
‘ਗਾਵਤ ਉਧਰਹਿ ਸੁਣਤੇ ਉਧਰਹਿ’ ਦਾ ਸ਼ਬਦੀ ਅਰਥ ਨਹੀਂ ਲੈਣਾ ਹੋਵੇਗਾ। ਇਸ ਦਾ ਭਾਵਨਾਤਮਕ ਅਰਥ ਲੈਣੇ ਹੋਣਗੇ।
ਸ਼ਬਦ ਦੀ ਇਸ ਤੋਂ ਪਹਿਲੀ ਵਾਲੀ ਤੁਕ ਵਿਚ ਕਿਹਾ ਗਿਆ ਹੈ ਕਿ ਹੇ ਸੁਆਮੀ ਹੇ ਅਕਾਲ ਪੁਰਖ ਜੀ ਤੈਨੂੰ ਗਾਉਣ ਵਾਲੇ ਤੈਨੂੰ ਸੁਣਨ ਵਾਲੇ ਸਾਰੇ ਦੇ ਸਾਰੇ ਤਰ ਗਏ। ਉਨ੍ਹਾਂ ਦੇ ਸਾਰੇ ਪਾਪ ਨਸ਼ਟ ਹੋ ਗਏ। ਭਾਵ ਉਨ੍ਹਾਂ ਦੀ ਨਕਾਰਾਤਮਕ ਸੋਚ ਮਿਟ ਗਈ ਉਹ ਸਕਾਰਾਤਮਕ ਸੋਚ ਦੇ ਧਾਰਨੀ ਹੋ ਗਏ ਹਨ। ਜਿਸ ਨਾਲ ਉਨ੍ਹਾਂ ਨੂੰ ਮਾਨਸਕ ਚਿੰਤਾ ਤੋਂ ਨਿਪਟਾਰਾ ਮਿਲ ਗਿਆ। ਹੇ ਅਕਾਲ ਪੁਰਖ ਹੇ ਸੁਆਮੀ ਤੂੰ ਕਿੰਨਾ ਵੱਡਾ ਦਿਆਲੂ ਹੈਂ, ਕਿੰਨਾਂ ਵੱਡਾ ਕਿਰਪਾਲੂ ਹੈਂ ਇਸ ਨੂੰ ਸਮਝ ਸਕਣਾ ਜਾਂ ਇਸ ਦਾ ਅੰਦਾਜ਼ਾ ਲਾ ਸਕਣਾ ਕਿਸੇ ਲਈ ਵੀ ਸੰਭਵ ਨਹੀਂ। ਬਸ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਤੂੰ ਹਰ ਪੱਖੋਂ ਬੇਅੰਤ ਹੈਂ ਬੇਅੰਤ ਹੈਂ।
‘ਗਾਵਤ ਉਧਰਹਿ ਸੁਣਤੇ ਉਧਰਹਿ’ ਦਾ ਸ਼ਬਦੀ ਅਰਥ ਨਹੀਂ ਲੈਣਾ ਹੋਵੇਗਾ। ਇਸ ਦਾ ਭਾਵਨਾਤਮਕ ਅਰਥ ਲੈਣੇ ਹੋਣਗੇ। ਭਾਵ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਜ਼ਿੰਦਗੀ ਵਿਚ ਕਮਾਉਣਾ ਹੋਵੇਗਾ। ਉਨ੍ਹਾਂ ਗੁਣਾਂ ਨਾਲ ਜ਼ਿੰਦਗੀ ਜਿਉਣੀ ਹੋਵੇਗੀ। ਤਾਂ ਸੋਚਿਆ ਜਾ ਸਕੇਗਾ ਕਿ ਲੋੜੀਂਦਾ ਲਾਭ ਪ੍ਰਾਪਤ ਹੋਵੇਗਾ। ‘ਗਾਵਤਿ ਉਧਰਹਿ ਸੁਣਤੇ ਉਧਰਹਿ’ ਤੋਂ ਇਥੇ ਭਾਵ ਹੈ ਕਿ ਜਿਸ ਨੇ ਜਿੰਨਾ ਸਦਗੁਣੀ ਜੀਵਨ ਜਿਉਣਾ ਸ਼ੁਰੂ ਕਰ ਲਿਆ ਉਸ ਨੂੰ ਉਤਨਾ ਲਾਭ ਹੋਣ ਲੱਗ ਪਵੇਗਾ। ਜਦੋਂ ਗੁਰੂ ਨਾਨਕ ਦੇਵ ਜੀ ਅਪਣੇ ਉਪਦੇਸ਼ ਵਿਚ ‘ਕਿਰਤ ਕਰਨ’ ਦੀ ਗੱਲ ਕਰਦੇ ਹਨ ਤਾਂ ਮੇਰੀ ਤੁੱਛ ਬੁੱਧੀ ਅਨੁਸਾਰ ਉਹ ਸਾਨੂੰ ਅਪਣੇ ਨੇਕ ਵਿਚਾਰਾਂ ਨੂੰ ਅਪਣੀ ਨਿਰਮਲ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ ਕਹਿ ਰਹੇ ਹਨ। ਕਿਉਂਕਿ ਉਸ ਤੋਂ ਪਹਿਲਾਂ ਉਪਦੇਸ਼ ਹੈ ਨਾਮ ਜਪਣਾ।
ਨਾਮੁ ਜਪਣ ਤੋਂ ਭਾਵ ਹੈ ਅਪਣੀ ਸੋਚ ਨੂੰ ਸਦਗੁਣੀ ਬਨਾਉਣਾ ਹੈ। ਉਸ ਤੋਂ ਬਾਅਦ ‘ਕਿਰਤ ਕਰਨ’ ਦੀ ਗੱਲ ਆਉਂਦੀ ਹੈ। ਜਿਸ ਵਕਤ ਦੀ ਗੁਰੂ ਜੀ ਗੱਲ ਕਰ ਰਹੇ ਹਨ ਉਸ ਵਕਤ ਤਾਂ ਹਰ ਬੰਦਾ ਕੋਈ ਨਾ ਕੋਈ ਕਿਰਤ ਕਰਦਾ ਹੀ ਸੀ। ਸੋ ਜੋ ਕਿਰਤ ਦਾ ਭਾਵ ਅਸੀਂ ਅੱਜ ਲੈ ਰਹੇ ਹਾਂ, ਉਹ ਵਕਤ ਮੁਤਾਬਕ ਢੁਕਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਉਹ ਵਾਲੀ ਕਿਰਤ ਤਾਂ ਉਸ ਵਕਤ ਹੋ ਹੀ ਰਹੀ ਸੀ। ਸੋ ਗੁਰੂ ਜੀ ਨੇ ਜੋ ਕਿਰਤ ਦੀ ਗੱਲ ਕੀਤੀ ਹੈ ਤਾਂ ਉਸ ਦਾ ਭਾਵ ਹੋ ਸਕਦਾ ਹੈ ਕਿ ਸਦਗੁਣੀ ਸੋਚ ਨੂੰ ਅਮਲੀ ਜਾਮਾ ਪਹਿਨਾਉਣਾ ਹੋਵੇ। ਜੇਕਰ ਅਮਲੀ ਜਾਮਾ ਪਹਿਨਾਉਣ ਦਾ ਕੰਮ ਨਹੀਂ ਕਰਦੇ ਤਾਂ ਫਿਰ ਸੋਚ ਤਾਂ ਕਰਮਕਾਂਡ ਹੀ ਅਖਵਾਏਗੀ। ਜੀਵਨ ਵਿਚ ਗੁਣਾ ਨੂੰ ਬਿਨਾਂ ਕਮਾਇਆਂ ਕੁੱਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੋ ਕੱੁਝ ਵੀ ਮਿਲੇਗਾ ਉਹ ਗੁਣਾਂ ਨੂੰ ਜੀਵਨ ਵਿਚ ਹੰਢਾਉਣ ਨਾਲ ਮਿਲੇਗਾ। ਜੇ ਅਸੀ ਗੱਲਾਂ ਹੀ ਕਰਦੇ ਰਹੇ ਤੇ ਗੱਲਾਂ ਨੂੰ ਅਮਲੀ ਜਾਮਾ ਨਾ ਪਹਿਨਾਇਆ ਤਾਂ ਸਭ ਦਾ ਸਭ ਬੇਕਾਰ ਹੈ। ਜਿਸ ਨੂੰ ਗੁਰੂ ਜੀ ਕਰਮਕਾਂਡ ਕਹਿੰਦੇ ਹਨ, ਅਸੀ ਆਮ ਤੌਰ ਤੇ ਕਰਮਕਾਂਡੀ ਹੀ ਬਣੇ ਰਹਿੰਦੇ ਹਾਂ ਜਿਸ ਕਰ ਕੇ ਲੋੜੀਂਦੀ ਸ਼ਾਂਤੀ ਅਤੇ ਅਨੰਦ ਤੋਂ ਵਾਂਝੇ ਰਹਿ ਜਾਂਦੇ ਹਾਂ।
ਅੱਗੇ ਗੁਰੂ ਜੀ ਕਹਿ ਰਹੇ ਹਨ ਕਿ ਤੈਂ ਪਸ਼ੂ, ਪ੍ਰੇਤ ਤੇ ਮੰਦਬੁੱਧੀ ਵਾਲੇ ਤਾਰ ਦਿਤੇ। ਹੋਰ ਤਾਂ ਹੋਰ ਤੈਂ ਤਾਂ ਪੱਥਰ ਵੀ (ਪਾਣੀ ਵਿਚ) ਤਾਰ ਦਿਤੇ। ਜਦੋਂ ਇਨ੍ਹਾਂ ਸ਼ਬਦੀ ਅਰਥਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਥਿਤੀ ਹੋਰ ਗੰਧਲੀ ਹੋ ਜਾਂਦੀ ਹੈ। ਗੁਰਬਾਣੀ ਵਿਚ ਕਿਸੇ ਵੀ ਤਰ੍ਹਾਂ ਦੀ ਕਰਾਮਾਤ ਪ੍ਰਵਾਨ ਨਹੀਂ। ਸਿੱਖੀ ਵਿਚ ਕਰਾਮਾਤ ਲਈ ਕੋਈ ਥਾਂ ਹੈ ਹੀ ਨਹੀਂ। ਪਸ਼ੂ ਪ੍ਰੇਤ ਮੁਗਧ ਤਾਰੇ ਨਹੀਂ ਜਾ ਸਕਦੇ। ਪਸ਼ੂ ਤਾਂ ਕੁਦਰਤੀ ਤੈਰਨਾ ਜਾਣਦੇ ਹੁੰਦੇ ਹਨ। ਵੈਸੇ ਵੀ ਉਨ੍ਹਾਂ ਦਾ ਇਸ ਤਰ੍ਹਾਂ ਦਾ ਬਿਰਤਾਂਤ ਦੇ ਕੇ ਸਾਨੂੰ ਸਮਝਾਉਣਾ ਢੁਕਵਾਂ ਜਿਹਾ ਨਹੀਂ ਲੱਗ ਰਿਹਾ। ਸਾਡੇ ਵਿਚੋਂ ਬਹੁਤੇ ਹਰ ਵਕਤ ਵੱਖੋ ਵੱਖਰੀਆਂ ਬਿਰਤੀਆਂ ਵਿਚ ਜੀਅ ਰਹੇ ਹੁੰਦੇ ਹਾਂ। ਗੁਰੂ ਜੀ ਇਥੇ ਵਿਆਕਤੀ ਦੀਆਂ ਅਪਣੀਆਂ ਬਿਰਤੀਆਂ ਦੀ ਗੱਲ ਕਰ ਰਹੇ ਹਨ। ਜੋ ਹਰ ਵਕਤ ਬਦਲਦੀਆਂ ਰਹਿੰਦੀਆਂ ਹਨ। ਜਿਸ ਦੇ ਜ਼ਿੰਮੇਵਾਰ ਅਸੀਂ ਆਪ ਹੀ ਹੁੰਦੇ ਹਾਂ। ਕਦੇ ਵਿਅਕਤੀ ਪਸ਼ੂ ਬਿਰਤੀ ਵਿਚ ਹੁੰਦਾ ਹੈ ਭਾਵ ਉਸ ਦਾ ਵਰਤਾਰਾ ਪਸ਼ੂਆਂ ਦੇ ਵਰਤਾਰੇ ਵਰਗਾ ਹੁੰਦਾ ਹੈ।
ਕਦੇ ਵਿਅਕਤੀ ਪ੍ਰੇਤ ਵਰਗਾ ਵਰਤਾਉ ਕਰਦਾ ਹੈ। ਉਸ ਵਕਤ ਉਸ ਨੂੰ ਅਪਣੇ ਆਪ ਤੋਂ ਬਗ਼ੈਰ ਕੁੱਝ ਵੀ ਨਹੀਂ ਦਿਸ ਰਿਹਾ ਹੁੰਦਾ ਅਤੇ ਕਿਸੇ ਵਕਤ ਵਿਅਕਤੀ ਮੁਗਧ ਭਾਵ ਮੰਦਬੁੱਧੀ ਬੰਦਿਆਂ ਵਾਲਾ ਵਰਤਾਰਾ ਕਰਦਾ ਹੈ। ਬੇਸ਼ਕ ਵੇਖਣ ਵਿਚ ਵਿਅਕਤੀ ਨਾਰਮਲ ਨਜ਼ਰ ਆ ਰਿਹਾ ਹੁੰਦਾ ਹੈ ਪ੍ਰੰਤੂ ਉਸ ਦਾ ਵਰਤਾਰਾ ਕਮਲਿਆਂ ਜਾ ਪਾਗ਼ਲਾਂ ਵਰਗਾ ਹੁੰਦਾ ਹੈ। ਇਹ ਬਿਰਤੀਆਂ ਵਿਅਕਤੀ ਦੀ ਨਕਾਰਾਤਮਕ ਸੋਚ ਦਾ ਨਤੀਜਾ ਹੁੰਦੀਆਂ ਹਨ। ਜਦੋਂ ਵਿਅਕਤੀ ਰੱਬੀ ਗੁਣਾਂ ਨਾਲ ਜੀਵਨ ਜਿਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੀ ਨਕਾਰਾਤਮਕ ਸੋਚ ਖ਼ਤਮ ਹੋ ਜਾਂਦੀ ਹੈ ਤੇ ਉਸ ਨੂੰ ਉਸ ਦੀਆਂ ਨਕਾਰਾਤਮਕ ਬਿਰਤੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਿਸ ਨੂੰ ਸ਼ਬਦ ਵਿਚ ‘ਪਾਰਿ ਉਤਾਰੇ’ ਕਿਹਾ ਗਿਆ ਹੈ। ਜਦੋਂ ਤੁਕ ਕਹਿ ਰਹੀ ਹੈ ‘ਪਾਹਿਣ ਪਾਰ ਉਤਾਰੈ’ ਭਾਵ ਪੱਥਰ ਪਾਣੀ ਵਿਚ ਤਾਰ ਦੇਣਾ ਜੋ ਸੰਭਵ ਨਹੀਂ ਹੈ। ਇਥੇ ਕੋਈ ਜਾਦੂਗਰੀ ਜਾਂ ਕਰਾਮਾਤ ਨਹੀਂ ਹੋ ਰਹੀ।
