤੇ ਲੱਗੇ ਕੌਮੀ ਸੁਰੱਖਿਆ ਐਕਟ ਤੁੜਵਾਉਣ ਅਤੇ ਹੋਰ ਕਾਨੂੰਨੀ ਸਹਾਇਤਾ ਕਰਨ ਲਈ ਵਕੀਲਾਂ ਦੇ ਪੈਨਲ ਦਾ ਐਲਾਨ ਕੀਤਾ। ਇਸ ਨਾਲ ਹੀ ਉਨ੍ਹਾਂ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਦੇ ਪ੍ਰਵਾਰਾਂ ਨੂੰ ਵੀ ਅਪੀਲ ਕੀਤੀ ਕਿ ਪੀੜਤ ਪ੍ਰਵਾਰ ਸ਼੍ਰੋਮਣੀ ਕਮੇਟੀ ਨਾਲ ਤੁਰਤ ਰਾਬਤਾ ਕਰਨ ਤਾਂ ਜੋ ਉਨ੍ਹਾਂ ਦੀ ਕਾਨੂੰਨੀ ਸਹਾਇਤਾ ਮੁਹਈਆ ਕਰਵਾਈ ਜਾ ਸਕੇ। ਇਸ ਦੌਰਾਨ ਇਕੱਤਰਤਾ ਵਿਚ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਵੀ ਸਾਂਝੇ ਤੌਰ ’ਤੇ ਇਕਮਤ ਹੁੰਦਿਆਂ ਸਿੱਖ ਕੌਮ ਨਾਲ ਹੋ ਰਹੇ ਅਨਿਆਂ ਵਿਰੁਧ ਬੌਧਿਕ ਤੇ ਕੂਟਨੀਤਕ ਪੱਧਰ ’ਤੇ ਵੱਡੀ ਕਤਾਰਬੰਦੀ ਕਰਨ ਦੀ ਲੋੜ ’ਤੇ ਜ਼ੋਰ ਦਿਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ। ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿ. ਰਘਬੀਰ ਸ਼ਿੰਘ, ਬਾਬਾ ਬਲਬੀਰ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਮਨਜੀਤ ਸਿੰਘ ਜੀਕੇ, ਭਪਿੰਦਰ ਸਿੰਘ ਦਿੱਲੀ, ਬਾਬਾ ਸੁਖਦੇਵ ਸਿੰਘ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।