
''ਉੱਚਾ ਦਰ ਬਾਬੇ ਨਾਨਕ ਦਾ” ਦੀ ਮਿਥੇ ਸਮੇਂ ਵਿਚ ਸੰਪੂਰਨਤਾ ਕਰ ਕੇ ਲੋੜਵੰਦ ਵਿਅਕਤੀਆਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਗੁਰੂ ਦੀ ਗੋਲਕ-ਗ਼ਰੀਬ ਦਾ ਮੂੰਹ ਨੂੰ ....
ਸ੍ਰੀ ਮੁਕਤਸਰ ਸਾਹਿਬ ,''ਉੱਚਾ ਦਰ ਬਾਬੇ ਨਾਨਕ ਦਾ” ਦੀ ਮਿਥੇ ਸਮੇਂ ਵਿਚ ਸੰਪੂਰਨਤਾ ਕਰ ਕੇ ਲੋੜਵੰਦ ਵਿਅਕਤੀਆਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਗੁਰੂ ਦੀ ਗੋਲਕ-ਗ਼ਰੀਬ ਦਾ ਮੂੰਹ ਨੂੰ ਸਾਰਥਕ ਰੂਪ ਦੇਣ ਲਈ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਇਕ ਨਿਜੀ ਫੇਰੀ ਦੌਰਾਨ ਮੁਕਤਸਰ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਸ਼ਹਿਰ ਵਿਚ ਇਕਬਾਲ ਸਿੰਘ ਇੰਸਪੈਕਟਰ ਰੋਡਵੇਜ਼ ਦੇ ਗ੍ਰਹਿ ਵਿਖੇ ''ਉੱਚਾ ਦਰ ਬਾਬੇ ਨਾਨਕ ਦਾ” ਦੀ ਗਵਰਨਿੰਗ ਕੌਂਸਲ ਦੇ ਮੈਂਬਰ ਕਸ਼ਮੀਰ ਸਿੰਘ ਦੀ ਅਗਵਾਈ ਵਿਚ ਮੁੱਖ ਸਰਪ੍ਰਸਤ, ਸਰਪ੍ਰਸਤ ਅਤੇ ਲਾਈਫ਼ ਮੈਂਬਰਾਂ ਤੋਂ ਇਲਾਵਾ ਪੰਥਕ ਦਰਦੀਆਂ ਨਾਲ ਵਿਸੇਸ਼ ਵਿਚਾਰਾਂ ਕੀਤੀਆਂ।
ਸ. ਜੋਗਿੰਦਰ ਸਿੰਘ ਨੇ ਕਿਹਾ ਕਿ ''ਉੱਚਾ ਦਰ ਬਾਬੇ ਨਾਨਕ ਦਾ” ਨੂੰ ਮੁਕੰਮਲ ਕਰਨ ਵਾਸਤੇ ਸਾਨੂੰ ਸਭ ਨੂੰ ਸਾਂਝੀਆਂ ਅਤੇ ਨਿਜੀ ਕੋਸ਼ਿਸ਼ਾਂ ਕਰ ਕੇ ਆਖ਼ਰੀ ਹੰਭਲਾ ਮਾਰਨ ਵਿਚ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਪਹਿਲਾਂ ਹੀ ਉੱਚਾ ਦਰ ਦਾ ਖਰਚਾ 80 ਕਰੋੜ ਤੋਂ ਵਧ ਕੇ 100 ਕਰੋੜ 'ਤੇ ਜਾ ਚੁੱਕਾ ਹੈ। ਮਨੁੱਖਤਾ ਨੂੰ ਸਮਰਪਤ ਇਸ ਅਦਭੁੱਤ ਅਦਾਰੇ ਦੀ ਉਸਾਰੀ ਤੇ ਹੁਣ ਤਕ ਰੋਜ਼ਾਨਾ ਸਪੋਕਸਮੈਨ ਦੇ ਪ੍ਰਬੰਧਕਾਂ, ਮੈਂਬਰਾਂ ਅਤੇ ਪਾਠਕਾਂ ਵਲੋਂ ਤਕਰੀਬਨ 80 ਕਰੋੜ ਰੁਪਏ ਖਰਚੇ ਕੀਤੇ ਜਾ ਚੁੱਕੇ ਹਨ।
ਹੁਣ ਬਾਕੀ ਰਹਿੰਦੇ ਲੋੜੀਂਦੇ ਜਰੂਰੀ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ 10 ਕਰੋੜ ਰੁਪਏ ਦਾ ਯੋਗਦਾਨ ਪਹਿਲਾਂ ਦੀ ਤਰ੍ਹਾਂ ਸਰਗਰਮ ਇਕਾਈਆਂ ਨੂੰ ਅਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਸਿਰ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਅਪਣੇ ਨਿਜੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਤਰਾਸਦੀ ਹੈ ਕਿ ਕੌਮੀ ਕਾਰਜਾਂ ਵਾਸਤੇ ਕਦੇ ਵੀ ਅਮੀਰ ਸਿੱਖਾਂ ਨੇ ਲੋੜੀਦਾ ਯੋਗਦਾਨ ਨਹੀਂ ਪਾਇਆ, ਪਰ ਗਰੀਬ ਤੇ ਆਮ ਸਿੱਖਾਂ ਦਾ ਹਿੱਸਾ ਜ਼ਰੂਰ ਜ਼ਿਕਰਯੋਗ ਰਿਹਾ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਇਸ ਦਾ ਤਜਰਬਾ ਮੈਂ ਦੇਸ਼-ਵਿਦੇਸ਼ ਵਿੱਚ ਵਸਦੇ ਧਨਾਢ ਸਿੱਖਾਂ ਨੂੰ ਮਿਲ ਕੇ ਕਰ ਚੁੱਕਾ ਹਾਂ। ਇਸ ਲਈ ਬਾਕੀ ਰਹਿੰਦੇ ਕਾਰਜਾਂ ਦਾ ਜ਼ਿੰਮਾ ਸਪੋਕਸਮੈਨ ਦੇ ਪਾਠਕਾਂ ਨੁੰ ਦਸ-ਦਸ ਹਜ਼ਾਰ ਰੁਪਏ ਅਤੇ ਉੱਚਾ ਦਰ ਦੇ ਮੈਂਬਰਾਂ ਨੂੰ ਇਕ-ਇਕ ਹੋਰ ਮੈਂਬਰ ਬਣਾ ਕੇ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸ. ਕਸ਼ਮੀਰ ਸਿੰਘ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਗਾਈ ਕਿ ਉਹ ਮੁਕਤਸਰ ਖੇਤਰ ਵਿਚੋਂ 200 ਨਵੇਂ ਮੈਂਬਰ ਬਣਾ ਕੇ ਜ਼ਰੂਰ ਦੇਣਗੇ। ਸ. ਕਸ਼ਮੀਰ ਸਿੰਘ ਤੇ ਹੋਰਨਾਂ ਨੇ ਟੀਚਾ ਸਰ ਕਰਨ ਲਈ ਯਤਨ ਤੇਜ਼ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਹਾਜ਼ਰ ਮਨਿੰਦਰ ਸਿੰਘ ਛਾਬੜਾ '' ਕੂਲਰਾਂ ਵਾਲੇ” ਨੇ 25 ਹਜਾਰ ਰੁਪਏ ਨਗਦ ਅਤੇ ਹਰ ਮਹੀਨੇ ਪੰਜ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਥਾਨਕ ਆੜ੍ਹਤੀਏ ਮਨਜਿੰਦਰ ਸਿੰਘ ਕਾਕਾ ਉੜਾਂਗ ਅਤੇ ਮਾਰਕਿਟ ਕਮੇਟੀ ਦੇ ਰਿਟਾ. ਸਕੱਤਰ ਗੁਰਚਰਨ ਸਿੰਘ ਸਰਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਸਾਰੀ ਉਮਰ ਲੋੜਵੰਦਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਲੇ ਇਸ ਅਦਾਰੇ ਨੂੰ ਮੁਕੰਮਲ ਕਰਨ ਲਈ ਦਿਲ ਖੋਲ੍ਹ ਕੇ ਯੋਗਦਾਨ ਪਾਉਣ ਦਾ ਵਿਸ਼ਵਾਸ ਦਵਾਇਆ।
ਮਨਿੰਦਰ ਸਿੰਘ ਮਹਿੰਦੀ ਮੈਂਬਰ ਨਗਰ ਕੌਂਸਲ ਨੇ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ 17 ਜੂਨ ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਵੱਡਾ ਯੋਗਦਾਨ ਪਾਵਾਂਗਾ। ਇਸ ਮੌਕੇ ਜਸਵਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ ਸੈਕਟਰੀ ਰੋਡਵੇਜ਼, ਸੰਜੀਵ ਕੁਮਾਰ ਸੰਜੂ, ਗੁਰਦੇਵ ਸਿੰਘ ਅਤੇ ਰਣਜੀਤ ਸਿੰਘ ਆਦਿ ਨੇ ਵੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਨਿਸਚਾ ਦੁਹਰਾਇਆ।