
ਅਕਾਲੀਆਂ ਨੇ ਬਿਆਨਬਾਜ਼ੀ ਕਰ ਕੇ ਵੋਟਾਂ ਤਾਂ ਲੈ ਲਈਆਂ ਪਰ ਬਾਂਹ ਨਾ ਫੜੀ
ਕੋਟਕਪੂਰਾ : ਦੇਸ਼ ਭਰ ਦੇ ਪਵਿੱਤਰ ਗੁਰਦਵਾਰਿਆਂ ਦੀ ਬੇਹੁਰਮਤੀ ਨਾ ਸਹਾਰਦਿਆਂ ਫ਼ੌਜ 'ਚ ਨੌਕਰੀ ਕਰ ਰਹੇ ਸਿੱਖ ਫ਼ੌਜੀਆਂ ਨੇ ਬੈਰਕਾਂ ਛੱਡ ਕੇ ਬਗ਼ਾਵਤ ਕਰ ਦਿਤੀ, ਪ੍ਰਕਾਸ਼ ਸਿੰਘ ਬਾਦਲ ਨੇ ਬੀਬੀਸੀ ਲੰਦਨ ਰੇਡੀਉ ਰਾਹੀਂ ਉਕਤ ਧਰਮੀਆਂ ਫ਼ੌਜੀਆਂ ਦੀ ਪ੍ਰਸ਼ੰਸਾ ਕਰਦਿਆਂ ਬਾਕੀ ਸਿੱਖ ਫ਼ੌਜੀਆਂ ਨੂੰ ਵੀ ਬੈਰਕਾਂ ਛੱਡਣ ਦੀ ਅਪੀਲ ਕੀਤੀ, ਜੇਕਰ ਉਸ ਸਮੇਂ ਫ਼ੌਜੀ ਅਫ਼ਸਰਾਂ ਅਤੇ ਹਕੂਮਤ ਦਾ ਅਪਣੇ ਪਿੰਡੇ 'ਤੇ ਹੰਢਾਇਆ ਜ਼ੁਲਮ ਬਿਆਨ ਕਰਨਾ ਹੋਵੇ ਤਾਂ ਅੱਜ 35 ਸਾਲਾਂ ਬਾਅਦ ਵੀ ਉਹ ਘਟਨਾ ਤਾਜ਼ੀ ਹੋ ਜਾਂਦੀ ਹੈ।
Pic-1
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ, ਜਸਵੀਰ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਸੁਰੈਣ ਸਿੰਘ ਜ਼ਿਲ੍ਹਾ ਜਥੇਦਾਰ ਬਠਿੰਡਾ ਨੇ ਆਖਿਆ ਕਿ 'ਰੋਜ਼ਾਨਾ ਸਪੋਕਸਮੈਨ' ਨੇ ਮਾਸਿਕ ਰਸਾਲੇ 'ਚ ਅਤੇ ਰੋਜ਼ਾਨਾ ਅਖ਼ਬਾਰ 'ਚ ਸਾਡੇ ਦੁਖੜੇ ਵਿਸਥਾਰ ਸਹਿਤ ਬਿਆਨ ਕੀਤੇ ਕਿ ਕਿਸ ਤਰ੍ਹਾਂ ਸਮੇਂ ਦੀ ਹਕੂਮਤ ਨੇ ਧਰਮੀ ਫ਼ੌਜੀਆਂ ਨੂੰ ਨਾ ਮਰਨ ਦਿਤਾ ਅਤੇ ਨਾ ਹੀ ਜਿਉਂਦਿਆਂ ਜੋਗਾ ਛਡਿਆ ਕਿਉਂਕਿ ਜੇਕਰ ਹੋਰਨਾਂ ਫ਼ੌਜੀਆਂ ਦੀ ਤਰ੍ਹਾਂ ਸਿੱਖ ਫ਼ੌਜੀ ਵੀ ਡਿਊਟੀ ਤੋਂ ਸੇਵਾਮੁਕਤ ਹੋ ਕੇ ਆਉਂਦੇ ਤਾਂ ਅੱਜ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਾ ਹੱਕ ਮਿਲ ਜਾਣਾ ਸੀ ਅਤੇ ਆਰਥਕ ਪੱਖੋਂ ਵੀ ਮਜ਼ਬੂਤ ਹੋਣਾ ਸੁਭਾਵਕ ਸੀ।
1984 Darbar Sahib
ਉਨ੍ਹਾਂ ਕਿਹਾ ਕਿ ਅੱਜ ਧਰਮੀ ਫ਼ੌਜੀ ਬੇਵੱਸੀ, ਲਾਚਾਰੀ, ਮੁਥਾਜੀ ਅਤੇ ਗੁਰਬਤ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਪਰ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ 5 ਵਾਰ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਮੁਆਵਜ਼ਾ ਜਾਂ ਪੈਨਸ਼ਨ ਦੇਣ ਤਕ ਦੀ ਜ਼ਰੂਰਤ ਹੀ ਨਾ ਸਮਝੀ ਗਈ। ਅਕਾਲੀ ਵਾਰ ਵਾਰ ਧਰਮੀ ਫ਼ੌਜੀਆਂ ਲਈ ਬਿਆਨਬਾਜ਼ੀ ਤਾਂ ਕਰਦੇ ਰਹੇ ਪਰ ਦਿਤਾ ਕੁੱਝ ਵੀ ਨਹੀਂ ਤੇ ਹੁਣ ਵੀ ਮੀਡੀਆ ਵਿਚ ਕਈ ਅਕਾਲੀ ਆਗੂ ਸ਼ੋਸ਼ੇ ਛੱਡ ਰਹੇ ਹਨ।