
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਪੰਜਾਬ ਦੀ ਰਾਜਨੀਤੀ ਵਿਚੋਂ ਪੰਜਾਬ ਅਤੇ ਪੰਥ ਦੇ ਹਿਤਾਂ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਹੈ
Sher-e-Punjab Dal (ਸੁਰਜੀਤ ਸਿੰਘ ਸੱਤੀ) : ਨਾਮਵਰ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰ ਕੇ ਰਾਜਨੀਤਕ ਪਾਰਟੀ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਪੰਜਾਬ ਦੀ ਰਾਜਨੀਤੀ ਵਿਚੋਂ ਪੰਜਾਬ ਅਤੇ ਪੰਥ ਦੇ ਹਿਤਾਂ ਨੂੰ ਲਗਾਤਾਰ ਅੱਖੋਂ ਪਰੋਖੇ ਕੀਤਾ ਹੈ ਤੇ ਸਾਰਿਆਂ ਨੇ ਰਾਜਸੀ ਲਾਹਾ ਖੱਟਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਪਣੀ ਖੇਤਰੀ ਪਾਰਟੀ ਦੀ ਲੋੜ ਸੀ ਜਿਸ ਕਰ ਕੇ ਇਹ ਆਵਾਜ਼ ਬੁਲੰਦ ਕਰਨੀ ਸਮੇਂ ਦੀ ਮੁੱਖ ਲੋੜ ਸੀ। ਜੋ ਆਵਾਜ਼ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਦਿਆਂ ਪੰਜਾਬ ਦਾ ਸੂਰਜ ਅਸਤ ਹੋਣ ਤੋਂ ਬਾਅਦ ਕਦੇ ਨਹੀ ਹੋਈ।
ਉਸ ਆਵਾਜ਼ ਦੀ ਬੁਲੰਦੀ ਵਾਸਤੇ ਪੰਜਾਬ ਪ੍ਰਸਤ ਲੋਕਾਂ ਦੇ ਆਏ ਸੁਝਾਵਾਂ ਅਨੁਸਾਰ ਹੀ ਪਾਰਟੀ ਬਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ, ਬੇਰੁਜ਼ਗਾਰੀ, ਕਰਜ਼ਾ ਮੁਕਤੀ, ਪੰਜਾਬ ਦੇ ਪਾਣੀ, ਸਿਹਤ, ਸਿਖਿਆ, ਕਿਸਾਨੀ, ਉਦਯੋਗ, ਰੁਜ਼ਗਾਰ, ਸੁਰੱਖਿਆ, ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਬਿਨਾਂ ਸ਼ਰਤ ਤੁਰਤ ਰਿਹਾਈ, ਪੱਤਰਕਾਰਾਂ, ਬੁੱਧੀਜੀਵੀਆਂ, ਕਿਸਾਨਾ ਵਿਰੁਧ ਨਾਜਾਇਜ਼ ਧਰਾਵਾਂ ਖ਼ਤਮ ਕਰਨ, ਰਿਹਾਈ ਕਰਨ ਆਦਿ ਦੇ ਨਾਲ-ਨਾਲ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਐਸਜੀਪੀਸੀ ਨੂੰ ਸੱਭ ਗੁਟਾਂ ਤੋਂ ਆਜ਼ਾਦ ਕਰਵਾ ਕੇ ਨਿਰੋਲ ਧਾਰਮਕ ਕਦਰਾਂ ਕੀਮਤਾਂ ਦੀ ਮੁੜ ਬਹਾਲੀ, ਬੇਅਦਬੀ ਕਾਂਡ, 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਖ਼ਾਲਸ ਧਰਮ ਨਿਰਪੱਖ, ਲੋਕਸ਼ਾਹੀ ਸਰਕਾਰ ਵਜੋਂ ਸਥਾਪਤ ਕਰਨਾ ਨਵੀਂ ਪਾਰਟੀ ਦੇ ਮੁੱਖ ਮੁੱਦੇ ਹੋਣਗੇ। ਉਨ੍ਹਾਂ ਨਾਲ ਇਸ ਮੌਕੇ ਹੋਰ ਸਮਰਥਕ ਵੀ ਮੌਜੂਦ ਸਨ।