
ਬੇਦੋਸ਼ੇ ਸਿੱਖਾਂ ਨੂੰ ਮਾਰਨ ਵਾਲਿਆਂ ਲਈ ਸਮਾਜ 'ਚ ਥਾਂ ਨਹੀਂ : ਹਰਨਾਮ ਸਿੰਘ ਖ਼ਾਲਸਾ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਗਿ:ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਹਾਈ ਕੋਰਟ ਵਲੋਂ ਨਵੰਬਰ '84 ਦੇ ਸਿਖ ਨਸਲਕੁਸ਼ੀ ਨਾਲ ਸਬੰਧਤ 88 ਦੋਸ਼ੀਆਂ ਨੂੰ ਸੁਣਾਈ ਗਈ 5-5 ਸਾਲ ਦੀ ਸਜ਼ਾ ਬਰਕਰਾਰ ਰਖਣ ਦੇ ਫ਼ੈਸਲੇ 'ਤੇ ਟਿਪਣੀ ਕਰਦਿਆਂ ਮੰਗ ਕੀਤੀ ਕਿ ਮਨੁੱਖਤਾ ਦਾ ਘਾਣ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦੇਣੀ ਬਣਦੀ ਸੀ। ਹਾਲ ਹੀ 'ਚ ਦਿੱਲੀ ਦੀ ਇਕ ਕੋਰਟ ਵਲੋਂ ਸਿੱਖਾਂ ਦੇ ਕਤਲ ਲਈ ਸੁਣਾਈ ਗਈ ਮੌਤ ਦੀ ਸਜ਼ਾ ਅਤੇ ਇਕ ਨੂੰ ਉਮਰ ਕੈਦ ਦੇ ਫ਼ੈਸਲਿਆਂ ਨਾਲ ਸਿੱਖਾਂ ਨੂੰ ਇਨਸਾਫ਼ ਦੀ ਕੁੱਝ ਆਸ ਬੱਝੀ ਹੈ। '84 ਦੀ ਸਿੱਖ ਨਸਲਕੁਸ਼ੀ ਭਾਰਤੀ ਨਿਜ਼ਾਮ ਅਤੇ ਕਾਂਗਰਸ ਪਾਰਟੀ ਦੇ ਮੱਥੇ ਕਲੰਕ ਹੈ।
ਇਹ ਦਾਗ਼ ਸਿੱਖ ਕੌਮ ਨੂੰ ਇਨਸਾਫ਼ ਦਿਤੇ ਬਿਨਾਂ ਧੋਤਾ ਨਹੀਂ ਜਾ ਸਕਦਾ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੋਸ਼ੀਆਂ ਦੇ ਚਿਹਰੇ ਬੇਨਕਾਬ ਕਰਨ ਦੀ ਥਾਂ ਉਨ੍ਹਾਂ ਨੂੰ ਪਨਾਹ ਦੇਣ ਲਈ ਆੜੇ ਹੱਥੀਂ ਲਿਆ। ਰਾਹੁਲ ਨੂੰ ਭਲੀ-ਭਾਂਤ ਪਤਾ ਹੈ ਕਿ ਦੋਸ਼ੀ ਕੌਣ-ਕੌਣ ਹਨ। ਉਹ ਇਕ ਨਿਜੀ ਟੀ ਵੀ ਚੈਨਲ 'ਤੇ ਇਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁਕਿਆ ਹੈ ਕਿ ਉਕਤ ਕਤਲੇਆਮ 'ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਕਾਂਗਰਸ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿਤਾ।
ਜਾਂਚ ਦੌਰਾਨ ਅਤੇ ਜਾਂਚ ਕਮਿਸ਼ਨਾਂ ਵਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਿਵਾਉਣ ਦੀ ਥਾਂ ਕਾਂਗਰਸ ਅਤੇ ਗਾਂਧੀ ਪਰਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ। ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਸਮੇਤ ਤਮਾਮ ਦੋਸ਼ੀਆਂ ਨੂੰ ਵੱਡੇ ਸਰਕਾਰੀ ਅਤੇ ਪਾਰਟੀ ਅਹੁਦਿਆਂ ਨਾਲ ਨਿਵਾਜਿਆ। ਉਨ੍ਹਾਂ ਕਾਂਗਰਸ ਦੀ ਸੱਤਾ ਦੌਰਾਨ ਦੋਸ਼ੀਆਂ ਪ੍ਰਤੀ ਕਲੀਨ ਚਿਟ ਦਿਵਾਉਣ ਲਈ ਸੀ.ਬੀ.ਆਈ. 'ਤੇ ਦਬਾਅ ਪਾਉਣ ਦਾ ਦੋਸ਼ ਵੀ ਲਾਇਆ ਹੈ।
ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖੇ ਜਾਣ 'ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧਨਵਾਦ ਕੀਤਾ ਅਤੇ ਸਿੱਖ ਕੌਮ ਨੂੰ ਵਧਾਈ ਦਿਤੀ। ਕਰਤਾਰਪੁਰ ਲਾਂਘੇ ਦਾ ਭਾਰਤ ਵਲੋਂ ਨੀਂਹ ਪੱਥਰ ਰੱਖਣ ਪ੍ਰਤੀ ਸਮਾਗਮ ਦੌਰਾਨ ਸ਼ਰਧਾ ਦੀ ਥਾਂ ਕੁੱਝ ਸਿਆਸੀ ਆਗੂਆਂ ਵਲੋਂ ਸਿਆਸੀਕਰਨ ਕਰਨ ਨੂੰ ਮੰਦਭਾਗਾ ਕਰਾਰ ਦਿਤਾ।