
ਪੰਜਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 1 ਸਤੰਬਰ 1581....
ਚੰਡੀਗੜ੍ਹ: ਪੰਜਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 1 ਸਤੰਬਰ 1581, ਭਾਦੋਂ ਸੁਦੀ 3, 1638 ਨੂੰ ਗੁਰਗੱਦੀ ਮਿਲਣ ਉਪਰੰਤ ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਹੁਤ ਬੁਰਾ ਮਨਾਇਆ। ਪ੍ਰਿਥੀ ਚੰਦ ਨੇ ਬਾਬਾ ਬੁੱਢਾ ਜੀ ਅਤੇ ਪਿਤਾ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਬੋਲ ਕੁਬੋਲ ਕਹੇ। ਸ੍ਰੀ ਗੁਰੂ ਰਾਮਦਾਸ ਜੀ ਦੇ ਸਮਝਾਉਣ ਤੇ ਵੀ ਪ੍ਰਿਥੀ ਚੰਦ ਨਹੀ ਸਮਝਿਆ। ਪ੍ਰਿਥੀ ਚੰਦ ਗੁਰੂ ਘਰ ਦੇ ਨਿੰਦਕਾਂ ਦੀ ਚੁੱਕਣਾ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਗਿਆ। ਛਲ ਕਪਟ ਨਾਲ ਇਕੱਠੀ ਕੀਤੀ ਹੋਈ ਮਾਇਆ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਸੀ।
Guru Arjan Dev Ji
ਗੁਰੂ ਰਾਮਦਾਸ ਜੀ ਨੇ ਕਿਹਾ ਕਿ ‘ਤੂੰ ਮੀਣਾ ਹੈ, ਸਾਡੇ ਸਿੱਖ ਤੇਰੇ ਨਾਲ ਸਾਂਝ ਨਹੀ ਰੱਖਣਗੇ। ਸਾਡੀਆਂ ਨਜ਼ਰਾਂ ਤੋਂ ਦੂਰ ਹੋ ਜਾ।’ ਗੁਰੂ ਰਾਮਦਾਸ ਜੀ ਦੇ 1/09/1581 ਨੂੰ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੇ ਸਰੋਵਰਾਂ ਅਤੇ ਸ੍ਰੀ ਹਰਿਮੰਦਰ ਸਾਹਬ ਦੀ ਸੇਵਾ ਕਰਾਈ। ਜਿਸਦੀ ਨੀਂਹ ਸਾਂਈ ਮੀਆਂ ਮੀਰ ਜੀ ਨੇ ਆਪਣੇ ਕਰ ਕਮਲਾਂ ਨਾਲ 14 ਜਨਵਰੀ 1588 ਈ: ਵਿੱਚ ਰੱਖੀ। ਗੁਰੂ ਰਾਮਦਾਸ ਜੀ ਹੁਕਮ ਕਰ ਗਏ ਸਨ ਕਿ ਸਰੋਵਰ ਦੇ ਚੋਵੀਂ ਪਾਸੀਂ ਪੋੜੀਆਂ ਬਣਾ ਕੇ ਵਿਚਕਾਰ ਹਰਿਮੰਦਰ ਉਸਾਰਨਾ ਹੈ।
ਚਹੁ ਦਿਸ ਤੇ ਸੋਧਾਨਿ ਬਨਾਵਹੁ।।
ਹਰਿਮੰਦਰ ਸੁੰਦਰ ਉਸਰਾਵਹੁ।।
ਤਾਲ ਬਿਖੈ ਸੋਭਾ ਹੋਇ ਐਸਾ।।
ਹਰਿ ਧਿਆਨ ਥਿਤ ਨਿਭ ਮਹਿ ਜੈਸੇ।।
ਪ੍ਰਿਥੀ ਚੰਦ ਵੱਲੋਂ ਸੰਗਤ ਦੁਆਰਾ ਭੇਜੀ ਜਾਂਦੀ ਸਾਰੀ ਭੇਟਾ ਰਸਤੇ ਵਿੱਚ ਹੀ ਕਾਬੂ ਕਰ ਲਈ ਜਾਂਦੀ ਸੀ ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਵੇਲੇ ਵੀ ਪ੍ਰਿਥੀ ਚੰਦ ਹੀ ਸਾਰੀ ਭੇਟਾ ਦਾ ਹਿਸਾਬ ਰੱਖਦਾ ਸੀ। ਸੰਗਤ ਅਨਜਾਣ ਸੀ ਇਸ ਲਈ ਇਸ ਦੇ ਬਹਿਕਾਵੇ ਵਿੱਚ ਆ ਕੇ ਸਾਰੀ ਭੇਟਾ ਇਸ ਦੇ ਹਵਾਲੇ ਕਰ ਜਾਂਦੀ ਸੀ। ਪੂਰੀ ਭੇਟਾ ਗੁਰੂ ਜੀ ਕੋਲ ਨਾ ਪਹੁੰਚਣ ਕਰਕੇ ਗੁਰੂ ਘਰ ਦੇ ਲੰਗਰ ਦੀ ਹਾਲਤ ਬੜੀ ਪਤਲੀ ਹੋ ਗਈ। ਭਾਈ ਗੁਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਨੇ ਆਗਰੇ ਪ੍ਰਚਾਰ ਲਈ ਭੇਜਿਆ ਸੀ।
