
ਮਾਰਚ 'ਚ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ, ਬਾਦਲ ਪਰਵਾਰ, ਬਾਦਲ ਦਲ ਦੇ ਅਪਰਾਧਾਂ, ਗ਼ੱਦਾਰੀਆਂ ਅਤੇ ਜ਼ੁਲਮਾਂ ਦਾ ਚਿੱਠਾ ਲੋਕਾਂ ਸਾਹਮਣੇ ਰਖਿਆ ਜਾਵੇਗਾ
ਅੰਮ੍ਰਿਤਸਰ : ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕਾਇਮ ਕੀਤੀ 21 ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ 12 ਮਈ ਨੂੰ ਬਠਿੰਡਾ ਵਿਖੇ ਮਾਰਚ ਕਰਨਗੇ। ਇਹ ਮਾਰਚ ਗੁਰਦਵਾਰਾ ਗੁਰੂ ਸਰ, ਬਠਿੰਡਾ, ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ, ਤੋਂ ਅਰੰਭ ਕਰ ਕੇ ਬਠਿੰਡਾ ਜ਼ਿਲ੍ਹੇ ਦੀਆਂ ਸੜਕਾਂ 'ਤੇ ਬਸੰਤੀ ਰੰਗ ਦੀਆਂ ਦਸਤਾਰਾਂ ਤੇ ਝੰਡੇ ਲੈ ਕੇ ਖ਼ਾਲਸਾਈ ਮਾਰਚ ਕੱਢੇਗੀ। ਇਸ ਮਾਰਚ ਵਿਚ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾਂ, ਬਾਦਲ ਪਰਵਾਰ, ਬਾਦਲ ਦਲ ਅਤੇ ਬਾਦਲ ਸਰਕਾਰ ਦੇ ਅਪਰਾਧਾਂ, ਗ਼ੱਦਾਰੀਆਂ ਅਤੇ ਜ਼ੁਲਮਾਂ ਦਾ ਚਿੱਠਾ ਲੋਕਾਂ ਸਾਹਮਣੇ ਰਖਿਆ ਜਾਵੇਗਾ।
Jagtar Singh Hawara
ਅੱਜ ਕਮੇਟੀ ਵਲੋਂ ਗੱਲਬਾਤ ਕਰਦਿਆਂ ਪ੍ਰੋਫ਼ੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ ਅਤੇ ਨਰਾਇਣ ਸਿੰਘ ਚੌੜਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ, ਬਰਗਾੜੀ ਮੋਰਚੇ ਦੀ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿੱਖ ਸੰਗਤਾਂ ਦੇ ਸਨਮੁੱਖ ਖ਼ਾਲਸਾ ਪੰਥ ਨਾਲ ਕੀਤੇ ਵਾਅਦੇ ਤੋਂ ਮੁਕਰ ਚੁਕੀ ਹੈ। ਨਾ ਤਾਂ ਸਜ਼ਾ ਪੂਰੀ ਕਰ ਚੁਕੇ ਕਿਸੇ ਸਿੰਘ ਦੀ ਰਿਹਾਈ ਲਈ ਪੰਜਾਬ ਸਰਕਾਰ ਨੇ ਦਿੱਲੀ ਅਤੇ ਚੰਡੀਗੜ੍ਹ ਦੀਆਂ ਜੇਲਾਂ ਅਤੇ ਪੰਜਾਬ ਤੋਂ ਬਾਹਰ ਦੇ ਰਾਜਾਂ ਦੀਆਂ ਜੇਲਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਕੋਈ ਹਰੀ ਝੰਡੀ ਦਿਤੀ ਹੈ ਅਤੇ ਨਾ ਹੀ ਹਰਨੇਕ ਸਿੰਘ ਭੱਪ ਸਮੇਤ ਕਿਸੇ ਬੰਦੀ ਨੂੰ ਬਾਹਰਲੇ ਰਾਜਾਂ ਦੀਆਂ ਜੇਲਾਂ ਵਿਚੋਂ ਪੰਜਾਬ ਦੀਆਂ ਜੇਲਾਂ ਵਿਚ ਤਬਦੀਲ ਕੀਤਾ ਹੈ।
Bargari Kand
ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੇ ਕਾਤਲਾਂ ਅਤੇ ਸਾਜ਼ਸ਼ ਘਾੜਿਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਵੀ ਅਜੇ ਤਕ ਕਟਹਿਰੇ ਵਿਚ ਖੜਾ ਨਹੀਂ ਕੀਤਾ ਗਿਆ, ਸਗੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਪੁਲਿਸੀਆਂ ਦੀਆਂ ਢਿੱਲੀ ਨੀਤੀ ਅਪਣਾ ਕੇ ਜ਼ਮਾਨਤਾਂ ਕਰਵਾਈਆਂ ਜਾ ਰਹੀਆਂ ਹਨ। ਬੁਰਜ ਜਵਾਹਰ ਸਿੰਘ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਸਾਜ਼ਸ਼ਘਾੜੇ ਡੇਰਾ ਸੌਦਾ ਸਿਰਸਾ ਦੇ ਦੇਹਧਾਰੀ ਗੁਰੂ ਦੰਭੀਆਂ ਬਾਰੇ ਤਾਂ ਸਰਕਾਰ ਨੇ ਬਿਲਕੁਲ ਹੀ ਚੁੱਪ ਧਾਰ ਲਈ ਹੈ। ਮੌੜ ਬੰਬ ਧਮਾਕੇ ਬਾਰੇ ਹੀ ਸਰਕਾਰ ਸੱਚ ਜਾਣਦੀ ਹੋਈ ਵੀ ਸਾਹਮਣੇ ਲਿਆਉਣ ਤੋਂ ਕੰਨੀ ਕਰਤਾ ਚੁਕੀ ਹੈ। ਨਕੋਦਰ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਰੀਪੋਰਟ ਵੀ ਜਨਤਕ ਕਰਨ ਤੋਂ ਸਰਕਾਰ ਨੇ ਪਾਸਾ ਵੱਟ ਲਿਆ ਹੈ।