ਇਥੇ ਗੁਰੂ ਜੀ ਕਹਿ ਰਹੇ ਹਨ ਸਦਗੁਣੀ ਜੀਵਨ ਨਾਲ ਤਾਂ ਅੜੀਅਲ ਤੋਂ ਅੜੀਅਲ ਬੰਦਾ ਜਿਸ ਦਾ ਸੁਭਾਅ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਲੋਕ ਉਸ ਨੂੰ ਪੱਥਰ ਦਿਲ ਕਹਿਣ ਜਾਂ ਸਮਝਣ ਲੱਗ ਜਾਂਦੇ ਹਨ। ਉਸ ਤਰ੍ਹਾਂ ਦੇ ਲੋਕ ਵੀ ਸਦਗੁਣੀ ਜੀਵਨ ਜਿਊਣ ਨਾਲ ਰਸਤੇ ਉਪਰ ਆ ਜਾਂਦੇ ਹਨ। ਗੁਰਬਾਣੀ ਦੇ ਭਾਵਨਾਤਮਕ ਅਰਥ ਲੈਣ ਲਈ ਕਰਾਮਾਤੀ ਸੋਚ ਨੂੰ ਇਕ ਪਾਸੇ ਛਡਣਾ ਪਵੇਗਾ ਨਹੀਂ ਤਾਂ ਅਸੀਂ ਭਾਵਨਾਤਮਕ ਅਰਥਾਂ ਤੋਂ ਕੋਰੇ ਰਹਿ ਜਾਵਾਂਗੇ। ਗੁਰਬਾਣੀ ਦਾ ਤਾਂ ਉਪਦੇਸ਼ ਹੀ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਪਣੀ ਅਪਣੀ ਨਕਾਰਾਤਮਕਤਾ ਨੂੰ ਖ਼ਤਮ ਕਰ ਕੇ ਸਕਾਰਾਤਮਿਕਤਾ ਨੂੰ ਅਪਨਾਅ ਲਿਆ ਜਾਵੇ। ਭਗਤੀ ਕਰਨੀ, ਬੰਦਗੀ ਜਾਂ ਕਿਸੇ ਤਰ੍ਹਾਂ ਦਾ ਸਿਮਰਨ ਆਦਿ ਕਰਨ ਤੋਂ ਅਸਲੀ ਭਾਵ ਅਪਣੀ ਨਕਾਰਾਤਮਕਤਾ ਤੋਂ ਛੁਟਕਾਰਾ ਪਾਉਣਾ ਅਤੇ ਸਕਾਰਾਤਮਕਤਾ ਦੀ ਧਾਰਾ ਦਾ ਸ਼ੁਰੂ ਕਰਨਾ ਹੈ। ਸ਼ਬਦ ਦੇ ਅਖ਼ੀਰ ਵਿਚ ਗੁਰੂ ਜੀ ਨੇ ਇਹ ਕਹਿ ਕੇ ਮੋਹਰ ਲਾ ਦਿਤੀ ਕਿ “ਨਾਨਕ - ਤੇਰਾ ਦਾਸ’’ ਤੇਰੀ ਇਸ ਕਿਰਪਾਲਤਾ ਤੇ ਦਿਆਲਤਾ ਕਾਰਨ ਤੇਰੇ ਤੋਂ ਬਲਿਹਾਰੇ ਜਾਂਦਾ ਹੈ ਕਿਉਂਕਿ ਇਹ ਕਦੇ ਨਹੀਂ ਹੁੰਦਾ ਕਿ ਵਿਅਕਤੀ ਤੇਰੇ ਗੁਣਾਂ ਦੀ ਇਮਾਨਦਾਰੀ ਭਰੀ ਸੋਚ ਨਾਲ ਕਮਾਈ ਕਰੇ ਤੇ ਉਸ ਨੂੰ ਲੋੜੀਂਦਾ ਫ਼ਲ ਨਾ ਮਿਲੇ।
ਸੁਖਦੇਵ ਸਿੰਘ
ਮੋ. 94171 91916
70091 79107