
ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਤੱਕ ਸੰਤ ਪ੍ਰਿਤਪਾਲ ਸਿੰਘ ਦੀ ਦੇਖ ਰੇਖ ਹੇਠ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ
ਚੰਡੀਗੜ੍ਹ: ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੰਸਥਾਪਕ ਸੰਤ ਬਾਬਾ ਪ੍ਰਿਤਪਾਲ ਸਿੰਘ ਮੁਖੀ ਗੁਰਦੁਆਰਾ ਗੁਰਸਾਗਰ ਸਾਹਿਬ ਚੰਡੀਗੜ੍ਹ ਦੀ ਦੇਖ ਰੇਖ ਹੇਠ ਗੁਰਦਾਆਰਾ ਜੋਤਗੜ੍ਹ ਸਾਹਿਬ ਚਮਕੌਰ ਸਾਹਿਬ ਤੋ ਰਵਾਨਾ ਹੋ ਕੇ ਵਿਸ਼ਾਲ ਖਾਲਸਾ ਮਾਰਚ ਫਤਿਹਗੜ੍ਹ ਸਾਹਿਬ ਪਹੁੰਚਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਾਬਾ ਪ੍ਰਿਤਪਾਲ ਸਿੰਘ ਅਤੇ ਬਾਬਾ ਸਰੂਪ ਸਿੰਘ ਸੰਤਸਰ, ਬਾਬਾ ਗੁਰਮੇਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਚਮਕੌਰ ਸਾਹਿਬ ਦਾ ਇਤਿਹਾਸਕ ਮਹੱਤਵ ਸਮਝ ਕੇ ਇਸ ਨੂੰ ਜ਼ਿਲ੍ਹਾ ਐਲਾਨ ਕਰੇ। ਉਹਨਾਂ ਕਿਹਾ ਕਿ ਹੁਣ ਜਦੋਂ ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਤਾਂ ਉਹਨਾ ਨੂੰ ਇਹ ਅਹਿਮ ਕਦਮ ਆਪਣੇ ਇਸ ਕਾਰਜਕਾਲ ਦੌਰਾਨ ਪੂਰਾ ਕਰ ਦੇਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚਮਕੌਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਨਾਲ ਸ਼ਹਿਰ ਅਤੇ ਇਲਾਕੇ ਦਾ ਭਾਰੀ ਫਾਇਦਾ ਤੇ ਤਰੱਕੀ ਹੋਵੇਗੀ।
Nagar Kirtan
ਇਸ ਸ਼ਹੀਦੀ ਨਗਰ ਕੀਰਤਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ, ਸ਼੍ਰੋਮਣੀ ਯੂਥ ਅਕਾਲੀ ਦਲ ਨੇ ਆਪਣੇ ਸਾਥੀਆਂ ਸਮੇਤ ਪੂਰਾ ਸਮਾਂ ਪਾਲਕੀ ਸਾਹਿਬ ਦੇ ਨਾਲ ਰਹਿ ਕੇ ਹਾਜ਼ਰੀ ਲਗਵਾਈ । ਗੁਰਦਾਆਰਾ ਕਤਲਗੜ੍ਹ ਸਾਹਿਬ ਅਤੇ ਚਮਕੌਰ ਦੀ ਗੜੀ ਦੇ ਦਰਸ਼ਨ ਕਰਨ ਸਮੇ ਮੈਨੇਜਰ ਸਾਹਿਬ ਅਤੇ ਹੋਰ ਪ੍ਰਬੰਧਕਾਂ ਨੇ ਪੰਜ ਪਿਆਰਿਆਂ ਅਤੇ ਸੰਤ ਮਹਾਂਪੁਰਸ਼ਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਭਾਈ ਤੇਜਸਵਰ ਪ੍ਰਤਾਪ ਸਿੰਘ ਬੀਬਾ ਚਰਨਕੰਵਲ ਕੌਰ , ਬਾਬਾ ਸੇਵਾ ਸਿੰਘ, ਬਾਬਾ ਜਗਰੂਪ ਸਿੰਘ ਬਰਨਾਲਾ , ਜਸਬੀਰ ਸਿੰਘ ਬੇਦੀ, ਚਰਨਜੀਤ ਸਿੰਘ ਸਮਰਾਲਾ ਵੀ ਹਾਜ਼ਰ ਸਨ।
Nagar Kirtan
ਇਸ ਸਮੇਂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਅੱਜ ਤੋ 317 ਸਾਲ ਪਹਿਲਾਂ ਮੁਗਲ ਫੌਜ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਮਕੌਰ ਗੜੀ ਤੋਂ ਅਨੌਖੀ ਜੰਗ ਲੜੀ ਗਈ ਜਿਸ ਵਿਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਕਈ ਪਿਆਰੇ ਗੁਰੂ ਦੇ ਲਾਡਲੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਉਧਰ ਸੂਬਾ ਸਰਹਿੰਦ ਨੇ ਬਹੁਤ ਵੱਡਾ ਜੁਲਮ ਕਰਦਿਆ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਸਰਹਿੰਦ ਦੀਆਂ ਨੀਹਾਂ ਵਿੱਚ ਜਿਉਂਦੇ ਜੀਅ ਚਿਣ ਦਿੱਤਾ ਸੀ ਅਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਵਿਚ ਸ਼ਹੀਦ ਕਰ ਦਿੱਤਾ ਸੀ।
Karnail Singh Peer Mohammad
ਤਿੰਨ ਸਦੀਆਂ ਬੀਤ ਜਾਣ ਤੋ ਬਾਅਦ ਵੀ ਖਾਲਸਾ ਪੰਥ ਲੱਖਾਂ ਦੀ ਤਦਾਦ ਵਿਚ ਸ਼ਹੀਦਾ ਨੂੰ ਨਤਮਸਤਕ ਹੋ ਰਿਹਾ ਹੈ। ਉਹਨਾ ਖਾਲਸਾ ਪੰਥ ਦੀ ਏਕਤਾ ’ਤੇ ਜ਼ੋਰ ਦਿੰਦਿਆ ਕਿਹਾ ਕਿ ਖਾਲਸਾ ਪੰਥ ਹਰ ਮੈਦਾਨ ਤਾਂ ਹੀ ਫਤਿਹ ਕਰੇਗਾ ਜੇਕਰ ਅਸੀਂ ਸਾਰੇ ਖਾਲਸਾਈ ਨਿਸ਼ਾਨ ਹੇਠ ਇਕਜੁੱਟ ਹੋਵਾਗੇ । ਸਮੂਹ ਸੰਗਤਾਂ ਨੇ ਜੇਲਾਂ ਵਿਚ ਨਜ਼ਰਬੰਦ ਸਮੂਹ ਬੰਦੀ ਸਿੰਘਾ ਦੀ ਰਿਹਾਈ ਲਈ ਅਰਦਾਸ ਕੀਤੀ ।