ਜਦੋਂ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਸੱਚਖੰਡ ਬਿਰਾਜਣ ਦੀ ਖਬਰ ਮਿਲੀ ਤਾਂ ਆਪ ਦੇ ਸ੍ਰੀ ਅੰਮ੍ਰਿਤਸਰ ਪਹੁੰਚਣ ਤੇ ਜਦ ਦੋ ਛੋਲਿਆਂ ਦੇ ਪ੍ਰਸ਼ਾਦੇ ਮਿਲੇ ਤਾਂ ਭਾਈ ਗੁਰਦਾਸ ਜੀ ਨੂੰ ਮਾਤਾ ਭਾਨੀ ਨੂੰ ਪੁੱਛਣ ਤੇ ਪਤਾ ਲੱਗਾ ਕਿ ਇਹ ਸਭ ਪ੍ਰਿਥੀ ਚੰਦ ਕਰਕੇ ਹੋ ਰਿਹਾ ਹੈ ਤਾਂ ਭਾਈ ਗੁਰਦਾਸ ਜੀ ਨੇ ਆਪ ਸਾਰੀ ਕਮਾਂਡ ਸੰਭਾਲੀ ਤਾਂ ਪ੍ਰਿਥੀ ਚੰਦ ਨੂੰ ਮੂੰਹ ਦੀ ਖਾਣੀ ਪਈ। ਗੁਰਦੁਆਰਾ ਸੰਤੋਖਸਰ ਅਤੇ ਅੰਮ੍ਰਿਤਸਰ ਦੇ ਸਰੋਵਰਾਂ ਦੀ ਖੁਦਾਈ ਸੰਗਤਾਂ ਦੇ ਉੱਦਮ ਸਦਕਾ ਤੇ ਹੋਰ ਬਾਉਲੀਆਂ, ਹਸਪਤਾਲ ਅਤੇ ਖੂਹ ਬਣਵਾਏ।
Guru Arjan Dev Ji
ਆਪ ਨੇ ਸੰਤੋਖਸਰ ਦੀ ਸੇਵਾ 1586 ਈ: ਵਿੱਚ, ਤਰਨ ਤਾਰਨ ਨਗਰ ਅਤੇ ਤਲਾਬ ਦੀ ਸੇਵਾ 1590 ਈ: ਵਿੱਚ, ਕਰਤਾਰਪੁਰ ਜਲੰਧਰ ਦੀ ਸੇਵਾ 1594 ਈ: ਵਿੱਚ, ਛੇਹਰਟਾ ਸਾਹਿਬ ਅੰਮ੍ਰਿਤਸਰ ਦੀ ਸੇਵਾ 1595 ਈ: ਵਿੱਚ, ਬਾਉਲੀ ਸਾਹਬ ਲਾਹੌਰ ਦੀ ਸੇਵਾ 1599 ਵਿੱਚ, ਗੁ: ਰਾਮਸਰ ਅੰਮ੍ਰਿਤਸਰ ਦੀ ਸੇਵਾ 1602 ਈ: ਵਿੱਚ ਕਰਵਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਦੇ ਅੰਦਰ ਦੀ ਵਪਾਰਕ ਕਲਾ ਨੂੰ ਵੀ ਉਤਸ਼ਾਹਿਤ ਕੀਤਾ ਤੇ ਵੱਖ-ਵੱਖ ਦੇਸ਼ਾਂ ਵਿੱਚ ਵਪਾਰ ਕਰਨ ਲਈ ਭੇਜਿਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੁਰ ਕੀ ਬਾਣੀ ਇਕੱਤਰ ਕਰਨ ਵਿੱਚ ਵੀ ਦੂਰ ਦ੍ਰਿਸ਼ਟੀ ਤੋਂ ਕੰਮ ਲਿਆ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਸਮੁੱਚੀ ਮਾਨਵਤਾ ਦਾ ਸਰਬ ਸਾਂਝਾ ਗ੍ਰੰਥ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਮਹਾਨ ਸੰਪਾਦਨਾ ਦਾ ਕਾਰਜ ਸ੍ਰੀ ਅੰਮ੍ਰਿਤਸਰ ਸਾਹਬ ਵਿਖੇ ਸ੍ਰੀ ਰਾਮਸਰ ਸਾਹਬ ਦੇ ਸਥਾਨ ਤੇ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਕੀ ਗੁਰੂ ਸਹਿਬਾਨਾਂ ਦੀ ਬਾਣੀ ਦੇ ਨਾਲ ਭਗਤਾਂ, ਭੱਟਾਂ, ਮਹਾਨ ਗੁਰਸਿੱਖਾਂ ਅਤੇ ਮਹਾਂਪੁਰਸ਼ਾ ਦੀ ਬਾਣੀ ਨੂੰ ਪੋਥੀ ਸਾਹਬ ਦੇ ਰੂਪ ਵਿੱਚ ਸੰਮਤ 1661 ਵਿੱਚ ਸੰਪੂਰਨ ਕੀਤਾ ਤੇ ਭਾਦਰੋਂ ਸੁਦੀ 1 ਸੰਮਤ 1661 ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਪੁੱਜ ਕੇ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਬਣੇ।
Gurgadi diwas of shri guru arjan dev ji
ਗੁਰੂ ਘਰ ਦੇ ਵਿਰੋਧੀਆਂ ਨੇ ਰਲ ਕੇ ਗੁਰੂ ਜੀ ਨੂੰ ਹਾਨੀ ਪਹੁੰਚਾਉਣ ਵਿਰੁੱਧ ਕਈ ਸਾਜ਼ਿਸ਼ਾਂ ਰਚੀਆਂ, ਪਰ ਸਭ ਫੇਲ ਹੋ ਗਈਆਂ। ਗੁਰੂ ਘਰ ਦੇ ਵਿਰੋਧੀਆਂ ਵਿੱਚ ਸਭ ਤੋਂ ਪਹਿਲਾਂ ਪ੍ਰਿਥੀ ਚੰਦ, ਸੁਲਹੀ ਖਾਂ, ਬੀਰਬਲ, ਚੰਦੂ ਤੇ ਜਹਾਂਗੀਰ ਬਾਦਸ਼ਾਹ ਦੇ ਨਾਂਅ ਸਭ ਤੋਂ ਉੱਪਰ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਾਨੀ ਪਹੁੰਚਾਉਣ ਤੋਂ ਪਹਿਲਾਂ ਹੀ ਸੁਲਹੀ ਖਾਂ ਤੇ ਬੀਰਬਲ ਵਰਗੇ ਅੱਲਾ ਨੂੰ ਪਿਆਰੇ ਹੋ ਗਏ ਤੇ ਗੁਰੂ ਘਰ ਦੀ ਸਦਾ ਚੜ੍ਹਦੀ ਕਲਾ ਰਹੀ। ਅਕਬਰ ਦੀ ਮੌਤ ਤੋਂ ਬਾਅਦ ਜਦ ਜਹਾਂਗੀਰ ਗੱਦੀ ਤੇ ਬੈਠਾ ਤਾਂ ਪ੍ਰਿਥੀ ਚੰਦ ਤੇ ਛੱਜੂ, ਚੰਦੂ ਬ੍ਰਹਮਣ ਰਾਹੀਂ ਜਹਾਂਗੀਰ ਦੇ ਕੰਨ ਭਰਦੇ ਰਹੇ।
ਕੰਨਾਂ ਦਾ ਕੱਚਾ ਜਹਾਂਗੀਰ ਸਿੱਖਾਂ ਦੀ ਚੜ੍ਹਤ ਵੇਖ ਕੇ ਬਰਦਾਸ਼ਤ ਨਾ ਕਰ ਸਕਿਆ। ਚੰਦੂ ਬ੍ਰਾਹਮਣ ਸ੍ਰੀ ਗੁਰੂ ਹਰਿਗੋਬਿੰਦ ਸਾਹਬ ਜੀ ਦੇ ਮੋੜੇ ਹੋਏ ਰਿਸ਼ਤੇ ਤੋਂ ਖਾਰ ਖਾਂਦਾ ਸੀ ਤੇ ਬਦਲਾ ਲੈਣਾ ਚਾਹੁੰਦਾ ਸੀ। ਜਹਾਂਗੀਰ ਨੂੰ ਵੀ ਬਹਾਨਾ ਮਿਲ ਗਿਆ ਕਿਉਂਕਿ ਸਰਕਾਰ ਦੇ ਬਾਗੀ ਖੁਸਰੋ ਦੀ ਮਦਦ ਕਰਨ ਦਾ ਇਲਜ਼ਾਮ ਲਾ ਕੇ ਗੁਰੂ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਦੋਸ਼ੀ ਮੰਨਿਆ ਤੇ ਲਾਹੌਰ ਬੁਲਾਇਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਬਹੁਤ ਤਸੀਹੇ ਦਿੱਤੇ ਗਏ। ਤੱਤੀ ਤਵੀ ਤੇ ਬਿਠਾਇਆ ਗਿਆ, ਸਿਰ ਵਿੱਚ ਤੱਤੀ ਰੇਤ ਪਾਈ ਗਈ, ਉੱਬਲਦੀਆਂ ਦੇਗਾਂ ਵਿੱਚ ਬਿਠਾਇਆ ਗਿਆ। ਅੰਤ 1606 ਨੂੰ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਆਪ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੀਨ ਹੋ ਗਏ।