
ਐਸ.ਆਈ.ਟੀ. ਦੀ ਰਿਪੋਰਟ 'ਚ ਹੋਇਆ ਵੱਡਾ ਪ੍ਰਗਟਾਵਾ
ਚੰਡੀਗੜ੍ਹ : ਬੇਅਦਬੀ ਤੇ ਗੋਲੀ ਕਾਂਡ ਨਾਲ ਸਬੰਧਤ ਕੇਸਾਂ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ ਨੇ ਵੱਡਾ ਪ੍ਰਗਟਾਵਾ ਕੀਤਾ ਹੈ। ਐਸ.ਆਈ.ਟੀ. ਦੇ ਮੈਂਬਰ ਤੇ ਕਪੂਰਥਲਾ ਦੇ ਐਸ.ਐਸ.ਪੀ. ਸਤਿੰਦਰ ਸਿੰਘ ਨੇ ਅਦਾਲਤ 'ਚ ਦਿੱਤੇ ਹਲਫ਼ਨਾਮੇ 'ਚ ਕਿਹਾ ਕਿ ਭਾਈ ਕ੍ਰਿਸ਼ਨ ਭਗਵਾਨ ਤੇ ਭਾਈ ਗੁਰਜੀਤ ਸਿੰਘ ਨਾਮ ਦੇ ਨੌਜਵਾਨ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ, ਉਨ੍ਹਾਂ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਇੰਨੀ ਨੇੜੇ ਤੋਂ ਖਲੋ ਕੇ ਉਦੋਂ ਗੋਲੀਆਂ ਮਾਰੀਆਂ ਸਨ ਜਦੋਂ ਉਹ ਬੈਠੇ ਹੋਏ ਸਨ। ਇੰਨੀ ਨੇੜੀਓਂ ਮਾਰੀਆਂ ਗੋਲੀਆਂ ਦੋਵਾਂ ਦੇ ਸ਼ਰੀਰਾਂ 'ਚੋਂ ਆਰ-ਪਾਰ ਹੋ ਗਈਆਂ। ਹਲਫ਼ਨਾਮੇ 'ਚ ਪੁਲਿਸ ਨੇ ਇਹ ਵੀ ਸਾਫ਼ ਕੀਤਾ ਕਿ ਘਟਨਾ ਸਬੰਧੀ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਵੱਲੋਂ ਆਤਮ ਰੱਖਿਆ 'ਚ ਗੋਲੀ ਚਲਾਏ ਜਾਣ ਦਾ ਦਾਅਵਾ ਬਿਲਕੁਲ ਝੂਠਾ ਹੈ।
Behbal Kalan firing
ਦਰਅਸਲ ਐਸ.ਆਈ.ਟੀ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵਿਰੋਧ ਕਰਦਿਆਂ ਇਹ ਸੱਚ ਉਜਾਗਰ ਕੀਤਾ ਹੈ। ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਹ ਵੀ ਦੱਸਿਆ ਕਿ 14 ਅਕਤੂਬਰ 2015 ਨੂੰ ਵਾਪਰੀ ਇਸ ਘਟਨਾ ਮੌਕੇ ਵੀ ਪੁਲਿਸ ਵੱਲੋਂ ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸ਼ਟ੍ਰੇਟ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਸਰਕਾਰੀ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਉਸ ਮੰਦਭਾਗੇ ਦਿਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਜਿਹੜਾ ਲਾਠੀਚਾਰਜ਼ ਕੀਤਾ ਸੀ ਉਸ ਸਬੰਧੀ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਦਕਿ ਡਿਊਟੀ ਮੈਜ਼ਿਸ਼ਟ੍ਰੇਟ, ਜੈਤੋਂ ਦੇ ਨਾਇਬ ਤਹਿਸੀਲਦਾਲ ਪ੍ਰਿਤਪਾਲ ਸਿੰਘ ਮੌਕੇ 'ਤੇ ਮੌਜੂਦ ਸਨ।
ਐਸਆਈਟੀ ਅਨੁਸਾਰ ਪ੍ਰਿਤਪਾਲ ਸਿੰਘ ਨੇ ਇਹ ਪ੍ਰਗਟਾਵਾ ਜਾਂਚ ਦੌਰਾਨ ਆਪਣੇ ਬਿਆਨਾਂ 'ਚ ਕੀਤਾ ਹੈ। ਸਿੱਟ ਅਧਿਕਾਰੀ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਜੈਤੋਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਇਸ ਗੱਲ 'ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਹੈ ਕਿ ਘਟਨਾ ਮੌਕੇ ਲਾਠੀਚਾਰਜ਼ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸੇ ਕਿਸਮ ਦੀ ਇਜਾਜ਼ਤ ਪਹਿਲਾਂ ਨਹੀਂ ਲਈ ਸੀ। ਇਹੋ ਕਾਰਨ ਹੈ ਕਿ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਪਾਰਟੀ ਦੇ ਬਿਆਨ ਆਪਾ ਵਿਰੋਧੀ ਨੇ।ਇਸ ਹਲਫ਼ਨਾਮੇ ਅਨੁਸਾਰ ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਲਏ ਬਿਨਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਈ ਸੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਬਾਜਾਖਾਨਾਂ ਥਾਣੇ ਅੰਦਰ ਪਰਚਾ ਦਰਜ ਕੀਤਾ ਗਿਆ ਅਤੇ ਇਸ ਪਰਚੇ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਚਰਨਜੀਤ ਸ਼ਰਮਾ, ਬਿਕਰਮ ਸਿੰਘ, ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਕੁਲਾਰ ਦੇ ਨਾਮ ਸ਼ਾਮਲ ਕੀਤੇ ਗਏ। ਅਦਾਲਤ ਨੂੰ ਦੱਸਿਆ ਗਿਆ ਕਿ ਝੂਠੇ ਸਬੂਤ ਪੈਦਾ ਕਰਨ ਲਈ ਚਰਨਜੀਤ ਸ਼ਰਮਾ ਦੀ ਜਿਪਸੀ 'ਤੇ ਬਠਿੰਡਾ ਵਿਖੇ ਗੋਲੀਆਂ ਚਲਾਈਆਂ ਗਈਆਂ ਅਤੇ ਦਾਅਵਾ ਇਹ ਕੀਤਾ ਗਿਆ ਕਿ ਇਹ ਗੋਲੀਆਂ ਘਟਨਾ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਲਾਈਆਂ ਸਨ। ਅੰਤ 'ਚ ਐਸਆਈਟੀ ਨੇ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਐਸਆਈਟੀ ਨੇ ਕਿਹਾ ਕਿ ਜੇ ਇਸ ਸਾਬਕਾ ਪੁਲਿਸ ਅਧਿਕਾਰੀ ਨੂੰ ਜ਼ਮਾਨਤ ਦਿੱਤੀ ਗਈ ਤਾਂ ਇਹ ਬਾਹਰ ਜਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਆਉਂਦੀ 7 ਮਈ 'ਤੇ ਪਾ ਦਿੱਤੀ ਹੈ।