
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਜਾਅਲੀ ਵਟਸਐਪ ਖ਼ਬਰ 'ਤੇ ਗੁਲਬਰਗਾ ਵਿੱਚ ਇਕ ਸਿੱਖ ਵਿਅਕਤੀ 'ਤੇ ਕਥਿਤ ਹਮਲਾ ਕਰਨ ਵਿਚ...
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਜਾਅਲੀ ਵਟਸਐਪ ਖ਼ਬਰ 'ਤੇ ਗੁਲਬਰਗਾ ਵਿੱਚ ਇਕ ਸਿੱਖ ਵਿਅਕਤੀ 'ਤੇ ਕਥਿਤ ਹਮਲਾ ਕਰਨ ਵਿਚ ਸ਼ਾਮਲ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਅਤੇ ਇਸ ਮਾਮਲੇ ਦੀ ਡੂੰਘਾਈ ਵਿਚ ਜਾਂਚ ਨੂੰ ਯਕੀਨੀ ਬਨਾਉਣ ਵਾਸਤੇ ਕਰਨਾਟਕ ਦੇ ਹਮਰੁਤਬਾ ਨੂੰ ਅਪੀਲ ਕੀਤੀ ਹੈ।
ਇਸ ਘਟਨਾ 'ਤੇ ਗੰਭੀਰ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਟਵੀਟ ਵਿਚ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੂੰ ਕਿਹਾ ਹੈ ਕਿ ਉਹ ਆਈ ਪੀ ਸੀ ਦੀਆਂ ਸਖ਼ਤ ਵਿਵਸਥਾਵਾਂ ਹੇਠ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦੇਣ ਅਤੇ ਇਸ ਘਟਨਾ ਦੀ ਵਿਸਤ੍ਰਿਤ ਘੋਖ ਕਰਵਾਉਣ।
ਮੁੱਖ ਮੰਤਰੀ ਨੇ ਲਿਖਿਆ ਹੈ ਕਿ ਝੂਠੀ ਵਟਸਐਪ ਖ਼ਬਰ ਤੋਂ ਬਾਅਦ ਬੱਚਿਆਂ ਨੂੰ ਚੁਕੇ ਜਾਣ ਦੇ ਸ਼ੱਕ ਵਿਚ ਗੁਲਬਰਗਾ ਵਿਖੇ ਲੋਕਾਂ ਦੀ ਭੀੜ ਵਲੋਂ ਇਕ ਸਿੱਖ 'ਤੇ ਹਮਲਾ ਕੀਤਾ ਗਿਆ ਹੈ। ਇਸ ਕਰ ਕੇ ਮੈ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਅਤੇ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਧਾਰਮਕ ਅਧਿਕਾਰਾਂ ਦੀ ਰੱਖਿਆ ਕਰਨ ਨੂੰ ਯਕੀਨੀ ਬਣਾਉ।
ਬਾਅਦ ਵਿਚ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਇਸ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕੁਮਾਰਸਵਾਮੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਅਤੇ ਸਿੱਖਾ ਦੇ ਧਾਰਮਕ ਅਧਿਕਾਰਾਂ ਬਾਰੇ ਸਥਾਨਕ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁਕਣ।
ਮੁੱਖ ਮੰਤਰੀ ਨੇ ਝੂਠੀ ਵਟਸਐਪ ਖਬਰ ਫੈਲਾਉਣ ਵਾਲਿਆਂ ਦੀ ਸ਼ਨਾਖ਼ਤ ਕਰਨ ਅਤੇ ਉਨ੍ਹਾਂ ਦੇ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਵੀ ਕੁਮਾਰਸਵਾਮੀ ਨੂੰ ਅਪੀਲ ਕੀਤੀ ਹੈ।
ਕੁੱਝ ਸੂਬਿਆਂ ਵਿਚ ਲੋਕਾਂ ਵਲੋਂ ਇਹ ਖ਼ਬਰ ਵਟਸਐਪ 'ਤੇ ਫੈਲਾਈ ਗਈ ਕਿ ਬੱਚੇ ਚੁੱਕਣ ਵਾਲੇ ਘੁੰਮ ਰਹੇ ਹਨ ਅਤੇ ਉਹ ਬੱਚਿਆਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦੇ ਅੰਗ ਕੱਢ ਲੈਂਦੇ ਹਨ। ਜਦਂੋ ਇਹ ਖ਼ਬਰ ਕਰਨਾਟਕ ਵਿੱਚ ਆਈ ਤਾਂ ਲੋਕਾਂ ਦੀ ਭੀੜ ਨੇ ਸ਼ੱਕ ਕਰ ਕੇ ਅਵਤਾਰ ਸਿੰਘ ਨਾਂ ਦੇ ਵਿਅਕਤੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿਤਾ। ਇਸ ਭੀੜ ਨੇ ਉਸ ਦੀ 'ਕਿਰਪਾਨ ਨੂੰ ਹਥਿਆਰ ਸਮਝਿਆ ਜੋ ਕਿ ਇਸ ਕਕਾਰ ਦੀ ਧਾਰਮਕ ਮਹਾਨਤਾ ਤੋਂ ਅਣਜਾਣ ਸਨ।