
ਸਰਕਾਰ ਨੂੰ ਗੁਰਦਵਾਰਿਆਂ ਵਿਚ ਚਲਦੇ ਗੁਰੂ ਕੇ ਲੰਗਰਾਂ ਦੀ ਪਰੰਪਰਾ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਜੀ.ਐਸ.ਟੀ. ਲਗਾਏ ਰੱਖਣ ਦਾ ਅੜੀਅਲ ਵਤੀਰਾ ਸਮਝ ਤੋਂ ਬਾਹਰ ਹੈ
ਅੰਮ੍ਰਿਤਸਰ, 27 ਅਪ੍ਰੈਲ (ਇੰਦਰ ਮੋਹਣ ਸਿੰਘ 'ਅਨਜਾਣ'): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵਲੋਂ ਧਾਰਮਕ ਅਸਥਾਨਾਂ ਦੇ ਲੰਗਰਾਂ ਦੀਆਂ ਰਸਦਾਂ ਨੂੰ ਜੀ.ਐਸ.ਟੀ. ਤੋਂ ਕੋਈ ਰਾਹਤ ਨਾ ਦੇਣ ਦੀ ਮਨਸ਼ਾ ਨੂੰ ਪ੍ਰਮਾਣਤ ਕਰਦੇ ਬਿਆਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੁਰਦਵਾਰਿਆਂ ਵਿਚ ਚਲਦੇ ਗੁਰੂ ਕੇ ਲੰਗਰਾਂ ਦੀ ਪਰੰਪਰਾ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਜੀ.ਐਸ.ਟੀ. ਲਗਾਏ ਰੱਖਣ ਦਾ ਅੜੀਅਲ ਵਤੀਰਾ ਸਮਝ ਤੋਂ ਬਾਹਰ ਹੈ ਅਤੇ ਕੇਂਦਰ ਨੂੰ ਅਪਣਾ ਅੜੀਅਲ ਰਵਈਆ ਛਡਣਾ ਚਾਹੀਦਾ ਹੈ।
GST
ਉਨ੍ਹਾਂ ਕਿਹਾ ਕਿ ਗੁਰੂ ਕੇ ਲੰਗਰਾਂ ਦੀਆਂ ਰਸਦਾਂ ਨੂੰ ਜੀ.ਐਸ.ਟੀ. ਛੋਟ ਦੇਣ ਤੋਂ ਇਨਕਾਰ ਕਰਨਾ ਸਿੱਖ ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਲੰਗਰ ਦੀਆਂ ਰਸਦਾਂ ਨੂੰ ਜੀ.ਐਸ.ਟੀ. ਮੁਕਤ ਕਰਨ ਨਾਲ ਟੈਕਸ ਚੋਰੀ ਦਾ ਤਰਕ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧ ਵਿਚ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵਲੋਂ ਮੁੜ ਪੱਤਰ ਵੀ ਲਿਖਿਆ ਜਾਵੇਗਾ।