
ਹੁਣ ਹੇਮਕੁੰਟ ਜਾਣ ਤੋਂ ਪਹਿਲਾਂ ਰਿਸ਼ੀਕੇਸ਼ ਵਿਖੇ ਬਣਾਉਣਾ ਪਵੇਗਾ ਚਾਰ ਧਾਮ ਯਾਤਰਾ ਕਾਰਡ
Panthak News ਕੋਟਕਪੂਰਾ (ਗੁਰਿੰਦਰ ਸਿੰਘ) : ਪਹਿਲਾਂ ਪੰਥਦਰਦੀਆਂ ਵਲੋਂ ਆਰ.ਐਸ.ਐਸ. ਤੇ ਪੰਥਕ ਮਾਮਲਿਆਂ ’ਚ ਦਖ਼ਲਅੰਦਾਜ਼ੀ ਦੇ ਦੋਸ਼ ਲਾਏ ਜਾਂਦੇ ਸਨ ਪਰ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਹੋਣ ਕਰ ਕੇ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦਾ ਕੋਈ ਵੀ ਆਗੂ ਪ੍ਰਤੀਕਰਮ ਨਹੀਂ ਸੀ ਕਰਦਾ। ਹੁਣ ਭਾਈਵਾਲੀ ਟੁਟਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਲੋਂ ਆਰਐਸਐਸ ’ਤੇ ਸਿੱਖਾਂ ਦੇ ਦੋ ਤਖ਼ਤ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ’ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਗਏ ਤਾਂ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਨੇ ਸਫ਼ਾਈਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਹੁਣ ਪਤਾ ਲੱਗਾ ਹੈ ਕਿ ਹੇਮਕੁੰਟ ਸਾਹਿਬ ਨੂੰ ਹਿੰਦੂ ਧਰਮ ਦੇ ਚਾਰ ਧਾਮਾਂ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਸਿੱਖਾਂ ਦੇ ਉਪਰ ਦਰਸਾਏ ਦੋ ਤਖ਼ਤਾਂ ਸਮੇਤ ਦਿੱਲੀ ਅਤੇ ਹਰਿਆਣੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਉਪਰ ਆਰਐਸਐਸ ਦੇ ਕਬਜ਼ੇ ਲਈ ਬਾਦਲ ਦਲ ਨੂੰ ਬਰਾਬਰ ਕਸੂਰਵਾਰ ਠਹਿਰਾਉਂਦੇ ਹਨ, ਬੇਸ਼ੱਕ ਹੇਮਕੁੰਟ ਦੇ ਮੁੱਦੇ ’ਤੇ ਵੀ ਪੰਥਕ ਜਥੇਬੰਦੀਆਂ ਦੀ ਵੱਖੋ ਵਖਰੀ ਰਾਇ ਹੈ ਪਰ ਹਿੰਦੂ ਧਰਮ ਦੇ ਚਾਰ ਧਾਮਾਂ ਵਿਚ ਹੇਮਕੁੰਟ ਸਾਹਿਬ ਨੂੰ ਸ਼ਾਮਲ ਕਰਨ ਨਾਲ ਪੰਥਕ ਹਲਕਿਆਂ ’ਚ ਵਿਰੋਧ ਹੋਣਾ ਸੁਭਾਵਕ ਹੈ। ਸੱਚਖੰਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਮੁਤਾਬਕ ਜਿਸ ਤਰ੍ਹਾਂ ਸਿੱਖਾਂ ਦੇ ਪੰਜ ਤਖ਼ਤ ਹਨ, ਉਸੇ ਤਰ੍ਹਾਂ ਹਿੰਦੂ ਧਰਮ ਦੇ ਚਾਰ ਧਾਮ ਮੰਨੇ ਜਾਂਦੇ ਹਨ।
ਹੇਮਕੁੰਟ ਟਰੱਸਟ ਦੇ ਅਧੀਨ ਗੁਰਦਵਾਰਾ ਸਾਹਿਬ ਰਿਸ਼ੀਕੇਸ਼ ਵਿਖੇ ਹੁਣ ਹੇਮਕੁੰਟ ਦੀ ਯਾਤਰਾ ’ਤੇ ਜਾਣ ਵਾਲਿਆਂ ਨੂੰ ਪਹਿਲਾਂ ਲੰਮੀਆਂ ਲੰਮੀਆਂ ਕਤਾਰਾਂ ਵਿਚ ਖੜ ਕੇ ਅਪਣੀ ਹਰ ਤਰ੍ਹਾਂ ਦੀ ਜਾਣਕਾਰੀ ਦੇਣੀ ਪਵੇਗੀ, ਇਕ ਕਾਰਡ ਜਾਰੀ ਹੋਵੇਗਾ ਤੇ ਫਿਰ ਅੱਗੇ ਜਾਣ ਦੀ ਇਜਾਜ਼ਤ ਮਿਲੇਗੀ। ਉਨ੍ਹਾਂ ਦਸਿਆ ਕਿ 25 ਮਈ ਨੂੰ ਹੇਮਕੁੰਟ ਦੇ ਦੁਆਰ ਦਰਸ਼ਨਾਂ ਲਈ ਖੋਲ੍ਹੇ ਗਏ ਤਾਂ ਸੰਗਤਾਂ ਨੂੰ ਰਿਸ਼ੀਕੇਸ਼ ਵਿਖੇ ਜਾ ਕੇ ਪਤਾ ਲੱਗਾ ਕਿ ਹੁਣ ਹੇਮਕੁੰਟ ਦੀ ਯਾਤਰਾ ਨੂੰ ਚਾਰ ਧਾਮ ਯਾਤਰਾ ਨਾਲ ਜੋੜ ਦਿਤਾ ਗਿਆ ਹੈ।
ਹਰਮੀਤ ਸਿੰਘ ਪਿੰਕਾ ਨੇ ਦਸਿਆ ਕਿ ਇਕ ਨੌਜਵਾਨ ਵਲੋਂ ਪਹਿਲੇ ਦਿਨ ਹੀ ਰਿਸ਼ੀਕੇਸ਼ ਤੋਂ ਬਣੇ ‘‘ਚਾਰ ਧਾਮ ਯਾਤਰਾ-2024’’ ਵਾਲਾ ਕਾਰਡ ਦਿਖਾ ਕੇ ਸੰਗਤਾਂ ਨੂੰ ਸੁਚੇਤ ਕੀਤਾ ਗਿਆ ਕਿ ਜੇਕਰ ਉਨ੍ਹਾਂ ਉਕਤ ਚਾਰ ਧਾਮ ਯਾਤਰਾ ਵਾਲਾ ਕਾਰਡ ਨਾ ਬਣਾਇਆ ਤਾਂ ਉਨ੍ਹਾ ਨੂੰ ਬਹੁਤ ਖੱਜਲ ਹੋਣਾ ਪਵੇਗਾ। ਹਰਮੀਤ ਸਿੰਘ ਪਿੰਕਾ ਨੇ ਮੰਨਿਆ ਕਿ ਪੰਜਾਬ ਤੋਂ ਬਾਹਰਲੇ ਗੁਰਦਵਾਰਿਆਂ ਅਤੇ ਟਰੱਸਟਾਂ ਨੂੰ ਉੱਥੋਂ ਦੀਆਂ ਸਰਕਾਰਾਂ ਅਪਣੇ ਅਨੁਸਾਰ ਚਲਾ ਰਹੀਆਂ ਹਨ ਜਿਸ ਦਾ ਖਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ।
ਸਿੱਖ ਚਿੰਤਕ, ਪੰਥਕ ਵਿਦਵਾਨ ਤੇ ਕਈ ਦਰਜਨ ਪੁਸਤਕਾਂ ਦੇ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਉਕਤ ਮਾਮਲੇ ’ਤੇ ਪ੍ਰਤੀਕਰਮ ਕਰਦਿਆਂ ਆਖਿਆ ਕਿ ਕਿਸੇ ਸਮੇਂ ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਲੋਂ ਨਵੀਂ ਪੀੜ੍ਹੀ ਨੂੰ ਵਿਰੋਧੀਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਗੁਰਦਵਾਰਾ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਵੇਲੇ ਦੇ ਮਹੰਤਾਂ ਨੇ ਉਕਤ ਸਿੱਖ ਵਿਦਵਾਨਾਂ ਨਾਲ ਜੱਗੋਂ ਤੇਹਰਵੀਂ ਕੀਤੀ, ਉਨ੍ਹਾਂ ਨੂੰ ਪੰਥ ’ਚੋਂ ਛੇਕ ਦਿਤਾ ਗਿਆ ਤੇ ਵਰਤਮਾਨ ਸਮੇਂ ਵਿਚ ਵੀ ਤੱਤ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਨਾਲ ਤਖ਼ਤਾਂ ਦੇ ਜਥੇਦਾਰਾਂ ਵਲੋਂ ਇਹੀ ਸਲੂਕ ਕੀਤਾ ਜਾ ਰਿਹਾ ਹੈ।
ਪ੍ਰੋ. ਘੱਗਾ ਨੇ ਜਿਥੇ ਉਕਤ ਸਾਰੇ ਘਟਨਾਕ੍ਰਮ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਥੇ ਪੰਜਾਬ, ਹਰਿਆਣਾ, ਦਿੱਲੀ ’ਚੋਂ ਅਕਾਲੀ ਦਲ ਜਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਿੱਖ ਆਗੂਆਂ ਨੂੰ ਸੁਆਲ ਕੀਤਾ ਕਿ ਉਹ ਆਰਐਸਐਸ ਅਤੇ ਭਾਜਪਾ ਦੇ ਸੋਹਲੇ ਗਾਉਣ ਮੌਕੇ ਭਾਜਪਾ ਵਲੋਂ ਸਿੱਖਾਂ ਲਈ ਕੀਤੇ ਕੰਮਾਂ ਦੀਆਂ ਢੇਰ ਸਾਰੀਆਂ ਉਦਾਹਰਣਾਂ ਦਿੰਦੇ ਹਨ ਪਰ ਪੰਥ ਨਾਲ ਹੋ ਰਹੀ ਵਿਤਕਰੇਬਾਜ਼ੀ ਜਾਂ ਧੱਕੇਸ਼ਾਹੀ ਵਰਗੀਆਂ ਅਜਿਹੀਆਂ ਅਨੇਕਾਂ ਮਿਸਾਲਾਂ ਹੋਣ ਦੇ ਬਾਵਜੂਦ ਵੀ ਅਜਿਹੇ ਗੰਭੀਰ ਮਸਲਿਆਂ ’ਤੇ ਚੁੱਪ ਕਿਉਂ ਰਹਿੰਦੇ ਹਨ? ਉਨ੍ਹਾਂ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਨੂੰ ਅਪੀਲ ਕੀਤੀ ਕਿ ਉਹ ਆਰਐਸਐਸ ਅਤੇ ਭਾਜਪਾ ਦੀ ਪੰਥਕ ਮਸਲਿਆਂ ’ਚ ਦਖ਼ਲਅੰਦਾਜ਼ੀ ਨੂੰ ਸਖ਼ਤੀ ਨਾਲ ਰੋਕਣ।